ਜ਼ੋਨ ਕਪੂਰਥਲਾ ਦਾ ਜ਼ੋਨਲ ਨਿਰੰਕਾਰੀ ਬਾਲ ਸਮਾਗਮ ਸ਼ਰਧਾ ਪੂਰਵਕ ਕਰਵਾਇਆ
ਜ਼ੋਨ ਕਪੂਰਥਲਾ ਦਾ ਜ਼ੋਨਲ ਨਿਰੰਕਾਰੀ ਬਾਲ ਸਮਾਗਮ ਸ਼ਰਧਾ ਪੂਰਵਕ ਕਰਵਾਇਆ
Publish Date: Sun, 14 Jun 2026 07:58 PM (IST)
Updated Date: Sun, 14 Jun 2026 08:00 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਜ਼ੋਨ ਕਪੂਰਥਲਾ ਦਾ ਜ਼ੋਨਲ ਨਿਰੰਕਾਰੀ ਬਾਲ ਸਮਾਗਮ ਸੰਤ ਨਿਰੰਕਾਰੀ ਸਤਿਸੰਗ ਭਵਨ ਲੈਦਰ ਕੰਪਲੈਕਸ ਜਲੰਧਰ ਵਿਖੇ ਸ਼ਰਧਾ ਪੂਰਵਕ ਕਰਵਾਇਆ ਗਿਆ, ਜਿਸ ਵਿਚ ਕਪੂਰਥਲਾ ਜ਼ੋਨ ਦੀਆਂ ਸਾਰੀਆਂ ਬ੍ਰਾਂਚਾਂ ਦੇ ਸੈਂਕੜੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਬੱਚਿਆਂ ਦੁਆਰਾ ਕਵਾਲੀ, ਕਵਿਤਾਵਾਂ, ਸਕਿਟਾਂ, ਗੀਤਾਂ ਆਦਿ ਨਾਲ ਨਿਰੰਕਾਰੀ ਮਿਸ਼ਨ ਦੀਆਂ ਸਿੱਖਿਆਵਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਪ੍ਰਗਟ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਰਾਕੇਸ਼ ਸੇਠੀ ਜ਼ੋਨਲ ਇੰਚਾਰਜ ਜ਼ੋਨ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਸਤਿਗੁਰੂ ਮਾਤਾ ਜੀ ਦਾ ਪਵਿੱਤਰ ਸੰਦੇਸ਼ ਦਿੱਤਾ। ਉਨ੍ਹਾਂ ਨੇ ਆਪਣੇ ਪ੍ਰਵਚਨਾਂ ਵਿਚ ਫਰਮਾਇਆ ਕਿ ਬੱਚੇ ਸਮਾਜ ਦਾ ਵਡਮੁੱਲਾ ਅੰਗ ਹਨ, ਬੱਚਿਆਂ ਨੇ ਹੀ ਇਸ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੁੰਦੀ ਹੈ। ਉਨ੍ਹਾਂ ਨੇ ਅੱਗੇ ਫਰਮਾਇਆ ਕਿ ਪਰਿਵਾਰ ਵਿਚ ਮਾਂ-ਪਿਓ ਦਾ ਜੋ ਰੋਲ ਹੁੰਦਾ ਹੈ ਉਹ ਬੱਚਿਆਂ ਦੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਤੇ ਅਹਿਮ ਹੁੰਦਾ ਹੈ। ਮਾਤਾ ਪਿਤਾ ਦੁਆਰਾ ਦਿੱਤੇ ਗਏ ਸੰਸਕਾਰ ਹੀ ਅੱਗੇ ਜਾ ਕੇ ਬੱਚਿਆਂ ਦੀ ਜ਼ਿੰਦਗੀ ਵਿਚ ਮੀਲ ਪੱਥਰ ਸਾਬਿਤ ਹੁੰਦੇ ਹਨ। ਅੱਜ ਅਸੀਂ ਸਾਰੇ ਹੀ ਬੜੇ ਭਾਗਾਂ ਵਾਲੇ ਹਾਂ ਕਿ ਸਾਡੇ ਬੱਚੇ ਨਿਰੰਕਾਰੀ ਮਿਸ਼ਨ ਦੀਆਂ ਸਿਖਲਾਈਆਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ, ਨਸ਼ਿਆਂ ਤੇ ਬੁਰੀਆਂ ਆਦਤਾਂ ਤੋਂ ਬਚਕੇ ਇਕ ਸੁੰਦਰ ਜੀਵਨ ਬਤੀਤ ਕਰ ਰਹੇ ਹਨ ਤੇ ਆਪਣੇ ਕਰਮ ਦੁਆਰਾ ਸਮਾਜ ਵਿਚ ਵੀ ਕਲਿਆਣਕਾਰੀ ਸਾਬਿਤ ਹੋ ਰਹੇ ਹਨ। ਸਮਾਗਮ ਦੌਰਾਨ ਜਿਥੇ ਬੱਚਿਆਂ ਵਿਚ ਬਹੁਤ ਉਤਸ਼ਾਹ ਦੇਖਿਆ ਗਿਆ, ਉਥੇ ਨਾਲ ਬੱਚਿਆਂ ਦੇ ਮਾਪਿਆਂ ਵਿਚ ਵੀ ਸਤਿਗੁਰੂ ਪ੍ਰਤੀ ਸ਼ੁਕਰਾਨੇ ਦੇ ਭਾਵ ਦੇਖਣ ਨੂੰ ਮਿਲੇ। ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਜਲੰਧਰ ਵੱਲੋਂ ਸ਼ਾਨਦਾਰ ਪ੍ਰਬੰਧ ਕੀਤੇ ਗਏ ਤੇ ਇਸ ਮੌਕੇ ਇਕ ਸੁੰਦਰ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿਚ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਬੰਧੀ ਸੇਧ ਦੇਣ ਵਾਲੇ ਮਾਡਲ, ਗੇਮਾਂ, ਚਾਰਟ ਆਦਿ ਪੇਸ਼ ਕੀਤੇ ਗਏ। ਸਮੁੱਚੇ ਸਮਾਗਮ ਦਾ ਸਾਰੇ ਬੱਚਿਆਂ ਤੇ ਸਮੂਹ ਸਾਧ ਸੰਗਤ ਨੇ ਖੂਬ ਆਨੰਦ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ਵਿਚ ਜ਼ੋਨਲ ਇੰਚਾਰਜ ਕਪੂਰਥਲਾ ਗੁਲਸ਼ਨ ਲਾਲ ਆਹੂਜਾ ਤੇ ਬ੍ਰਾਂਚ ਜਲੰਧਰ ਦੇ ਸੰਯੋਜਕ ਗੁਰਚਰਨ ਸਿੰਘ ਨੇ ਸਾਰੇ ਹੀ ਮਹਿਮਾਨਾਂ, ਪ੍ਰਬੰਧਕਾਂ, ਬੱਚਿਆਂ ਤੇ ਸਮੂਹ ਸਾਧ ਸੰਗਤ ਆਦਿ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।