ਵਿਸ਼ਵ ਖੂਨਦਾਤਾ ਦਿਵਸ ’ਤੇ ਖੂਨਦਾਨ ਕੈਂਪ ਲਗਾਇਆ
ਖੂਨ ਗਰੁਪਾਂ ਦੀ ਪਹਿਚਾਣ ਦੋ ਖੋਜੀ ਦਾ ਜਨਮਦਿਨ ਹੈ ਵਿਸ਼ਵ ਖੂਨਦਾਤਾ ਦਿਵਸ
Publish Date: Sun, 14 Jun 2026 07:48 PM (IST)
Updated Date: Sun, 14 Jun 2026 07:51 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਖੂਨਦਾਨ ਖੇਤਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ) ਫਗਵਾੜਾ ਵੱਲੋਂ ਏਵਨ ਸਾਈਕਲ ਲੁਧਿਆਣਾ, ਮੇਰਾ ਯੁਵਾ ਭਾਰਤ ਤੇ ਯੁਵਕ ਸੇਵਾਵਾਂ ਪੰਜਾਬ ਕਪੂਰਥਲਾ ਦੇ ਸਹਿਯੋਗ ਨਾਲ ਵਿਸ਼ਵ ਖੂਨਦਾਤਾ ਦਿਵਸ ਨੂੰ ਸਮਰਪਿਤ ਇਕ ਸਵੈਇੱਛੁਕ ਖੂਨਦਾਨ ਕੈਂਪ ਦਾ ਆਯੋਜਨ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ। ਕਲੱਬ ਦੇ ਸਾਬਕਾ ਪ੍ਰਧਾਨ ਵਿਕਰਮ ਗੁਪਤਾ ਤੇ ਜਨਰਲ ਸਕੱਤਰ ਵਿਤਿਨ ਪੁਰੀ ਦੀ ਅਗਵਾਈ ਵਿਚ ਆਯੋਜਿਤ ਇਸ ਕੈਂਪ ਵਿਚ ਯੂਥ ਆਗੂ ਸਾਹਬੀ ਗਿਰਨ, ਸਾਹਹੀ ਅਠੌਲੀ, ਪਿੰਡ ਭੁੱਲਾਰਾਈ ਦੇ ਸਰਪੰਚ ਰਜਤ ਭਨੋਟ ਤੇ ਸਮਾਜ ਸੇਵੀ ਰਾਜਨ ਸ਼ਰਮਾ ਦੀ ਮਿਹਨਤ ਸਦਕਾ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ਸਮਾਜ ਸੇਵੀਆਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਸਕੂਲ ਮੈਨੇਜਰ ਸੁਰਿੰਦਰ ਚੋਪੜਾ, ਰਮੇਸ਼ ਸਚਦੇਵਾ ਨੇ ਸਮੂਹ ਖੂਨਦਾਨੀਆਂ ਨੂੰ ਵਧਾਈ ਦਿੱਤੀ। ਖੂਨਦਾਨ ਕੈਂਪ ਵਿਚ ਵਿਸ਼ੇਸ਼ ਰੂਪ ਵਿਚ ਪਹੁੰਚੇ ਹਲਕਾ ਇੰਚਾਰਜ ਡਾਕਟਰ ਰਾਜ ਕੁਮਾਰ ਚੱਬੇਵਾਲ ਤੇ ਮੇਅਰ ਰਾਮਪਾਲ ਉੱਪਲ ਨੇ ਖੂਨਦਾਨ ਸੇਵਾ ਨੂੰ ਮਨੁੱਖਤਾ ਦੀ ਮਹਾਨ ਸੇਵਾ ਦੱਸਦਿਆਂ ਨੌਜਵਾਨਾਂ ਨੂੰ ਨਿਯਮਿਤ ਰੂਪ ਵਿਚ ਖੂਨਦਾਨ ਕਰਨ ਦੀ ਅਪੀਲ ਕੀਤੀ। ਕਲੱਬ ਦੇ ਜਨਰਲ ਸਕੱਤਰ ਵਿਤਿਨ ਪੁਰੀ ਤੇ ਮੀਤ ਪ੍ਰਧਾਨ ਹਰਜਿੰਦਰ ਗੋਗਨਾ ਨੇ ਕਿਹਾ ਕਿ ਖੂਨਦਾਨ ਇਕ ਮਹਾਨ ਸੇਵਾ ਹੈ, ਜਿਸ ਨਾਲ ਅਨੇਕਾਂ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ ਯੂਨਿਟ ਖੂਨ ਤਿੰਨ ਤੱਕ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿਚ ਸਹਾਇਕ ਹੋ ਸਕਦਾ ਹੈ। ਸੀਨੀਅਰ ਮੈਂਬਰ ਜਰਨੈਲ ਸਿੰਘ ਬਸਰਾ ਨੇ ਦੱਸਿਆ ਕਿ ਇਹ ਦਿਨ ਖੂਨ ਗਰੁੱਪਾਂ ਦੀ ਖੋਜ ਕਰਨ ਵਾਲੇ ਵਿਗਿਆਨੀ ਕਾਰਲ ਲੈਂਡਸਟਾਇਨਰ ਦੇ ਜਨਮਦਿਨ ਨੂੰ ਸਮਰਪਿਤ ਹੈ ਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਸਾਲ ਦੇ ਥੀਮ ਸਬੰਧੀ ਜਾਣਕਾਰੀ ਦਿੱਤੀ। ਸਾਹਬੀ ਗਿਰਨ, ਸਰਪੰਚ ਰਜਤ ਭਨੋਟ ਤੇ ਰਾਜਨ ਸ਼ਰਮਾ ਨੇ ਨੌਜਵਾਨਾਂ ਨੂੰ ਨਿਯਮਿਤ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਿਹਤਮੰਦ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖੂਨਦਾਨ ਕਰਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪ੍ਰੋਜੈਕਟ ਡਾਇਰੈਕਟਰਾਂ ਪ੍ਰੇਮ ਗੁਪਤਾ ਤੇ ਕੁਸ਼ ਵਢੇਰਾ ਨੇ ਦੱਸਿਆ ਕਿ ਵਿਸ਼ਵ ਖੂਨਦਾਤਾ ਦਿਵਸ ਹਰ ਸਾਲ 14 ਜੂਨ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਸਵੈਇੱਛੁਕ ਖੂਨਦਾਤਾਵਾਂ ਦਾ ਸਨਮਾਨ ਕੀਤਾ ਜਾ ਸਕੇ ਤੇ ਲੋਕਾਂ ਨੂੰ ਸੁਰੱਖਿਅਤ ਖੂਨਦਾਨ ਲਈ ਜਾਗਰੂਕ ਕੀਤਾ ਜਾ ਸਕੇ। ਕੈਂਪ ਦੌਰਾਨ 107 ਖੂਨਦਾਤਾਵਾਂ ਨੂੰ ਸਨਮਾਨਤ ਵੀ ਕੀਤਾ ਗਿਆ। ਅੰਤ ਵਿਚ ਕਲੱਬ ਦੇ ਸਾਬਕਾ ਪ੍ਰਧਾਨ ਵਿਕਰਮ ਗੁਪਤਾ ਨੇ ਸਕੂਲ ਪ੍ਰਬੰਧਕ ਕਮੇਟੀ, ਸਹਿਯੋਗੀ ਸੰਸਥਾਵਾਂ, ਸਮਾਜ ਸੇਵੀਆਂ ਤੇ ਖੂਨਦਾਤਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਭਵਿੱਖ ਵਿਚ ਵੀ ਜਾਰੀ ਰਹਿਣਗੇ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਉਪਲਬਧ ਕਰਵਾਇਆ ਜਾ ਸਕੇ। ਇਸ ਮੌਕੇ ਅਜੇ ਅਗਰਵਾਲ, ਰਣਵੀਰ ਪਰਮਾਰ, ਨਰੇਸ਼ ਕੋਹਲੀ, ਨੀਰਜ ਬਖਸ਼ੀ, ਪ੍ਰਭਜੋਤ ਸਿੰਘ, ਰਾਕੇਸ਼ ਵਢੇਰਾ, ਅਸ਼ਵਨੀ ਸ਼ਰਮਾ, ਡਾ. ਅੰਜੂ ਸ਼ਰਮਾ, ਨੰਦ ਕਿਸ਼ੋਰ ਸ਼ਰਮਾ, ਡਾ. ਯਸ਼ ਚੋਪੜਾ, ਲਕਸ਼ੇ ਭੱਲਾ, ਲਵ ਵਢੇਰਾ, ਹਰਮਿੰਦਰ ਸਿੰਘ ਕੁੰਦੀ ਹਾਜ਼ਰ ਸਨ।