ਵਿਸ਼ਵ ਖੂਨਦਾਤਾ ਦਿਵਸ : ਜੀਵਨ ਬਚਾਉਣ ਵਾਲੇ ਸਮਾਜ ਦੇ ਅਸਲੀ ਹੀਰੋ ਨੂੰ ਸਮਰਪਿਤ ਦਿਨ
ਵਿਸ਼ਵ ਖੂਨਦਾਤਾ ਦਿਵਸ – ਜੀਵਨ ਬਚਾਉਣ ਵਾਲੇ ਸਮਾਜ ਦੇ ਅਸਲੀ ਹੀਰੋ ਨੂੰ ਸਮਰਪਿਤ ਦਿਨ
Publish Date: Sat, 13 Jun 2026 09:58 PM (IST)
Updated Date: Sat, 13 Jun 2026 10:00 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਦਾਨ ਮਨੁੱਖੀ ਪ੍ਰਵਿਰਤੀ ਦਾ ਅਨਮੋਲ, ਸਕਾਰਾਤਮਕ ਤੇ ਸੋਹਣਾ ਪਹਿਲੂ ਹੈ, ਜਿਹੜਾ ਸਮਾਜਿਕ ਤੰਦਾਂ ਦੀ ਮਜ਼ਬੂਤੀ ਲਈ ਕੰਮ ਕਰਦਾ ਹੈ। ਦਾਨ ਦੀਆਂ ਅਨੇਕ ਕਿਸਮਾਂ ਵਿਚੋਂ ਕਿਸੇ ਮਰੀਜ਼ ਨੂੰ ਜ਼ਿੰਦਗੀ ਪ੍ਰਦਾਨ ਕਰਨ ਵਾਲੇ ਖੂਨਦਾਨ ਨੂੰ ਮਹਾਦਾਨ ਤੇ ਖੂਨਦਾਤਾ ਨੂੰ ਸਮਾਜ ਦੇ ਅਸਲੀ ਹੀਰੋ ਦਾ ਦਰਜਾ ਦਿੱਤਾ ਗਿਆ ਹੈ। ਅੱਜ ਦੇ ਇਸ ਲੇਖ ਵਿਚ 14 ਜੂਨ ਨੂੰ ਮਨਾਏ ਜਾਂਦੇ ਵਿਸ਼ਵ ਖੂਨਦਾਤਾ ਦਿਵਸ ਮੌਕੇ ਸਮੂਹ ਖੂਨਦਾਨੀਆਂ ਨੂੰ ਵਧਾਈ ਦਿੰਦੇ ਹੋਏ ਅਸੀਂ ਖੂਨਦਾਨ ਤੇ ਖੂਨਦਾਤਾ ਦੀ ਮਹੱਤਤਾ ਨੂੰ ਸਮਝਣ ਤੇ ਉਸ ਨੂੰ ਬਣਦਾ ਸਨਮਾਨ ਦੇਣ ਦਾ ਇਕ ਨਿਮਾਣਾ ਜਿਹਾ ਉਪਰਾਲਾ ਕਰਾਂਗੇ। ਹਰ ਸਾਲ 14 ਜੂਨ ਨੂੰ ਵਿਸ਼ਵ ਭਰ ਵਿਚ “ਵਿਸ਼ਵ ਖੂਨਦਾਤਾ ਦਿਵਸ”ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਵਿਗਿਆਨੀ ਕਾਰਲ ਲੈਂਡਸਟਾਇਨਰ ਦੇ ਜਨਮ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਮਨੁੱਖੀ ਖੂਨ ਦੇ ਗਰੁੱਪਾਂ ਦੀ ਖੋਜ ਕੀਤੀ ਸੀ। ਉਨ੍ਹਾਂ ਦੀ ਇਸ ਮਹਾਨ ਖੋਜ ਨੇ ਖੂਨ ਚੜ੍ਹਾਉਣ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਤੇ ਸਫਲ ਬਣਾਇਆ। ਵਿਸ਼ਵ ਸਿਹਤ ਸੰਗਠਨ, ਅੰਤਰ ਰਾਸ਼ਟਰੀ ਫੈੱਡਰੇਸ਼ਨ ਆਫ ਰੈੱਡ ਕਰਾਸ, ਅੰਤਰ ਰਾਸ਼ਟਰੀ ਸੋਸਾਇਟੀ ਆਫ ਬਲੱਡ ਟ੍ਰਾਂਸਫਿਊਜ਼ਨ ਤੇ ਅੰਤਰ ਰਾਸ਼ਟਰੀ ਫੈੱਡਰੇਸ਼ਨ ਆਫ ਬਲੱਡ ਡੋਨਰ ਆਰਗੇਨਾਈਜ਼ੇਸ਼ਨ ਦੇ ਸਾਂਝੇ ਯਤਨਾਂ ਨਾਲ 2004 ਵਿਚ 14 ਜੂਨ ਨੂੰ ਵਿਸ਼ਵ ਖੂਨਦਾਤਾ ਦਿਵਸ ਦੇ ਰੂਪ ਵਿਚ ਮਨਾਉਣ ਦਾ ਫੈਸਲਾ ਲਿਆ ਗਿਆ ਸੀ ਤੇ ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਸਵੈ-ਇੱਛਾ ਨਾਲ ਤੇ ਨਿਯਮਿਤ ਤੌਰ ’ਤੇ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ, ਸੁਰੱਖਿਅਤ ਖੂਨ ਦੀ ਉਪਲਬਧਤਾ ਯਕੀਨੀ ਬਣਾਉਣਾ ਤੇ ਖੂਨਦਾਤਾਵਾਂ ਦਾ ਸਨਮਾਨ ਕਰਨਾ ਹੈ। ਖੂਨ ਇਕ ਅਜਿਹੀ ਅਨਮੋਲ ਦਾਤ ਹੈ ਜਿਸ ਨੂੰ ਨਾ ਤਾਂ ਕਿਸੇ ਫੈਕਟਰੀ ਵਿਚ ਬਣਾਇਆ ਜਾ ਸਕਦਾ ਹੈ ਤੇ ਨਾ ਹੀ ਕਿਸੇ ਦਵਾਈ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਹ ਸਿਰਫ਼ ਇਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਹੀ ਮਿਲ ਸਕਦਾ ਹੈ। ਇਸ ਲਈ ਖੂਨਦਾਨ ਨੂੰ “ਮਹਾਦਾਨ” ਕਿਹਾ ਜਾਂਦਾ ਹੈ। ਅੱਜ ਦੇ ਸਮੇਂ ਵਿਚ ਹਾਦਸਆਿਂ, ਵੱਡੀਆਂ ਸਰਜਰੀਆਂ, ਕੈਂਸਰ ਦੇ ਮਰੀਜ਼ਾਂ, ਥੈਲੇਸੀਮੀਆ ਪੀੜਤ ਬੱਚਿਆਂ , ਜੱਚਾ-ਬੱਚਾ ਸੇਵਾਵਾਂ ਤੇ ਕਈ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਖੂਨ ਦੀ ਲੋੜ ਪੈਂਦੀ ਹੈ। ਇਕ ਯੂਨਿਟ ਖੂਨ ਤਿੰਨ ਵੱਖ-ਵੱਖ ਮਰੀਜ਼ਾਂ ਦੀ ਜਾਨ ਬਚਾ ਸਕਦਾ ਹੈ ਕਿਉਂਕਿ ਇਸ ਤੋਂ ਲਾਲ ਖੂਨ ਕੋਸ਼ਕਾਵਾਂ, ਪਲੇਟਲੈਟਸ ਤੇ ਪਲਾਜ਼ਮਾ ਵੱਖ-ਵੱਖ ਕਰਕੇ ਵਰਤੇ ਜਾਂਦੇ ਹਨ। ਵਿਚਾਰਨ ਵਾਲੀ ਗੱਲ ਹੈ ਕਿ ਜੇ ਕਿਸੇ ਹਾਦਸੇ ਵਿਚ ਜ਼ਖਮੀ ਵਿਅਕਤੀ ਨੂੰ ਸਮੇਂ ਸਿਰ ਖੂਨ ਨਾ ਮਿਲੇ ਤਾਂ ਉਸਦੀ ਜਾਨ ਖਤਰੇ ਵਿਚ ਪੈ ਸਕਦੀ ਹੈ ਪਰ ਇਕ ਸਵੈ-ਇੱਛੁਕ ਖੂਨਦਾਤਾ ਉਸ ਲਈ ਜੀਵਨਦਾਤਾ ਬਣ ਸਕਦਾ ਹੈ। ਖੂਨਦਾਨ ਕੇਵਲ ਇਕ ਮੈਡੀਕਲ ਲੋੜ ਨਹੀਂ, ਸਗੋਂ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਇਸ ਨਾਲ ਅਸੀਂ ਕਿਸੇ ਅਣਜਾਣ ਵਿਅਕਤੀ ਨੂੰ ਵੀ ਜੀਵਨ ਦਾ ਤੋਹਫ਼ਾ ਦੇ ਸਕਦੇ ਹਾਂ। ਪਰ ਇਸ ਮਹਾਨ ਸੇਵਾ ਖੂਨਦਾਨ ਨਾਲ ਕੁਝ ਗਲਤ ਧਾਰਨਾਵਾਂ ਜੁੜੀਆਂ ਹੋਈਆਂ ਹਨ ਜਿਵੇਂ ਕਿ ਖੂਨਦਾਨ ਨਾਲ ਕਮਜ਼ੋਰੀ ਆਉਂਦੀ ਹੈ, ਖੂਨ ਘੱਟ ਹੋ ਜਾਂਦਾ ਹੈ, ਸਰੀਰ ’ਤੇ ਬੁਰਾ ਅਸਰ ਪੈਂਦਾ ਹੈ, ਵਾਰ-ਵਾਰ ਖੂਨਦਾਨ ਕਰਨ ਨਾਲ ਸਿਹਤ ਖਰਾਬ ਹੋ ਜਾਂਦੀ ਹੈ। ਇਹ ਸਾਰੀਆਂ ਗਲਤ ਧਾਰਨਾਵਾਂ ਹਨ। ਵਿਗਿਆਨਕ ਤੌਰ ’ਤੇ ਸਾਬਤ ਹੋ ਚੁੱਕਾ ਹੈ ਕਿ ਇਕ ਤੰਦਰੁਸਤ ਵਿਅਕਤੀ ਲਈ ਖੂਨਦਾਨ ਬਿਲਕੁਲ ਸੁਰੱਖਿਅਤ ਹੈ। ਸਰੀਰ ਕੁਝ ਹੀ ਹਫ਼ਤਿਆਂ ਵਿਚ ਖੂਨ ਦੀ ਪੂਰਤੀ ਕਰ ਲੈਂਦਾ ਹੈ। ਸੱਚ ਤਾਂ ਇਹ ਹੈ ਕਿ ਖੂਨਦਾਨ ਸਿਰਫ਼ ਲੈਣ ਵਾਲੇ ਲਈ ਹੀ ਨਹੀਂ, ਸਗੋਂ ਦੇਣ ਵਾਲੇ ਲਈ ਵੀ ਲਾਭਦਾਇਕ ਹੈ। ਖੂਨਦਾਨ ਤੋਂ ਪਹਿਲਾਂ ਬਲੱਡ ਪ੍ਰੈਸ਼ਰ, ਹੀਮੋਗਲੋਬਨਿ, ਵਜ਼ਨ ਤੇ ਹੋਰ ਮੁੱਢਲੀਆਂ ਜਾਂਚਾਂ ਕੀਤੀਆਂ ਜਾਂਦੀਆਂ ਹਨ। ਖੂਨਦਾਤਾ ਦੀ ਸਿਹਤ ਦੀ ਜਾਂਚ ਹੋ ਜਾਂਦੀ ਹੈ। ਖੂਨਦਾਨ ਤੋਂ ਬਾਅਦ ਸਰੀਰ ਨਵੀਆਂ ਖੂਨ ਕੋਸ਼ਕਾਵਾਂ ਬਣਾਉਂਦਾ ਹੈ ਜਿਸ ਨਾਲ ਸਰੀਰ ਤਾਜ਼ਗੀ ਮਹਿਸੂਸ ਕਰਦਾ ਹੈ ਤੇ ਕਿਸੇ ਦੀ ਜਾਨ ਬਚਾਉਣ ਦਾ ਸੰਤੋਖ ਬੇਮਿਸਾਲ ਹੁੰਦਾ ਹੈ। ਸਭ ਤੋਂ ਅਹਿਮ ਗੱਲ ਕਿ ਖੂਨਦਾਨ ਸਾਰੇ ਧਰਮਾਂ ਤੇ ਮਨੁੱਖੀ ਕਦਰਾਂ ਦੀ ਸਾਂਝੀ ਸਿੱਖਿਆ ਹੈ। ਆਮ ਤੌਰ ’ਤੇ ਖੂਨਦਾਨ ਕਰਨ ਵਾਲੇ ਵਿਅਕਤੀ ਲਈ ਜ਼ਰੂਰੀ ਸ਼ਰਤਾਂ ਅਨੁਸਾਰ ਉਮਰ 18 ਤੋਂ 65 ਸਾਲ, ਵਜ਼ਨ ਘੱਟੋ-ਘੱਟ 45 ਤੋਂ 50 ਕਿਲੋਗ੍ਰਾਮ, ਐੱਚਬੀ ਨਿਰਧਾਰਤ ਮਿਆਦ ਅਨੁਸਾਰ, ਕੋਈ ਗੰਭੀਰ ਛੂਤ ਦੀ ਬਿਮਾਰੀ ਨਾ ਹੋਵੇ ਭਾਵ ਵਿਅਕਤੀ ਤੰਦਰੁਸਤ ਹੋਵੇ। ਖੂਨਦਾਨ ਕਰਨ ਸਮੇਂ ਖੂਨਦਾਤਾ ਦੇ ਵੀ ਕੁਝ ਫਰਜ਼ ਹਨ ਜਿਵੇਂ ਕਿ ਖੂਨਦਾਨ ਤੋਂ ਪਹਿਲਾਂ ਪੂਰੀ ਨੀਂਦ, ਹਲਕਾ ਤੇ ਪੌਸ਼ਟਿਕ ਭੋਜਨ, ਪਾਣੀ ਤੇ ਤਰਲ ਪਦਾਰਥ ਦਾ ਸੇਵਨ, ਆਪਣੀ ਮੈਡੀਕਲ ਜਾਣਕਾਰੀ ਸਹੀ ਦੇਣ ਤੇ ਡਾਕਟਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ। ਖੂਨਦਾਤਾ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜ਼ਿਆਦਾ ਥਕਾਵਟ, ਖਾਲੀ ਪੇਟ ਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਬਾਅਦ ਖੂਨਦਾਨ ਨਾ ਕੀਤਾ ਜਾਵੇ ਤੇ ਆਪਣੀ ਬਿਮਾਰੀ ਜਾਂ ਦਵਾਈਆਂ ਬਾਰ ਜਾਣਕਾਰੀ ਨਾ ਲੁਕਾਈ ਜਾਵੇ। ਖੂਨਦਾਨ ਤੋਂ ਫੌਰਨ ਬਾਅਦ 10 ਤੋਂ 15 ਮਿੰਟ ਆਰਾਮ ਕਰੋ, ਪਾਣੀ ਫਲ, ਜੂਸ ਤੇ ਪੌਸ਼ਟਿਕ ਭੋਜਨ ਲਵੋ, ਉਸ ਦਿਨ ਭਾਰੀ ਕਸਰਤ ਨਾ ਕਰੋ ਤੇ ਜੇ ਚੱਕਰ ਆਉਣ ਤਾਂ ਤੁਰੰਤ ਬੈਠ ਜਾਂ ਲੇਟ ਜਾਓ। ਇਕ ਆਦਰਸ਼ ਖੂਨਦਾਤਾ ਕੇਵਲ ਖੂਨ ਦੇਣ ਵਾਲਾ ਵਿਅਕਤੀ ਨਹੀਂ ਹੁੰਦਾ, ਸਗੋਂ ਉਹ ਮਨੁੱਖਤਾ ਦਾ ਸੱਚਾ ਸੇਵਕ ਹੁੰਦਾ ਹੈ। ਉਹ ਕਦੀ ਨਹੀਂ ਪੁੱਛਦਾ ਕਿ ਖੂਨ ਕਿਸ ਲਈ ਹੈ, ਉਹ ਸਿਰਫ਼ ਇਹ ਸੋਚਦਾ ਹੈ ਕਿ ਕਿਸੇ ਦੀ ਜਾਨ ਬਚਣੀ ਚਾਹੀਦੀ ਹੈ। ਭਾਰਤ ਦੀ ਸਭ ਤੋਂ ਵੱਡੀ ਤਾਕਤ ਇਸਦੇ ਨੌਜਵਾਨ ਹਨ। ਜੇ ਨੌਜਵਾਨ ਨਿਯਮਿਤ ਖੂਨਦਾਨ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਬਣਾ ਲੈਣ ਤਾਂ ਦੇਸ਼ ਵਿਚ ਖੂਨ ਦੀ ਕਮੀ ਕਦੇ ਨਹੀਂ ਰਹੇਗੀ। ਖੂਨਦਾਨ ਇਕ ਅਜਿਹਾ ਦਾਨ ਹੈ ਜੋ ਦਾਨੀ ਤੋਂ ਕੁਝ ਘਟਾਉਂਦਾ ਨਹੀਂ, ਸਗੋਂ ਉਸਦੀ ਸ਼ਖਸੀਅਤ ਨੂੰ ਹੋਰ ਉੱਚਾ ਕਰਦਾ ਹੈ। ਇਹ ਇਕ ਅਜਿਹੀ ਸੇਵਾ ਹੈ ਜਿਸ ਦਾ ਫਲ ਸਿੱਧਾ ਕਿਸੇ ਮਨੁੱਖ ਦੀ ਜ਼ਿੰਦਗੀ ਦੇ ਰੂਪ ਵਿਚ ਮਿਲਦਾ ਹੈ। ਵਿਸ਼ਵ ਖੂਨਦਾਤਾ ਦਿਵਸ ਦੇ ਮੌਕੇ ’ਤੇ ਸਾਡਾ ਸੰਕਲਪ ਹੋਣਾ ਚਾਹੀਦਾ ਹੈ ਕਿ ਅਸੀਂ ਖੁਦ ਨਿਯਮਿਤ ਖੂਨਦਾਨ ਕਰੀਏ, ਆਪਣੇ ਪਰਿਵਾਰ ਤੇ ਦੋਸਤਾਂ ਨੂੰ ਵੀ ਪ੍ਰੇਰਿਤ ਕਰੀਏ ਤੇ ਸਮਾਜ ਵਿਚ ਖੂਨਦਾਨ ਦੀ ਲਹਿਰ ਨੂੰ ਹੋਰ ਮਜ਼ਬੂਤ ਬਣਾਈਏ। ਅੰਤ ਵਿਚ ਸਾਰੇ ਖੂਨਦਾਤਾਵਾਂ ਨੂੰ ਨਮਨ ਕਰਦਾ ਹਾਂ, ਜੋ ਆਪਣੇ ਖੂਨ ਦੀ ਇਕ ਬੂੰਦ ਨਾਲ ਕਿਸੇ ਦੇ ਜੀਵਨ ਵਿਚ ਨਵੀਂ ਉਮੀਦ ਜਗਾਉਂਦੇ ਹਨ। ਧੰਨਵਾਦ।