ਪੰਜਾਬੀਆਂ ਖ਼ਿਲਾਫ਼ ਬੋਲੇ ਸ਼ਬਦ ਬਰਦਾਸ਼ਤ ਨਹੀਂ ਹੋਣਗੇ : ਕਾਂਗਰਸ
ਪੰਜਾਬੀਆਂ ਦੀ ਅਣਖ ਤੇ ਸਨਮਾਨ ਖ਼ਿਲਾਫ਼ ਬੋਲੇ ਸ਼ਬਦ ਕਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ
Publish Date: Sat, 20 Jun 2026 09:37 PM (IST)
Updated Date: Sat, 20 Jun 2026 09:39 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਚੰਡੀਗੜ੍ਹ ਭਾਜਪਾ ਪ੍ਰਧਾਨ ਜੇਪੀ ਮਲਹੋਤਰਾ ਵੱਲੋਂ ਪੰਜਾਬੀਆਂ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸੁਲਤਾਨਪੁਰ ਲੋਧੀ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਜੇਪੀ ਮਲਹੋਤਰਾ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੁਲਤਾਨਪੁਰ ਲੋਧੀ ਹਲਕੇ ਦੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬੀਆਂ ਦੀ ਸ਼ਾਨ, ਸਵੈਮਾਨ ਤੇ ਕੁਰਬਾਨੀਆਂ ਤੇ ਸਵਾਲ ਖੜ੍ਹੇ ਕਰਨ ਵਾਲੀ ਕੋਈ ਵੀ ਟਿੱਪਣੀ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਅੰਨ ਦਿੱਤਾ ਹੈ, ਸਰਹੱਦਾਂ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਤੇ ਹਰ ਮੁਸ਼ਕਲ ਘੜੀ ਵਿਚ ਦੇਸ਼ ਦੀ ਅਗਵਾਈ ਕੀਤੀ ਹੈ। ਅਜਿਹੇ ਸੂਬੇ ਤੇ ਇਸ ਦੇ ਵਾਸੀਆਂ ਬਾਰੇ ਅਪਮਾਨਜਨਕ ਬਿਆਨ ਦੇਣਾ ਨਾ ਸਿਰਫ਼ ਪੰਜਾਬੀਆਂ ਦਾ ਅਪਮਾਨ ਹੈ, ਸਗੋਂ ਦੇਸ਼ ਦੀ ਉਸ ਵਿਰਾਸਤ ਦਾ ਵੀ ਨਿਰਾਦਰ ਹੈ ਜਿਸ ਤੇ ਹਰ ਭਾਰਤੀ ਨੂੰ ਮਾਣ ਹੈ। ਕਾਂਗਰਸੀ ਵਰਕਰਾਂ ਨੇ ਕਿਹਾ ਕਿ ਭਾਜਪਾ ਦੇ ਕੁਝ ਆਗੂ ਜਾਣਬੁੱਝ ਕੇ ਅਜਿਹੇ ਬਿਆਨ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਤੇ ਸਮਾਜ ਵਿਚ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਕਿਸੇ ਤੋਂ ਦੇਸ਼ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਕਿਉਂਕਿ ਪੰਜਾਬ ਦਾ ਇਤਿਹਾਸ ਕੁਰਬਾਨੀਆਂ, ਸੰਘਰਸ਼ਾਂ ਤੇ ਦੇਸ਼ ਪ੍ਰਤੀ ਸਮਰਪਣ ਨਾਲ ਭਰਿਆ ਪਿਆ ਹੈ। ਸੁਲਤਾਨਪੁਰ ਲੋਧੀ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਮੰਗ ਕੀਤੀ ਕਿ ਜੇਪੀ ਮਲਹੋਤਰਾ ਆਪਣੇ ਬਿਆਨ ਲਈ ਪੰਜਾਬੀਆਂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਆਗੂ ਪੰਜਾਬੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਟਿੱਪਣੀਆਂ ਤੋਂ ਬਾਜ਼ ਨਾ ਆਏ ਤਾਂ ਕਾਂਗਰਸ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਕੁਲਬੀਰ ਸਿੰਘ ਖੈੜਾ (ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਕਾਂਗਰਸ), ਰਮੇਸ਼ ਸਿੰਘ ਡਡਵਿੰਡੀ (ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ), ਨਰਿੰਦਰ ਪਨੂੰ (ਬਲਾਕ ਪ੍ਰਧਾਨ), ਸਾਬਕਾ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਪਰਮਿੰਦਰ ਸਿੰਘ ਪਿੰਦਾ, ਹਰਜਿੰਦਰ ਸਿੰਘ ਜਿੰਦਾ, ਨਰਿੰਦਰ ਸਿੰਘ ਗਿੱਲ, ਮਹਿੰਦਰਪਾਲ ਸਿੰਘ ਮੁਹੱਬਲੀਪੁਰ, ਹਰਨੇਕ ਸਿੰਘ ਵਿਰਦੀ, ਸ਼ਿੰਦਰ ਸਿੰਘ ਬੂਸੋਵਾਲ, ਬਖਸ਼ੀਸ਼ ਸਿੰਘ, ਬਲਵੰਤ ਸਿੰਘ ਬੂਲੇ, ਕੁਲਵਿੰਦਰ ਸਿੰਘ ਕਿੰਦਾ, ਟੋਨੀ ਨੰਬਰਦਾਰ, ਸੰਦੀਪ ਖੈੜਾ, ਸਾਬੀ ਭੌਰ, ਹਰਮਨ ਹਨੀ ਤੇ ਬਲਜਿੰਦਰ ਸਿੰਘ ਪੀਏ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।