ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੇ ਮੁੱਦੇ ’ਤੇ ਸਾਰੇ ਚੁੱਪ ਕਿਉਂ : ਰਮਨ ਸ਼ਰਮਾ
ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦੇ ਮੁੱਦੇ ’ਤੇ ਸਾਰੇ ਰਾਜਨੀਤਿਕ ਦਲਾਂ ਦੀ ਚੁੱਪੀ ਕਿਉਂ?ਰਮਨ ਸ਼ਰਮਾ
Publish Date: Tue, 16 Jun 2026 07:06 PM (IST)
Updated Date: Tue, 16 Jun 2026 07:06 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਪੰਜਾਬ ਦਾ ਇਕ ਮਹੱਤਵਪੂਰਨ ਉਦਯੋਗਿਕ, ਵਪਾਰਕ ਤੇ ਸਿੱਖਿਆ ਕੇਂਦਰ ਹੈ। ਦੇਸ਼-ਵਿਦੇਸ਼ ਵਿਚ ਵਸਦੇ ਹਜ਼ਾਰਾਂ ਪੰਜਾਬੀਆਂ ਦਾ ਇਸ ਸ਼ਹਿਰ ਨਾਲ ਗਹਿਰਾ ਨਾਤਾ ਹੈ। ਉਦਯੋਗ, ਸਿੱਖਿਆ, ਸਿਹਤ ਤੇ ਰੋਜ਼ਗਾਰ ਦੇ ਖੇਤਰ ਵਿਚ ਫਗਵਾੜਾ ਆਪਣੀ ਵਿਲੱਖਣ ਪਛਾਣ ਰੱਖਦਾ ਹੈ। ਇਸ ਦੇ ਬਾਵਜੂਦ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੀ ਮੰਗ ਸਾਲਾਂ ਤੋਂ ਅਧੂਰੀ ਪਈ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਲਗਭਗ ਹਰ ਰਾਜਨੀਤਿਕ ਦਲ ਵਿਕਾਸ ਦੇ ਵੱਡੇ-ਵੱਡੇ ਵਾਅਦੇ ਕਰਦਾ ਹੈ, ਪਰ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੇ ਮੁੱਦੇ ’ਤੇ ਸਾਰੇ ਦਲ ਚੁੱਪ ਕਿਉਂ ਹੋ ਜਾਂਦੇ ਹਨ? ਕੀ ਇਸ ਮੁੱਦੇ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਾਂ ਫਿਰ ਇਸ ਲਈ ਕੋਈ ਗੰਭੀਰ ਰਾਜਨੀਤਿਕ ਇੱਛਾ-ਸ਼ਕਤੀ ਹੀ ਨਹੀਂ ਹੈ? ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਕਲਾਥ ਮਰਚੈਂਟ ਅੇਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਤੇ ਸਮਾਜ ਸੇਵਕ ਡਾ. ਰਮਨ ਵਾਜਪੇਈ ਨੇ ਕਿਹਾ ਕਿ ਫਗਵਾੜਾ ਦੀ ਆਬਾਦੀ, ਇਸਦਾ ਉਦਯੋਗਿਕ ਯੋਗਦਾਨ ਤੇ ਭੂਗੋਲਿਕ ਸਥਿਤੀ ਇਸ ਨੂੰ ਜ਼ਿਲ੍ਹਾ ਬਣਾਉਣ ਲਈ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ। ਜ਼ਿਲ੍ਹਾ ਬਣਨ ਨਾਲ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਲਈ ਕਪੂਰਥਲਾ ਜਾਂ ਜਲੰਧਰ ਜਾਣ ਦੀ ਲੋੜ ਘੱਟ ਹੋਵੇਗੀ। ਸਰਕਾਰੀ ਦਫ਼ਤਰਾਂ, ਅਦਾਲਤਾਂ ਤੇ ਹੋਰ ਵਿਭਾਗਾਂ ਦੀ ਪਹੁੰਚ ਆਮ ਲੋਕਾਂ ਤੱਕ ਆਸਾਨ ਹੋ ਜਾਵੇਗੀ। ਸਥਾਨਕ ਲੋਕਾਂ ਤੇ ਸਮਾਜਿਕ ਸੰਸਥਾਵਾਂ ਵੱਲੋਂ ਸਮੇਂ-ਸਮੇਂ ’ਤੇ ਇਹ ਮੰਗ ਉਠਾਈ ਜਾਂਦੀ ਰਹੀ ਹੈ, ਪਰ ਇਹ ਮੁੱਦਾ ਚੋਣ ਮੰਚਾਂ ਤੋਂ ਅੱਗੇ ਨਹੀਂ ਵਧ ਸਕਿਆ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਤੇ ਸਿਆਸੀ ਪਾਰਟੀਆਂ ਸੱਚਮੁੱਚ ਖੇਤਰੀ ਵਿਕਾਸ ਲਈ ਵਚਨਬੱਧ ਹਨ ਤਾਂ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਬਾਰੇ ਸਪੱਸ਼ਟ ਰੁਖ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਫਗਵਾੜਾ ਦੇ ਲੋਕ, ਸਮਾਜਿਕ ਸੰਸਥਾਵਾਂ, ਉਦਯੋਗਪਤੀ ਤੇ ਜਨ ਪ੍ਰਤੀਨਿਧੀ ਇਕ ਮੰਚ ’ਤੇ ਇਕੱਠੇ ਹੋ ਕੇ ਇਸ ਮੰਗ ਨੂੰ ਮਜ਼ਬੂਤੀ ਨਾਲ ਸਰਕਾਰ ਅੱਗੇ ਰੱਖਣ। ਜਦੋਂ ਤੱਕ ਲੋਕਾਂ ਦੀ ਆਵਾਜ਼ ਇਕਜੁੱਟ ਹੋ ਕੇ ਨਹੀਂ ਉੱਠੇਗੀ, ਉਦੋਂ ਤੱਕ ਇਹ ਮੁੱਦਾ ਸਿਆਸੀ ਫਾਈਲਾਂ ਵਿੱਚ ਹੀ ਦੱਬਿਆ ਰਹਿ ਸਕਦਾ ਹੈ। ਫਗਵਾੜਾ ਦੇ ਵਿਕਾਸ ਤੇ ਭਵਿੱਖ ਲਈ ਇਹ ਸਵਾਲ ਅਜੇ ਵੀ ਬਰਕਰਾਰ ਹੈ ਕੀ ਫਗਵਾੜਾ ਨੂੰ ਉਸਦਾ ਬਣਦਾ ਹੱਕ ਮਿਲੇਗਾ ਜਾਂ ਫਿਰ ਜ਼ਿਲ੍ਹਾ ਬਣਾਉਣ ਦੀ ਮੰਗ ਸਿਰਫ਼ ਇਕ ਚੋਣ ਵਾਅਦਾ ਬਣ ਕੇ ਰਹਿ ਜਾਵੇਗੀ।