ਝੂਠ ਦੀ ਰਾਜਨੀਤੀ ਤੋਂ ਪੰਜਾਬ ਨੂੰ ਬਚਾਉਣ ਲਈ ਲੋਕਾਂ ਨੂੰ ਕਰਾਂਗੇ ਲਾਮਬੰਦ : ਆਹਲੀ ਝੂਠ ਦੀ ਰਾਜਨੀਤੀ ਤੋਂ ਪੰਜਾਬ ਨੂੰ ਬਚਾਉਣ ਲਈ ਲੋਕਾਂ ਨੂੰ ਕਰਾਂਗੇ ਲਾਮਬੰਦ-ਆਹਲੀ
Publish Date: Sun, 05 Jul 2026 08:38 PM (IST)
Updated Date: Sun, 05 Jul 2026 08:38 PM (IST)
ਅਕਾਲੀ ਆਗੂ ਕਰਨਜੀਤ ਸਿੰਘ ਆਹਲੀ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਕੀਤੀ ਮੁਲਾਕਾਤ, ਹਲਕੇ ਦੇ ਮੁੱਦਿਆਂ ’ਤੇ ਹੋਈ ਚਰਚਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਅਕਾਲੀ ਆਗੂ ਕਰਨਜੀਤ ਸਿੰਘ ਆਹਲੀ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਆਹਲੀ ਨੇ ਪੰਜਾਬ ਦੇ ਨਾਲ ਨਾਲ ਸੁਲਤਾਨਪੁਰ ਹਲਕੇ ਦੇ ਗੰਭੀਰ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਦਿਆਂ ਹਲਕੇ ਵਿੱਚ ਅਕਾਲੀ ਦਲ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਝਿੰਜਰ ਨੇ ਆਹਲੀ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਹਲਕੇ ਦੇ ਹਰ ਪਿੰਡ ਚ ਬੂਥ ਲੈਵਲ ਤਕ ਪਹੁੰਚ ਕਰਨੀ ਪਵੇਗੀ। ਹਰ ਨੌਜਵਾਨ ਤਕ ਪਹੁੰਚ ਬਣਾਉਣੀ ਪੈਣੀ ਹੈ ਕਿਉਂਕਿ ਨੌਜਵਾਨ ਵਰਗ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੈ। ਝੂਠ ਦੀ ਰਾਜਨੀਤੀ ਤੋਂ ਪੰਜਾਬ ਨੂੰ ਬਚਾਉਣ ਲਈ ਯੂਥ ਨੂੰ ਲਾਮਬੰਦ ਕੀਤਾ ਜਾਵੇਗਾ। ਸਭ ਤੋਂ ਵੱਡੀ ਗੱਲ ਹੈ ਕਿ ਪਿਛਲੇ ਸਮੇਂ ’ਚ ਇਕ ਬਹੁਤ ਵੱਡਾ ਝੂਠ ਚੱਲਿਆ ਅਤੇ ਨੌਜਵਾਨਾਂ ਨੂੰ ਲੱਗਾ ਕਿ ਉਹ ਉਸ ਝੂਠ ਚ ਵਹਿ ਗਏ। ਨੌਜਵਾਨਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਤੇ ਪੰਜਾਬੀਅਤ ਲਈ ਜੇ ਕੋਈ ਕੰਮ ਕਰ ਸਕਦਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ। ਯੂਥ ਇਕੱਠਾ ਹੋ ਕੇ ਹੀ ਆਪਣੇ ਹੱਕ ਲੈ ਸਕਦਾ ਹੈ। ਧੱਕੇਸ਼ਾਹੀ ਖ਼ਿਲਾਫ਼ ਯੂਥ ਹੀ ਇਕਮੁੱਠ ਹੋ ਕੇ ਜਵਾਬ ਦੇ ਸਕਦਾ ਹੈ। ਇਸ ਮੁਲਾਕਾਤ ਤੋਂ ਬਾਅਦ ਆਹਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ 2027 ਵਿਚ ਪੰਜਾਬ ਅੰਦਰ ਬਣਨ ਜਾ ਰਹੀ ਸਰਕਾਰ ਦੇ ਦਾਅਵੇ ਨੂੰ ਲੈ ਕੇ ਪਾਰਟੀ ਵਰਕਰਾਂ ਤੇ ਸਮਰਥਕਾਂ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿਕਾਸ,ਕਿਸਾਨਾਂ ਦੀ ਭਲਾਈ, ਨੌਜਵਾਨਾਂ ਲਈ ਰੋਜ਼ਗਾਰ ਤੇ ਧਾਰਮਿਕ-ਸੰਸਕ੍ਰਿਤਿਕ ਮੁੱਲਾਂ ਦੀ ਰੱਖਿਆ ਲਈ ਵਚਨਬੱਧ ਹਨ। ਉਨ੍ਹਾਂ ਦੀ ਅਗਵਾਈ ਹੇਠ 2027 ਦੀਆਂ ਚੋਣਾਂ ਵਿਚ ਲੋਕਾਂ ਦਾ ਭਰੋਸਾ ਜਿੱਤ ਕੇ ਅਕਾਲੀ ਦਲ ਮੁੜ ਸੂਬੇ ਵਿਚ ਆਪਣੀ ਸਰਕਾਰ ਬਣਾਉਣ ਲਈ ਤਿਆਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਅਨੁਭਵ ਤੇ ਨਵੀਆਂ ਨੀਤੀਆਂ ਦੇ ਆਧਾਰ ’ਤੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਅਕਾਲੀ ਦਲ ਹੀ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਸਿਆਸੀ ਪਾਰਟੀ ਹੈ, ਜਿਸ ਨੂੰ ਪੰਜਾਬ ਦੀਆਂ ਸਮੱਸਿਆਵਾ ਦਾ ਪੂਰਾ ਪਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਏ ਲੋਕ ਪੰਜਾਬ ਦੀ ਲੁੱਟ-ਖਸੁੱਟ ਕਰ ਰਹੇ ਹਨ। ਅਕਾਲੀ ਦਲ ਨੇ ਸੂਬੇ ਦੀ ਰਾਜਨੀਤੀ ਵਿਚ ਲੰਬੇ ਸਮੇਂ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਾਰਟੀ ਆਪਣੇ-ਆਪ ਨੂੰ ਪੰਜਾਬੀ ਹੱਕਾਂ,ਕਿਸਾਨਾਂ ਦੇ ਮੁੱਦਿਆਂ ਤੇ ਧਾਰਮਿਕ-ਸੰਸਕ੍ਰਿਤਕ ਪਹਿਚਾਣ ਦੀ ਰੱਖਿਆ ਨਾਲ ਜੋੜਦੀ ਆਈ ਹੈ। ਆਹਲੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਤੰਤਰ ਵਿਚ ਹਰ ਵੋਟਰ ਨੂੰ ਆਪਣੀ ਸੋਚ, ਤਜਰਬੇ ਤੇ ਤਰਜੀਹਾਂ ਦੇ ਆਧਾਰ ਤੇ ਫੈਸਲਾ ਕਰਨ ਦਾ ਅਧਿਕਾਰ ਹੁੰਦਾ ਹੈ। ਕਿਸੇ ਵੀ ਪਾਰਟੀ ਨੂੰ ਸਹਿਯੋਗ ਦੇਣ ਤੋਂ ਪਹਿਲਾਂ ਉਸ ਦੀ ਨੀਤੀ, ਪਿਛਲਾ ਕੰਮਕਾਜ ਤੇ ਭਵਿੱਖੀ ਯੋਜਨਾਵਾਂ ਨੂੰ ਧਿਆਨ ਨਾਲ ਦੇਖਣਾ ਮਹੱਤਵਪੂਰਨ ਹੁੰਦਾ ਹੈ। ਅੰਤ ਵਿਚ ਮਜ਼ਬੂਤ ਸਰਕਾਰ ਉਹੀ ਬਣਦੀ ਹੈ, ਜਿਸਨੂੰ ਲੋਕ ਆਪਣੇ ਵੋਟ ਨਾਲ ਚੁਣਦੇ ਹਨ।ਪੰਜਾਬ ਵਿਚ ਕਈ ਵੱਡੇ ਪ੍ਰੋਜੈਕਟ ਤੇ ਵਿਕਾਸ ਕਾਰਜ ਉਨ੍ਹਾਂ ਦੀ ਸਰਕਾਰ ਦੌਰਾਨ ਆਏ ਹਨ। ਆਹਲੀ ਨੇ ਕਿਹਾ ਕਿ ਪੰਜਾਬ ਦੇ ਬੁਨਿਆਦੀ ਢਾਂਚੇ, ਸੜਕਾਂ, ਬਿਜਲੀ ਪ੍ਰੋਜੈਕਟਾਂ ਤੇ ਖੇਤੀਬਾੜੀ ਨਾਲ ਸਬੰਧਤ ਕਈ ਯੋਜਨਾਵਾਂ ਵਿਚ ਪਾਰਟੀ ਦੀ ਵੱਡੀ ਭੂਮਿਕਾ ਰਹੀ ਹੈ, ਜਿਸ ਵੱਲ ਵੀ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਲੋਕਤੰਤਰ ਵਿਚ ਵੋਟਰਾਂ ਲਈ ਜ਼ਰੂਰੀ ਹੈ ਕਿ ਉਹ ਵੱਖ-ਵੱਖ ਪਾਰਟੀਆਂ ਦੇ ਕੰਮ ਤੇ ਦਾਅਵਿਆਂ ਦੀ ਤੁਲਨਾ ਕਰਕੇ ਆਪਣੀ ਸੋਚ ਅਨੁਸਾਰ ਫੈਸਲਾ ਕਰਨ ਕਿਉਂਕਿ ਪੰਜਾਬ ਦਾ ਭਲਾ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ, ਜੋ ਕਿ ਪੰਜਾਬੀਆਂ ਦੇ ਪੂਰਣ ਸਹਿਯੋਗ ਨਾਲ 2027 ਵਿਚ ਮੁੜ ਸੱਤਾ ਤੇ ਕਾਬਜ਼ ਹੋਵੇਗੀ ਤੇ ਪੰਜਾਬ ਦੇ ਵਿਕਾਸ ਨੂੰ ਮੁੜ ਤੋਂ ਸ਼ੁਰੂ ਕਰਵਾਏਗੀ। ਇਸ ਮੌਕੇ ਕੋਰ ਕਮੇਟੀ ਮੈਂਬਰ ਸਤਨਾਮ ਸਿੰਘ ਕੈਲੇ, ਐੱਸਜੀਪੀਸੀ ਮੈਂਬਰ ਜਸਮੇਲ ਸਿੰਘ ਲਾਸ਼ਡੂ, ਪਰਮਿੰਦਰ ਸਿੰਘ ਸਰਵਾਰਾ, ਜਸਦੇਵ ਸਿੰਘ, ਤੇਜਪਾਲ ਸਿੰਘ ਆਦਿ ਹਾਜ਼ਰ ਸਨ।