- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਊ ਸਨਮਾਨ ਅਭਿਆਨ ਤਹਿਤ, ਵਰਕਰ ਘਰ-ਘਰ ਜਾ ਕੇ ਕਰਵਾਉਣਗੇ ਦਸਤਖ਼ਤ-ਨਰੇਸ਼ ਪੰਡਿਤ

ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਦੇਸ਼ ਵਿਚ ਗਊ ਰੱਖਿਆ ਨੂੰ ਲੈ ਕੇ ਬਹਿਸ ਫਿਰ ਤੇਜ਼ ਹੁੰਦੀ ਜਾ ਰਹੀ ਹੈ। ਗਊ ਸਨਮਾਨ ਆਹਵਾਨ ਅਭਿਆਨ ਰਾਹੀਂ ਨਾ ਸਿਰਫ਼ ਗਊਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ, ਸਗੋਂ ਕੇਂਦਰੀ ਪੱਧਰ ’ਤੇ ਗਊ ਹੱਤਿਆ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਤੇ ਸਖ਼ਤ ਕਾਨੂੰਨ ਬਣਾਉਣ ਦੀ ਆਵਾਜ਼ ਵੀ ਉਠਾਈ ਜਾ ਰਹੀ ਹੈ। ਸ਼ਨੀਵਾਰ ਨੂੰ ਕਪੂਰਥਲਾ ਪਹੁੰਚੇ ਮਲੂਕ ਪੀਠ ਸ਼੍ਰੀ ਸਵਾਮੀ ਰਾਜੇਂਦਰਦਾਸ ਮਹਾਰਾਜ ਜੀ ਦੇ ਚੇਲੇ ਰਾਮ ਤੀਰਥ ਦਾਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਮੰਦਰ ਸਨਾਤਨ ਧਰਮ ਸਭਾ ਦੇ ਜਨਰਲ ਸਕੱਤਰ ਵਿਜੇ ਖੋਸਲਾ, ਆਰਐੱਸਐੱਸ ਦੇ ਵਿਕਾਸ ਬਜਾਜ, ਡਾ. ਸੰਦੀਪ ਰਹਿਰ, ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ, ਗਊ ਸਨਮਾਨ ਆਹਵਨ ਅਭਿਆਨ ਦੇ ਇੰਚਾਰਜ ਹੀਰਕ ਜੋਸ਼ੀ ਤੇ ਧੀਰਜ ਕੁਮਾਰ ਨੂੰ ਗਊ ਸਨਮਾਨ ਅਭਿਆਨ ਨੂੰ ਸਫਲ ਬਣਾਉਣ ਤੇ ਜਨਤਾ ਤੱਕ ਪਹੁੰਚਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਮੌਕੇ ਨਰੇਸ਼ ਪੰਡਿਤ ਨੇ ਕਿਹਾ ਕਿ ਇਸ ਮੁਹਿੰਮ ਦੇ ਕੰਮ ਦੀ ਵੰਡ, ਜਨਸੰਪਰਕ ਤੇ ਪਿੰਡ-ਪਿੰਡ ਪਹੁੰਚ ਨਿਰਧਾਰਤ ਕਰਨ ਲਈ ਜਲਦੀ ਹੀ ਨਾਗਰਿਕਾਂ, ਸਮਾਜਿਕ ਸੰਗਠਨਾਂ ਤੇ ਗਊ ਪ੍ਰੇਮੀਆਂ ਦੀ ਇਕ ਸਾਂਝੀ ਮੀਟਿੰਗ ਕੀਤੀ ਜਾਵੇਗੀ। ਪੰਡਿਤ ਨੇ ਕਿਹਾ ਕਿ ਇਹ ਮੁਹਿੰਮ ਗਊ ਮਾਤਾ ਦੀ ਸੇਵਾ, ਰੱਖਿਆ ਤੇ ਸਤਿਕਾਰ ਲਈ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਊ ਸਨਮਾਨ ਅਭਿਆਨ ਦੇ ਹਿੱਸੇ ਵਜੋਂ, ਗਊ ਭਗਤ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਵਿਅਕਤੀਆਂ ਨਾਲ ਸੰਪਰਕ ਕਰਨਗੇ ਤੇ ਉਨ੍ਹਾਂ ਦੇ ਦਸਤਖ਼ਤ ਇਕੱਠੇ ਕਰਨਗੇ। ਇਸ ਮੁਹਿੰਮ ਦੇ ਹਿੱਸੇ ਵਜੋਂ 27 ਜੁਲਾਈ ਨੂੰ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਕੁਲੈਕਟਰ ਰਾਹੀਂ ਰਾਜਪਾਲ, ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਇਕੋ ਸਮੇਂ ਇਕ ਮੰਗ ਪੱਤਰ ਭੇਜੇ ਜਾਣਗੇ। ਮੰਗ ਪੱਤਰ ਦਾ ਮੁੱਖ ਉਦੇਸ਼ ਕੇਂਦਰ ਸਰਕਾਰ ਤੇ ਸਾਰੀਆਂ ਰਾਜ ਸਰਕਾਰਾਂ ਨੂੰ ਭਾਰਤੀ ਮੂਲ ਦੇ ਪਸ਼ੂਆਂ ਨੂੰ ਸਹੀ ਸੇਵਾ, ਪੂਰੀ ਸੁਰੱਖਿਆ ਤੇ ਰਾਸ਼ਟਰੀ ਸਨਮਾਨ ਪ੍ਰਦਾਨ ਕਰਨ ਦੀ ਅਪੀਲ ਕਰਨਾ ਹੈ। ਉਨ੍ਹਾਂ ਕਿਹਾ ਕਿ ਗਊ ਸਨਮਾਨ ਆਹਵਾਨ ਅਭਿਆਨ ਗਊ ਦੀ ਰੱਖਿਆ, ਸੁਰੱਖਿਆ ਤੇ ਸਤਿਕਾਰ ਦੀ ਇਕ ਮੁਹਿੰਮ ਹੈ। ਮੁਹਿੰਮ ਦੇ ਮੁੱਖ ਉਦੇਸ਼ਾਂ ਵਿਚ ਗਊ ਹੱਤਿਆ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕਰਨਾ, ਗਊ ਮਾਤਾ ਨੂੰ ਰਾਸ਼ਟਰੀ ਮਾਨਤਾ ਦੇਣ ਲਈ ਜਨਤਕ ਜਾਗਰੂਕਤਾ ਪੈਦਾ ਕਰਨਾ, ਗਊ ਸੇਵਾ ਲਈ ਪ੍ਰਭਾਵਸ਼ਾਲੀ ਪ੍ਰਬੰਧ ਕਰਨਾ ਤੇ ਚਰਾਗਾਹਾਂ ਨੂੰ ਉਤਸ਼ਾਹਿਤ ਕਰਨਾ ਤੇ ਦੇਸੀ ਪਸ਼ੂਆਂ ਦੀ ਸੁਰੱਖਿਆ ਸ਼ਾਮਲ ਹੈ। ਨਰੇਸ਼ ਪੰਡਿਤ ਨੇ ਸਾਰੇ ਨਾਗਰਿਕਾਂ, ਸਮਾਜਿਕ ਸੰਗਠਨਾਂ ਤੇ ਗਊ ਪ੍ਰੇਮੀਆਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਤੇ ਗਊ ਰੱਖਿਆ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਿਜੇ ਖੋਸਲਾ ਨੇ ਗਊ ਮਾਤਾ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗਊ ਭਾਰਤੀ ਸੱਭਿਆਚਾਰ ਤੇ ਪੇਂਡੂ ਅਰਥਵਿਵਸਥਾ ਦਾ ਇਕ ਅਨਿੱਖੜਵਾਂ ਅੰਗ ਹੈ। ਸਮਾਜ ਦੇ ਹਰ ਵਰਗ ਨੂੰ ਇਸ ਦੀ ਸੁਰੱਖਿਆ ਲਈ ਅੱਗੇ ਆਉਣ ਦੀ ਲੋੜ ਹੈ।