Kapurthala Crime : ਖਿੜਕੀ ਦੀ ਗਰਿੱਲ ਤੋੜ ਕੇ ਚੋਰਾਂ ਨੇ ਡੇਢ ਲੱਖ ਕੈਸ਼ ਤੇ 20 ਤੋਲੇ ਸੋਨਾ ਉਡਾਇਆ, DMC ਲੁਧਿਆਣਾ ਗਿਆ ਹੋਇਆ ਸੀ ਪਰਿਵਾਰ
Kapurthala Crime News : ਪਟੇਲ ਨਗਰ 'ਚ ਚੋਰਾਂ ਨੇ ਇਕ ਘਰ ਦੀ ਖਿੜਕੀ ਦੀ ਗਰਿੱਲ ਤੋੜ ਕੇ ਕੋਠੀ ਦੇ ਅੰਦਰ ਐਂਟਰ ਕੀਤਾ ਤੇ ਅਲਮਾਰੀ ਦਾ ਲੌਕ ਤੋੜ ਕੇ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਅਤੇ ਲਗਪਗ 20 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ।
Publish Date: Mon, 23 Feb 2026 04:40 PM (IST)
Updated Date: Mon, 23 Feb 2026 04:54 PM (IST)
ਜਾਗਰਣ ਸੰਵਾਦਦਾਤਾ, ਕਪੂਰਥਲਾ : ਜਲੰਧਰ ਰੋਡ 'ਤੇ ਸਥਿਤ ਪਟੇਲ ਨਗਰ 'ਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਇਕ ਹੈਂਡਲੂਮ ਵਪਾਰੀ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪਟੇਲ ਨਗਰ 'ਚ ਚੋਰਾਂ ਨੇ ਇਕ ਘਰ ਦੀ ਖਿੜਕੀ ਦੀ ਗਰਿੱਲ ਤੋੜ ਕੇ ਕੋਠੀ ਅੰਦਰ ਪ੍ਰਵੇਸ਼ ਕੀਤਾ ਤੇ ਅਲਮਾਰੀ ਦਾ ਲੌਕ ਤੋੜ ਕੇ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਅਤੇ ਲਗਪਗ 20 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਇਕ ਮੈਂਬਰ ਗੰਭੀਰ ਰੂਪ 'ਚ ਬਿਮਾਰ ਹੋਣ ਕਾਰਨ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਦਾਖ਼ਲ ਹੈ ਜਿਸ ਕਾਰਨ ਪੂਰਾ ਪਰਿਵਾਰ ਦੇਰ ਰਾਤ ਘਰ ਤੋਂ ਬਾਹਰ ਸੀ ਅਤੇ ਮਕਾਨ ਨੂੰ ਤਾਲਾ ਲੱਗਾ ਹੋਇਆ ਸੀ। ਇਸੇ ਗੱਲ ਦਾ ਫਾਇਦਾ ਉਠਾ ਕੇ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਕੋਠੀ ਮਾਲਕ ਸੁਮਿਤ ਪ੍ਰਕਾਸ਼ ਮੋਗਲਾ ਹੈਂਡਲੂਮ ਵਪਾਰੀ ਹਨ। ਉਨ੍ਹਾਂ ਦਾ ਬੇਟਾ ਬਿਮਾਰ ਹੋਣ ਕਾਰਨ ਲੁਧਿਆਣਾ ਡੀਐਮਸੀ 'ਚ ਦਾਖ਼ਲ ਹੈ, ਇਸ ਲਈ ਪੂਰਾ ਪਰਿਵਾਰ ਉੱਥੇ ਮੌਜੂਦ ਸੀ ਅਤੇ ਘਰ ਨੂੰ ਤਾਲਾ ਲਟਕ ਰਿਹਾ ਸੀ ਜਿਸ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ। ਜਾਂਚ ਅਧਿਕਾਰੀ ਏਐਸਆਈ ਮੰਗਲ ਸਿੰਘ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਜਲਦ ਹੀ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਚੋਰਾਂ ਦਾ ਸੁਰਾਗ ਲੱਗਣ ਦੀ ਉਮੀਦ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਦੇ ਲਈ ਇਲਾਕੇ ਦੀਆਂ ਸੀਸੀਟੀਵੀ ਫੁਟੇਜਾਂ ਖੰਗਾਲੀਆਂ ਜਾ ਰਹੀਆਂ ਹਨ।