- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਿਆਂ ‘ਚ ਨਿਆ ਦੇਣ ਲਈ ਮੁਲਾਜਮ ਨਹੀਂ ਪਰ ਜਨਤਾ ‘ਤੇ ਤਸ਼ੱਦਦ ਲਈ ਹੈ ਵਾਧੂ ਫੋਰਸ - ਸੁਖਵਿੰਦਰ ਸਿੰਘ ਸ਼ੇਰਗਿਲ

-ਡੀਐੱਸਪੀ ਦਫ਼ਤਰ ’ਚ ਬਸਪਾ ਆਗੂਆਂ ਨੇ ਧਰਨੇ ਦੌਰਾਨ ਕੀਤੀ ਨਾਅਰੇਬਾਜ਼ੀ
ਵਿਜੇ ਸੋਨੀ, ਪੰਜਾਬੀ ਜਾਗਰਣ
ਫਗਵਾੜਾ : ਬਹੁਜਨ ਸਮਾਜ ਪਾਰਟੀ ਫਗਵਾੜਾ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਲੋਕਾਂ ਪ੍ਰਤੀ ਜਵਾਬਦੇਹੀ, ਇਨਸਾਫ਼ ਅਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਉੱਤੇ ਸਰਕਾਰ ਦੇ ਇਸ਼ਾਰੇ ’ਤੇ ਕੀਤੇ ਜਾ ਰਹੇ ਕਥਿਤ ਤਸ਼ੱਦਦ ਖ਼ਿਲਾਫ਼ ਡੀਐੱਸਪੀ ਦਫ਼ਤਰ ਫਗਵਾੜਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦੀਪ ਮੱਲ ਜ਼ਿਲ੍ਹਾ ਵਾਈਸ ਪ੍ਰਧਾਨ ਕਪੂਰਥਲਾ, ਪਰਮਿੰਦਰ ਬੋਧ ਦਿਹਾਤੀ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਅਤੇ ਸੁਖਵਿੰਦਰ ਸ਼ੇਰਗਿੱਲ ਵਾਈਸ ਪ੍ਰਧਾਨ ਬਸਪਾ ਫਗਵਾੜਾ ਨੇ ਕਿਹਾ ਕਿ ਸੂਬੇ ਵਿੱਚ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਥਾਣਿਆਂ ਵਿੱਚ ਲੁੜੀਂਦਾ ਅਮਲਾ ਨਾ ਹੋਣ ਦੀ ਗੱਲ ਕੀਤੀ ਜਾਂਦੀ ਹੈ, ਪਰ ਜਦੋਂ ਆਮ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਦਬਾਉਣ ਲਈ ਵਾਧੂ ਪੁਲਿਸ ਫੋਰਸ ਤੁਰੰਤ ਤਾਇਨਾਤ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੇ ਇਸ਼ਾਰੇ ’ਤੇ ਲੋਕਤੰਤਰੀ ਢੰਗ ਨਾਲ ਸੰਘਰਸ਼ ਕਰ ਰਹੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਲੋਕਤੰਤਰ ਦੀ ਭਾਵਨਾ ਦੇ ਉਲਟ ਹੈ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਹਰੇਕ ਥਾਣਾ ਖੇਤਰ ‘ਚ ਲੁੱਟਾਂ-ਖੋਹਾਂ, ਡਕੈਤੀਆਂ, ਚੋਰੀਆਂ, ਫਿਰੋਤੀਆਂ ਅਤੇ ਕਤਲ ਆਮ ਗੱਲ ਬਣ ਗਈ ਹੈ। ਗੁੰਡਾ ਅਨਸਰਾਂ ’ਚ ਪੁਲਿਸ ਦਾ ਬਿਲਕੁਲ ਵੀ ਖੌਫ ਨਹੀਂ ਹੈ। ਇੱਥੋਂ ਤੱਕ ਕਿ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਘਰਾਂ ’ਚ ਚਿੱਟੇ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਅਤੇ ਕਈ-ਕਈ ਦਿਨ ਪਤਾ ਹੀ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦੇ ਵਿਗੜਨ ਲਈ ਜਿੰਨੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ, ਉਂਨੀ ਹੀ ਦੋਸ਼ੀ ਪੰਜਾਬ ਪੁਲਿਸ ਵੀ ਹੈ। ਸੁਖਵਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਹਮੇਸ਼ਾ ਹੀ ਦਲਿਤਾਂ, ਗ਼ਰੀਬਾਂ ਅਤੇ ਵਾਂਝੇ ਵਰਗਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਆਈ ਹੈ ਅਤੇ ਭਵਿੱਖ ਵਿੱਚ ਵੀ ਕਿਸੇ ਵੀ ਤਰ੍ਹਾਂ ਦੇ ਧੱਕੇਸ਼ਾਹੀਪੂਰਨ ਰਵੱਈਏ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਨਿਰਪੱਖਤਾ ਨਾਲ ਕੰਮ ਕਰਨ ਅਤੇ ਆਮ ਲੋਕਾਂ ਨੂੰ ਇਨਸਾਫ਼ ਮੁਹੱਈਆ ਕਰਵਾਉਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਲੋਕਾਂ ਨਾਲ ਕਥਿਤ ਧੱਕੇਸ਼ਾਹੀ ਦਾ ਸਿਲਸਿਲਾ ਬੰਦ ਨਾ ਹੋਇਆ ਤਾਂ ਪਾਰਟੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਰੀਬ ਤਿੰਨ ਘੰਟੇ ਧਰਨੇ ਅਤੇ ਨਾਅਰੇਬਾਜ਼ੀ ਤੋਂ ਬਾਅਦ ਅਖੀਰ ਡੀਐੱਸਪੀ ਪਲਵਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਥਾਣਿਆਂ ਵਿੱਚ ਹਰੇਕ ਨਾਗਰਿਕ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ, ਪੁਰਾਣੇ ਕੇਸਾਂ ਦਾ ਨਿਪਟਾਰਾ ਜਲਦੀ ਹੋਵੇਗਾ ਅਤੇ ਫਗਵਾੜਾ ’ਚ ਕਾਨੂੰਨ ਵਿਵਸਥਾ ਨੂੰ ਸੁਚਾਰੂ ਬਣਾਇਆ ਜਾਵੇਗਾ। ਨਸ਼ਿਆਂ ਸਮੇਤ ਹਰ ਤਰ੍ਹਾਂ ਦੇ ਕ੍ਰਾਈਮ ਨੂੰ ਸਖਤੀ ਨਾਲ ਠੱਲ੍ਹ ਪਾਈ ਜਾਵੇਗੀ। ਇਸ ਮੌਕੇ ਅਰੁਣ ਸੁਮਨ ਸਾਬਕਾ ਪ੍ਰਧਾਨ ਯੂਥ ਵਿੰਗ, ਰਾਮ ਮੂਰਤੀ ਖੇੜਾ ਜਨਰਲ ਸਕੱਤਰ ਫਗਵਾੜਾ, ਸਾਬਕਾ ਬਲਾਕ ਸੰਮਤੀ ਮੈਂਬਰ, ਹਰਭਜਨ ਖਲਵਾੜਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ, ਕੁਲਦੀਪ ਕੁਮਾਰ ਸਰਪੰਚ ਜਗਤਪੁਰ ਜੱਟਾਂ, ਸੰਦੀਪ ਅੰਬੇਡਕਰੀ ਯੂਥ ਆਗੂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ।