ਜਿਲ੍ਹੇ ‘ਚ ਐੱਸਆਈਆਰ ਦਾ ਕੰਮ 25 ਤੋਂ ਹੋਵੇਗਾ ਸ਼ੁਰੂ : ਡੀਸੀ
ਜਿਲ੍ਹੇ ‘ਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਕੰਮ 25 ਜੂਨ ਤੋਂ ਹੋਵੇਗਾ ਸ਼ੁਰੂ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ
Publish Date: Tue, 23 Jun 2026 08:51 PM (IST)
Updated Date: Tue, 23 Jun 2026 08:52 PM (IST)

ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ 26-ਭੁਲੱਥ, 27-ਕਪੂਰਥਲਾ, 28-ਸੁਲਤਾਨਪੁਰ ਲੋਧੀ ਤੇ 29-ਫਗਵਾੜਾ ਵਿਚ ਮਿਤੀ 25 ਜੂਨ ਤੋਂ 24 ਜੁਲਾਈ 2026 ਤੱਕ 791 ਬੀਐੱਲਓਜ਼ ਵੱਲੋਂ ਘਰ-ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਤੇ ਇਨੁਮੁਰੇਸ਼ਨ ਫਾਰਮ ਭਰਨ ਦਾ ਕੰਮ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ ਨੇ ਦੱਸਿਆ ਕਿ ਵੋਟਰਾਂ ਵੱਲੋਂ ਇਸ ਇਨੁਮੁਰੇਸ਼ਨ ਫਾਰਮ ਨੂੰ ਭਰ ਕੇ ਇਸ ਦੀ ਇਕ ਕਾਪੀ ਹਸਤਾਖ਼ਰ ਕਰਕੇ ਬੀਐੱਲਓ ਨੂੰ ਵਾਪਸ ਦਿੱਤੀ ਜਾਵੇਗੀ, ਜਿਸ ਉਪਰੰਤ ਹੀ ਡਰਾਫਟ ਵੋਟਰ ਸੂਚੀ ਵਿਚ ਸਬੰਧਤ ਵੋਟਰ ਦੀ ਵੋਟ ਦਰਜ ਕੀਤੀ ਜਾਵੇਗੀ। ਇਸ ਰਿਵੀਜ਼ਨ ਲਈ ਯੋਗਤਾ ਮਿਤੀ 1 ਅਕਤੂਬਰ 2026 ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਦੀ ਨਿਗਰਾਨੀ ਤੇ ਸੁਪਰਵਿਜ਼ਨ ਲਈ 77 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪ੍ਰੀ-ਐੱਸਆਈਆਰ ਦੇ ਸਬੰਧ ਵਿਚ ਸਾਲ 2025 ਦੀ ਵੋਟਰ ਸੂਚੀ ਦੇ ਵੋਟਰਾਂ ਦੀ ਸਾਲ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਦਾ ਕੰਮ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 6,14,981 ਵੋਟਰਾਂ ਵਿਚੋਂ 5,10,984 ਵੋਟਰਾਂ ਦੀ ਮੈਪਿੰਗ (83.09 ਫੀਸਦੀ) ਮੁਕੰਮਲ ਹੋ ਚੁੱਕੀ ਹੈ, ਜਦਕਿ 1,03,997 ਅਨਮੈਪਡ ਵੋਟਰਾਂ ਵਿਚ ਪਾਈਆਂ ਗਈਆਂ ਖਾਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸੁਪਰਵਾਈਜ਼ਰਾਂ ਤੇ ਬੀਐੱਲਓਜ਼ ਨੂੰ ਲੋੜੀਂਦੀ ਟ੍ਰੇਨਿੰਗ ਮੁਹੱਈਆ ਕਰਵਾਈ ਗਈ ਹੈ ਤੇ ਉਨ੍ਹਾਂ ਨੂੰ ਵਿਸ਼ੇਸ਼ ਕਿੱਟ ਬੈਗ ਸਮੇਤ ਇਨੁਮੁਰੇਸ਼ਨ ਫਾਰਮ ਵੀ ਸਪਲਾਈ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਗਏ ਬੀਐੱਲਏ-1 ਤੇ ਬੀਐੱਲਏ-2 ਦੀ ਟ੍ਰੇਨਿੰਗ ਵੀ ਮੁਕੰਮਲ ਹੋ ਚੁੱਕੀ ਹੈ, ਜਿਸ ਵਿਚ ਕੁੱਲ 18 ਬੀਐੱਲਏ-1 ਤੇ 2349 ਬੀਐੱਲਏ-2 ਨਿਯੁਕਤ ਕੀਤੇ ਗਏ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ 24 ਜੁਲਾਈ 2026 ਨੂੰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਕੀਤੀ ਜਾਵੇਗੀ, 3 ਅਗਸਤ 2026 ਨੂੰ ਡਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ ਹੋਵੇਗੀ ਤੇ 3 ਅਗਸਤ ਤੋਂ 2 ਸਤੰਬਰ 2026 ਤੱਕ ਦਾਅਵੇ ਤੇ ਇਤਰਾਜ਼ ਲਏ ਜਾਣਗੇ। ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 28 ਸਤੰਬਰ 2026 ਤੱਕ ਕਰਕੇ 1 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ ਕੀਤੀ ਜਾਵੇਗੀ। ਵੈਰੀਫਿਕੇਸ਼ਨ ਲਈ ਵਰਤੇ ਜਾਣ ਵਾਲੇ ਜ਼ਰੂਰੀ ਦਸਤਾਵੇਜ਼ਾਂ ਬਾਰੇ ਉਨ੍ਹਾਂ ਕਿਹਾ ਕਿ ਆਪਣੀ ਪਛਾਣ ਤੇ ਰਿਹਾਇਸ਼ ਦੇ ਸਬੂਤ ਵਜੋਂ ਕੇਂਦਰ/ਰਾਜ ਸਰਕਾਰ ਜਾਂ ਪੀਐੱਸਯੂ ਵੱਲੋਂ ਜਾਰੀ ਕੋਈ ਵੀ ਆਈਡੀ ਕਾਰਡ/ਪੈਨਸ਼ਨ ਪੇਮੈਂਟ ਆਰਡਰ, ਸਰਕਾਰੀ ਵਿਭਾਗਾਂ, ਸਥਾਨਕ ਅਥਾਰਟੀਆਂ, ਬੈਂਕਾਂ ਜਾਂ ਡਾਕਘਰਾਂ ਦੁਆਰਾ ਜਾਰੀ ਪਛਾਣ ਪੱਤਰ ਜਾਂ ਸਰਟੀਫਿਕੇਟ, ਪਾਸਪੋਰਟ, ਜਨਮ ਸਰਟੀਫਿਕੇਟ, ਮੈਟ੍ਰਿਕ ਸਰਟੀਫਿਕੇਟ, ਸਥਾਈ ਰਿਹਾਇਸ਼ੀ ਸਰਟੀਫਿਕੇਟ, ਓਬੀਸੀ/ਐੱਸਸੀ/ਐੱਸਟੀ ਸਰਟੀਫਿਕੇਟ, ਫੈਮਿਲੀ ਰਜਿਸਟਰ, ਜ਼ਮੀਨ/ਮਕਾਨ ਅਲਾਟਮੈਂਟ ਪੱਤਰ ਜਾਂ ਚੋਣ ਕਮਿਸ਼ਨ ਵੱਲੋਂ ਨੋਟੀਫਾਈ ਕੀਤੇ ਹੋਰ ਲੋੜੀਂਦੇ ਦਸਤਾਵੇਜ਼ ਬੀਐੱਲਓਜ਼ ਨੂੰ ਮੁਹੱਈਆ ਕਰਵਾਏ ਜਾ ਸਕਦੇ ਹਨ ਤਾਂ ਜੋ ਕੋਈ ਵੀ ਯੋਗ ਨਾਗਰਿਕ ਇਸ ਸੁਧਾਰ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ।