- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਟਾਹਲੀ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ: ਬਾਬਾ ਲੀਡਰ ਸਿੰਘ

ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ
ਕਾਲਾ ਸੰਘਿਆ : ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਬਲੇਰਖਾਨਪੁਰ ਵਿਖੇ ਕਲਾਤਮਕ ਢੰਗ ਨਾਲ ਉਸਾਰੀ ਅਧੀਨ ਗੁਰੂ ਘਰ ਦੀ ਦਰਸ਼ਨੀ ਡਿਓੜੀ ਦੇ ਮੁੱਢਲੇ ਢਾਂਚੇ ਦਾ ਕੰਮ ਕੁੱਝ ਸਮਾਂ ਪਹਿਲਾਂ ਤਕਰੀਬਨ ਮੁਕੰਮਲ ਹੋ ਗਿਆ ਸੀ, ਜਦ ਕਿ ਇਸ ਨੂੰ ਹੋਰ ਸੁੰਦਰ ਬਣਾਉਣ ਲਈ ਤਿਆਰੀ ਦਾ ਰਹਿੰਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਦਰਸ਼ਨੀ ਡਿਉੜੀ 'ਤੇ ਅਦਭੁਤ ਮੀਨਾਕਾਰੀ ਦਾ ਕੰਮ ਕੀਤਾ ਜਾ ਰਿਹਾ ਹੈ। ਗੁੰਬਦ 'ਤੇ ਗੁੰਬਦੀਆਂ ਜਿਥੇ ਤਿਆਰ ਕਰਕੇ ਖੂਬਸੂਰਤ ਦਿੱਖ ਪ੍ਰਦਾਨ ਕਰ ਦਿੱਤੀ ਗਈ ਹੈ, ਉਥੇ ਹੀ ਚਿੱਟੇ ਤੇ ਨੀਲੇ ਰੰਗ ਵਿਚ ਟਾਈਲਾਂ ਵਗੈਰਾ ਲਗਾਉਣ ਦਾ ਕੰਮ ਪੂਰੀ ਤਨਦੇਹੀ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਦਰਸ਼ਨੀ ਡਿਓੜੀ ਦੇ ਨਾਲ ਹੀ ਇਕ ਨਵਾਂ ਆਰਜੀ ਰਸਤਾ ਵੀ ਬਣਾਇਆ ਜਾ ਰਿਹਾ ਹੈ ਤਾਂ ਜੋ ਸੰਗਤ ਨੂੰ ਸਲਾਨਾ ਸਮਾਗਮ ਦੌਰਾਨ ਗੁਰੂ ਘਰ ਅੰਦਰ ਆਉਣ-ਜਾਣ ਲਈ ਸਹੂਲਤ ਮਿਲ ਸਕੇ।
ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਨੇ ਕਿਹਾ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਵੱਲੋਂ ਅਰੰਭ ਸਾਰੇ ਕਾਰਜ ਉਨ੍ਹਾਂ ਦੇ ਮਨਸੇ ਅਨੁਸਾਰ ਜਾਰੀ ਹਨ। ਜ਼ਿਕਰਯੋਗ ਹੈ ਕਿ ਇਹ ਗੁਰੂ ਘਰ ਕਪੂਰਥਲਾ-ਨਕੋਦਰ ਮੁੱਖ ਮਾਰਗ ਉੱਤੇ ਕਾਲਾ ਸੰਘਿਆ ਤੋਂ ਕੋਈ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਜਿਥੇ ਗੁਰਦੁਆਰਾ ਸਾਹਿਬ ਜੀ ਦੀ 6 ਮੰਜ਼ਿਲਾ ਇਮਾਰਤ ਦੀ ਕਰੋੜਾਂ ਰੁਪਏ ਦੀ ਲਾਗਤ ਨਾਲ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਵੱਲੋਂ ਬਹੁਤ ਹੀ ਤਨਦੇਹੀ ਦੇ ਨਾਲ ਉਸਾਰੀ ਕਰਵਾਈ ਗਈ ਸੀ, ਉਸ ਨੂੰ ਮੁਕੰਮਲ ਕਰਕੇ ਸੰਗਤਾਂ ਦੇ ਸਮਰਪਿਤ ਕਰ ਦਿੱਤਾ ਗਿਆ ਹੈ, ਉੱਥੇ ਹੀ ਗੁਰੂ ਘਰ ਦੇ ਦਰਬਾਰ ਦੇ ਸਨਮੁਖ ਇਹ ਨਵ ਉਸਾਰੀ ਦਰਸ਼ਨੀ ਡਿਓੜੀ ਜੋ ਕਿ ਕਪੂਰਥਲਾ-ਨਕੋਦਰ ਮੁੱਖ ਸੜਕ ਦੇ ਉੱਤੇ ਸਥਿਤ ਹੈ, ਜਦੋਂ ਇਹ ਪੂਰਨ ਤੌਰ 'ਤੇ ਤਿਆਰ ਹੋ ਜਾਵੇਗੀ ਇਸ ਦੇ ਨਾਲ ਗੁਰੂ ਘਰ ਦੀ ਦਿੱਖ ਦੇ ਵਿਚ ਹੋਰ ਭਾਰੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਦਰਸ਼ਨੀ ਡਿਓੜੀ ਜੋ ਕਿ 3 ਮੰਜਿਲਾ ਉਸਾਰੀ ਗਈ ਹੈ, ਇਸ ਦੇ ਵਿਚ ਦੋ ਆਰਚਾਂ ਬਣਾਈਆਂ ਗਈਆਂ ਹਨ, ਜੋ ਕਿ ਫਰੰਟ ਸਾਈਡ ਤੇ ਬੈਕ ਸਾਈਡ ਤੇ ਹਨ। ਉਸ ਤੋਂ ਇਲਾਵਾ ਇਸ ਦੀ ਲੰਬਾਈ 65 ਫੁੱਟ ਤੇ ਚੌੜਾਈ 26 ਫੁੱਟ ਰੱਖੀ ਗਈ ਹੈ। ਇਸ ਦਰਸ਼ਨ ਦੀ ਡਿਉੜੀ ਦੇ ਉੱਪਰ ਬਹੁਤ ਹੀ ਸੁੰਦਰ ਵੱਡਾ ਗੁੰਬਦ ਤੇ ਆਸ-ਪਾਸ ਗੁੰਬਦੀਆਂ ਬਣਾਈਆਂ ਗਈਆਂ ਹਨ। ਬਾਬਾ ਜੀ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਇਹ ਕਾਰਜ ਬਹੁਤ ਜਲਦ ਸੰਪੂਰਨ ਹੋ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਡਿਓੜੀ ਨੂੰ ਸੜਕ ਤੋਂ ਤਕਰੀਬਨ ਮੁਹਰਿਓਂ 9 ਸਟੈੱਪ ਉੱਚਾ ਰੱਖਿਆ ਗਿਆ ਹੈ ਤੇ ਅੰਦਰ ਵੀ ਇਸ ਦੇ ਕਰੀਬ 8 ਸਟੈੱਪ ਬਣਾਏ ਗਏ ਹਨ ਤਾਂ ਜੋ ਸੰਗਤਾਂ ਨੂੰ ਆਉਣ-ਜਾਣ ਦੇ ਵਿਚ ਕੋਈ ਮੁਸ਼ਕਿਲ ਪੈਦਾ ਨਾ ਆਵੇ। ਬਾਬਾ ਜੀ ਨੇ ਅੱਗੇ ਦੱਸਿਆ ਕਿ ਗੁਰੂ ਘਰ ਦੇ ਲੰਗਰ ਹਾਲ ਨੂੰ ਵੀ ਲੈਂਟਰ ਪਾ ਕੇ ਤੇ ਰੰਗ ਰੋਗਨ ਵਗੈਰਾ ਕਰਕੇ ਸੰਗਤਾਂ ਦੇ ਸਮਰਪਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਗੁਰੂ ਘਰ ਦੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਤੇ 5 ਜੁਲਾਈ ਦੇ ਸਲਾਨਾ ਜੋੜ ਮੇਲੇ ਵਿਚ ਵਡਮੁੱਲਾ ਸਹਿਯੋਗ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ।