ਝੋਨੇ ਦੀ ਫ਼ਸਲ ’ਚ ਲੋੜ ਤੋਂ ਵੱਧ ਯੂਰੀਆ ਪਾਉਣ ਦਾ ਰੁਝਾਨ ਖ਼ਤਰਨਾਕ : ਪਰਮਿੰਦਰ ਕੁਮਾਰ ਝੋਨੇ ਦੀ ਫਸਲ ’ਚ ਲੋੜ ਤੋਂ ਵੱਧ ਯੂਰੀਆ ਪਾਉਣ ਦਾ ਰੁਝਾਨ ਖਤਰਨਾਕ : ਪਰਮਿੰਦਰ ਕੁਮਾਰ
Publish Date: Sun, 12 Jul 2026 07:29 PM (IST)
Updated Date: Sun, 12 Jul 2026 07:30 PM (IST)
ਖੇਤੀਬਾੜੀ ਵਿਭਾਗ ਕਰ ਰਿਹੈ ਕਿਸਾਨਾਂ ਨੂੰ ਜਾਗਰੂਕ : ਡਾ. ਧੰਜੂ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਲਕਾ ਸੁਲਤਾਨਪੁਰ ਲੋਧੀ ’ਚ ਇਸ ਵਾਰ ਝੋਨੇ ਦੀ ਲਵਾਈ ਤੋਂ ਬਾਅਦ ਕੁਝ ਕਿਸਾਨਾਂ ਵੱਲੋਂ ਫ਼ਸਲ ਵਿੱਚ ਲੋੜ ਤੋਂ ਵੱਧ ਯੂਰੀਆ ਪਾਉਣ ਦਾ ਰੁਝਾਨ ਦੇਖਿਆ ਜਾ ਰਿਹਾ ਹੈ, ਜੋ ਕਿ ਫ਼ਸਲ ਅਤੇ ਜ਼ਮੀਨ ਦੋਵਾਂ ਲਈ ਬੇਹੱਦ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਸੁਲਤਾਨਪੁਰ ਲੋਧੀ ਦੇ ਖੇਤੀਬਾੜੀ ਵਿਸਥਾਰ ਅਫਸਰ ਡਾ. ਪਰਵਿੰਦਰ ਕੁਮਾਰ ਨੇ ਦੱਸਿਆ ਕਿ ਝੋਨੇ ਦੀ ਫਸਲ ਨੂੰ ਸ਼ੁਰੂਆਤੀ ਪੜਾਅ ’ਤੇ ਨਾਈਟ੍ਰੋਜਨ ਦੀ ਲੋੜ ਹੁੰਦੀ ਹੈ, ਪਰ ਬਹੁਤ ਸਾਰੇ ਕਿਸਾਨ ‘ਜਿੰਨੀ ਵੱਧ ਯੂਰੀਆ, ਓਨੀ ਵੱਧ ਪੈਦਾਵਾਰ’ ਦੀ ਸੋਚ ਨਾਲ ਖਾਦ ਦੀ ਵਰਤੋਂ ਕਰ ਰਹੇ ਹਨ। ਇਹ ਆਦਤ ਬਿਲਕੁਲ ਗਲਤ ਹੈ। ਡਾ. ਪਰਵਿੰਦਰ ਕੁਮਾਰ ਨੇ ਕਿਹਾ ਕਿ ਲੋੜ ਤੋਂ ਵੱਧ ਯੂਰੀਆ ਪਾਉਣ ਨਾਲ ਪੌਦੇ ਦਾ ਵਾਧਾ ਬਹੁਤ ਤੇਜ਼ ਹੋ ਜਾਂਦਾ ਹੈ, ਬੂਟੇ ਦਾ ਤਣਾ ਕਮਜ਼ੋਰ ਹੋ ਕੇ ਝੜ ਜਾਂਦਾ ਹੈ ਅਤੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ। ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਲੰਬੇ ਸਮੇਂ ਵਿੱਚ ਖੇਤੀ ਮਹਿੰਗੀ ਹੋ ਜਾਂਦੀ ਹੈ। ਵਾਧੂ ਯੂਰੀਆ ਪਾਣੀ ਨਾਲ ਧੋ ਕੇ ਨਿਕਲ ਜਾਂਦੀ ਹੈ, ਜਿਸ ਨਾਲ ਕਿਸਾਨ ਦਾ ਖਰਚਾ ਵੀ ਵੱਧਦਾ ਹੈ। ਖੇਤੀਬਾੜੀ ਵਿਭਾਗ ਦੀ ਸਲਾਹ ਡਾ. ਜਸਪਾਲ ਸਿੰਘ ਧੰਜੂ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫਸਲ ਵਿੱਚ ਯੂਰੀਆ ਦੀ ਵਰਤੋਂ ਮਿੱਟੀ ਪਰਖ ਅਤੇ ਖੇਤੀਬਾੜੀ ਵਿਭਾਗ ਦੀ ਸਿਫਾਰਸ਼ ਅਨੁਸਾਰ ਹੀ ਕਰਨ। ਆਮ ਤੌਰ ’ਤੇ ਇਕ ਏਕੜ ਝੋਨੇ ਲਈ 3 ਕਿਸ਼ਤਾਂ ਵਿੱਚ ਕੁੱਲ 25-30 ਕਿਲੋ ਨਾਈਟ੍ਰੋਜਨ ਕਾਫੀ ਹੁੰਦੀ ਹੈ। ਪਹਿਲੀ ਕਿਸ਼ਤ ਲਵਾਈ ਤੋਂ 10-15 ਦਿਨ ਬਾਅਦ, ਦੂਜੀ ਕਿਸ਼ਤ 30-35 ਦਿਨ ਅਤੇ ਤੀਜੀ ਕਿਸ਼ਤ 50-55 ਦਿਨਾਂ ’ਤੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੱਤੇ ਗੂੜ੍ਹੇ ਹਰੇ ਹੋਣ ਅਤੇ ਵਾਧਾ ਠੀਕ ਹੋਵੇ ਤਾਂ ਵਾਧੂ ਯੂਰੀਆ ਪਾਉਣ ਦੀ ਲੋੜ ਨਹੀਂ ਹੈ। ਕਿਸਾਨ ਭਰਾ ਐੱਲਸੀਸੀ ਪੱਤਾ ਰੰਗ ਚਾਰਟ ਦੀ ਵਰਤੋਂ ਕਰਕੇ ਵੀ ਯੂਰੀਆ ਦੀ ਲੋੜ ਦਾ ਪਤਾ ਲਗਾ ਸਕਦੇ ਹਨ। ਡਾ. ਧੰਜੂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਸੁਲਤਾਨਪੁਰ ਲੋਧੀ ਪਿੰਡਾਂ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਿਸਾਨ ਖੇਤੀਬਾੜੀ ਦਫਤਰ ਸੁਲਤਾਨਪੁਰ ਲੋਧੀ ਵਿਖੇ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਦਾ ਮੁਖ ਮਕਸਦ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਨੂੰ ਵੀ ਬਰਕਰਾਰ ਰੱਖਣਾ ਹੈ। ਇਸ ਲਈ ਸਾਰੇ ਕਿਸਾਨਾਂ ਨੂੰ ਸੰਤੁਲਿਤ ਖਾਦ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਝੋਨੇ ਦੀ ਫ਼ਸਲ ਲਈ ਬਰਸਾਤ ਲਾਹੇਵੰਦ ਝੋਨੇ ਦੀ ਲਵਾਈ ਦੇ ਸ਼ੁਰੂਆਤੀ ਦਿਨਾਂ ਵਿੱਚ ਪੰਜਾਬ ਅੰਦਰ ਗਰਮੀ ਤੇ ਤਾਪਮਾਨ ਪੂਰੇ ਸਿਖਰਾਂ ’ਤੇ ਸੀ ਪਰ ਹੁਣ ਮੌਨਸੂਨ ਦੀ ਹੋਈ ਰੁਕ-ਰੁਕ ਕੇ ਬਰਸਾਤ ਨਾਲ ਝੋਨੇ ਦੀ ਫਸਲ ਨੂੰ ਵੱਡਾ ਫਾਇਦਾ ਹੋ ਰਿਹਾ ਹੈ। ਬੀਤੇ ਦਿਨ ਅਤੇ ਅੱਜ ਹੋਈ ਬਰਸਾਤ ਨਾਲ ਝੋਨੇ ਦੇ ਖੇਤ ਪੂਰੀ ਤਰ੍ਹਾਂ ਨਾਲ ਲਹਿਰਾਉਣ ਲੱਗ ਪਏ ਹਨ ਅਤੇ ਫਸਲਾਂ ਮੌਸਮ ਦੀ ਤਬਦੀਲੀ ਨਾਲ ਖਿਲ ਉਠੀਆਂ ਹਨ। ਇਹਨਾਂ ਦਿਨਾਂ ਵਿੱਚ ਹੋ ਰਹੀ ਬਰਸਾਤ ਝੋਨੇ ਦੀ ਫਸਲ ਲਈ ਭਾਰੀ ਲਾਹੇਵੰਦ ਹੈ ਜਿਸ ਨਾਲ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਘੱਟ ਜਾਵੇਗੀ ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ।