ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠਿਆਂ ਹੋ ਨਗਰ ਨਿਗਮ ’ਤੇ ਲਗਾਏ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠਿਆਂ ਹੋ ਨਗਰ ਨਿਗਮ ਤੇ ਲਗਾਏ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨ ਦੇ ਦੋਸ਼
Publish Date: Tue, 07 Jul 2026 09:20 PM (IST)
Updated Date: Tue, 07 Jul 2026 09:21 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਐੱਸਡੀ ਪੁੱਤਰੀ ਪਾਠਸ਼ਾਲਾ ਸਕੂਲ ਹਦੀਆਬਾਦ ਚੌਕ ਲਾਗੇ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਤੇ ਲੋਕਾਂ ਨੇ ਵੱਡੀ ਗਿਣਤੀ ’ਚ ਇਕੱਠਿਆਂ ਹੋ ਨਗਰ ਨਿਗਮ ਫਗਵਾੜਾ ਪ੍ਰਸ਼ਾਸਨ ਤੇ ਤਿੰਨਾਂ ਪਿੰਡਾਂ ਦੀ ਲਗਭਗ 72 ਕਨਾਲ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ। ਨਵੀਂ ਆਬਾਦੀ, ਨੌਰੰਗ ਸ਼ਾਹਪੁਰ ਤੇ ਮਸਤ ਨਗਰ ਦੀਆਂ ਪੰਚਾਇਤਾਂ ਅਤੇ ਪੰਚਾਇਤ ਦੇ ਨੁਮਾਇੰਦਿਆਂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜ਼ਮੀਨ ਪੰਚਾਇਤ ਦੀ ਮਲਕੀਅਤ ਹੈ ਅਤੇ ਇਸ ਸਬੰਧੀ ਨਗਰ ਨਿਗਮ ਵੱਲੋਂ ਆਪਣੇ ਬੋਰਡ ਵੀ ਲਗਾ ਦਿੱਤੇ ਗਏ ਹਨ ਤੇ ਪੰਚਾਇਤੀ ਜ਼ਮੀਨ ਵਿੱਚ ਗੋਹਾ ਅਤੇ ਨਿਗਮ ਦਾ ਕੂੜਾ ਵੀ ਸੁੱਟਿਆ ਜਾਂਦਾ ਹੈ, ਜਿਸ ਨਾਲ ਇਲਾਕੇ ਵਿੱਚ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਗਮ ਵੱਲੋਂ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਕੋਈ ਸਲਾਹ-ਮਸ਼ਵਰਾ ਕੀਤੇ ਬਿਨਾਂ ਜਿੱਥੇ ਪੰਚਾਇਤੀ ਜ਼ਮੀਨ ਵਿੱਚ ਥਾਂ-ਥਾਂ ਬੂਟੇ ਲਗਾਏ ਗਏ, ਉੱਥੇ ਨਾਲ ਵਾਲੀ ਸੜਕ ਨੂੰ ਵੀ ਨਿਗਮ ਦੀ ਹੱਦ ਵਿੱਚ ਲਿਆਉਣ ਦੀ ਨਿਯਤ ਨਾਲ ਪੁੱਟਿਆ ਗਿਆ ਹੈ। ਇਕੱਠ ਦੌਰਾਨ ਬੋਲਦਿਆਂ ਪੰਚਾਇਤ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਆਪਣੀ ਪੰਚਾਇਤੀ ਜ਼ਮੀਨ ਦੀ ਰੱਖਿਆ ਲਈ ਕਾਨੂੰਨੀ ਲੜਾਈ ਲੜਨਗੇ ਅਤੇ ਕਿਸੇ ਵੀ ਕੀਮਤ ’ਤੇ ਪਿੰਡਾਂ ਦੀ ਸਾਂਝੀ ਜਾਇਦਾਦ ’ਤੇ ਕਬਜ਼ਾ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਪੰਚਾਇਤਾਂ ਦੇ ਹੱਕਾਂ ਦੀ ਰੱਖਿਆ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਜਗ੍ਹਾ ਦੀ ਮਰਦਮਸ਼ੁਮਾਰੀ ਕਰਵਾ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਪਿੰਡਾਂ ਦੇ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ’ਚੋਂ ਸਰਪੰਚ ਨੌਰੰਗ ਸ਼ਾਹਪੁਰ ਹਰਵਿੰਦਰ ਸਿੰਘ ਕਾਲਾ, ਨਵੀਂ ਆਬਾਦੀ ਤੋਂ ਸਰਪੰਚ ਅਨੀਤਾ ਰਾਣੀ, ਮਸਤ ਨਗਰ ਤੋਂ ਸਰਪੰਚ ਸੁਖਵਿੰਦਰ ਕੌਰ ਅਤੇ ਪੰਚਾਇਤੀ ਨੁਮਾਇੰਦੇ ਅਤੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਇੱਥੇ ਇਹ ਵੀ ਦੱਸ ਦਈਏ ਕਿ ਜੇਕਰ ਇਸ ਸਬੰਧੀ ਨਗਰ ਨਿਗਮ ਦਾ ਕੋਈ ਪੱਖ ਮਿਲਦਾ ਹੈ ਤਾਂ ਉਸ ਨੂੰ ਵੀ ਪੰਜਾਬੀ ਜਾਗਰਣ ਵਿੱਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।