- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਡ ਡੇ ਮੀਲ ਕੁੱਕ ਵਰਕਰ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਦਿੱਤਾ ਜ਼ਿਲ੍ਹਾ ਸਿੱਖਿਆ ਅਫਸਰ ਕਪੂਰਥਲਾ ਨੂੰ ਮੰਗ ਪੱਤਰ

ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਿਗੂਣੇ ਜਿਹੇ ਮਾਣ ਭੱਤੇ ’ਤੇ ਕੰਮ ਕਰਦੀਆਂ ਵਰਕਰਾਂ ਦੀਆਂ ਮੰਗਾਂ ਪੂਰਾ ਕਰਵਾਉਣ ਲਈ ਪੰਜਾਬ ਇਕਾਈ ਦੇ ਆਦੇਸ਼ਾਂ ਅਨੁਸਾਰ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਪੰਜਾਬ ਆਗੂ ਮਮਤਾ ਸੈਦਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਡੀਓ ਮੈਡਮ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਿਡ-ਡੇ-ਮੀਲ ਕੁੱਕ ਵਰਕਰਾਂ ਲਈ ਸਨਮਾਨ ਪੱਤਰ ਆਏ ਹਨ, ਉਹ ਉਨ੍ਹਾਂ ਨੂੰ ਪਹਿਲੀ ਜੁਲਾਈ ਨੂੰ ਸੌਂਪ ਦਿੱਤੇ ਜਾਣ, ਉਸ ਤੋਂ ਬਾਅਦ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਦੇ ਹੋਏ ਪੰਜਾਬ ਆਗੂ ਮਮਤਾ ਸੈਦਪੁਰ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਿਸ਼ਵ ਬੈਂਕ ਅਤੇ ਸਰਮਾਏਦਾਰਾਂ ਦੇ ਦਬਾਅ ਹੇਠ ਜਨਤਕ ਅਦਾਰਿਆਂ ਨੂੰ ਖਤਮ ਕਰੀ ਜਾ ਰਹੀਆਂ ਹਨ। ਸਰਕਾਰੀ ਮਹਿਕਮਿਆਂ ਅੰਦਰ ਰੈਗੂਲਰ ਅਤੇ ਪੂਰੇ ਸਕੇਲਾਂ ’ਤੇ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਬਜਾਏ ਠੇਕੇ ਅਤੇ ਨਿਗੁਣੇ ਜਿਹੇ 3000/-ਰੁਪਏ ਮਾਣ ਭੱਤਿਆਂ ’ਤੇ ਭਰਤੀ ਕਰ ਕੇ ਇਨ੍ਹਾਂ ਮੁਲਾਜ਼ਮਾਂ ਦਾ ਆਰਥਿਕ ਅਤੇ ਸਮਾਜਿਕ ਸੋਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਮਿੱਡ-ਡੇ-ਮੀਲ ਵਰਕਰਾਂ ਨੂੰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰਨ ਲਈ ਪ੍ਰੇਰਿਆ। ਪੰਜਾਬ ਆਗੂ ਮਮਤਾ ਸੈਦਪੁਰ ਨੇ ਮੰਗ ਕੀਤੀ ਕਿ ਕੀਤੇ ਗਏ ਚੋਣ ਵਾਅਦੇ ਅਨੁਸਾਰ ਮਾਣ ਭੱਤਾ ਤੁਰੰਤ ਦੁਗਣਾ ਕੀਤਾ ਜਾਵੇ। ਜਦੋਂ ਤੱਕ ਵਰਕਰਾਂ ਨੂੰ ਪੱਕਿਆ ਨਹੀਂ ਜਾਂਦਾ, ਉਦੋਂ ਤੱਕ 3000 ਰੁਪਏ ਤੋਂ ਵਧਾ ਕੇ 26000/-ਸੈਲਰੀ ਦੇ ਰੂਪ ਵਿੱਚ ਦਿੱਤਾ ਜਾਵੇ। ਮਿਡ-ਡੇ-ਮੀਲ ਵਰਕਰਾਂ ਨੂੰ ਗਰਮ ਅਤੇ ਸਰਦ ਦੀ ਰੁੱਤ ਦੀ ਵਰਦੀ ਦਿੱਤੀ ਜਾਵੇ ਅਤੇ ਵਰਕਰਾਂ ਨੂੰ ਪਛਾਣ ਪੱਤਰ ਦਿੱਤੇ ਜਾਣ। ਮਿਡ-ਡੇ-ਮੀਲ ਵਰਕਰਾਂ ਦੀ ਸੇਵਾ ਪੱਤਰੀ ਲਗਾ ਕੇ ਜੀਪੀਐੱਫ/ਸੀਪੀਐੱਫ ਕੱਟਣਾ ਸ਼ੁਰੂ ਕੀਤਾ ਜਾਵੇ। ਕੇਨਰਾ ਬੈਂਕ ਵਿੱਚ ਮਿਡ-ਡੇ-ਮੀਲ ਕੁੱਕ ਦੇ ਖੋਲ੍ਹੇ ਗਏ ਖਾਤਿਆਂ ਵਿੱਚ ਮੁਫ਼ਤ ਜੀਵਨ ਬੀਮਾ ਅਤੇ ਸਿਹਤ ਬੀਮਾ ਕੀਤਾ ਜਾਵੇ। ਮਿਡ-ਡੇ-ਮੀਲ ਕੁੱਕ ਵਰਕਰਾਂ ਸਿਹਤ ਪੱਖੋਂ ਜਦੋਂ ਕਿਤੇ ਜ਼ਿਆਦਾ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਨੂੰ ਮੈਡੀਕਲ ਕਰਵਾਉਣ ਲਈ ਡਾਕਟਰ ਦੀ ਸਲਾਹ ਅਨੁਸਾਰ ਛੁੱਟੀ ਲੈਣ ਦਾ ਪ੍ਰਬੰਧ ਮੈਡੀਕਲ ਰਿਪੋਰਟ ਅਨੁਸਾਰ ਕੀਤਾ ਜਾਵੇ। ਹਰੇਕ ਸਕੂਲ ਵਿੱਚ 50 ਬੱਚਿਆਂ ਤੇ ਦੋ ਵਰਕਰਾਂ ਰੱਖੀਆ ਜਾਣ ਅਤੇ ਸੋ ਬੱਚਿਆਂ ਤੇ ਚਾਰ ਵਰਕਰਾਂ ਨੂੰ ਰੱਖਿਆ ਜਾਵੇ। ਮਿਡ-ਡੇ-ਮੀਲ ਕੁੱਕ ਵਰਕਰਾਂ ਨੂੰ ਪਾਰਟ ਟਾਈਮ ਨਾ ਦੱਸਿਆ ਜਾਵੇ ਕਿਉਂਕਿ ਵਰਕਰ ਪੂਰਾ ਟਾਈਮ ਸਕੂਲ ਵਿੱਚ ਕੰਮ ਕਰਦੇ ਹਨ, ਖਾਣਾ ਬਣਾਉਣ ਤੋਂ ਲੈ ਕੇ ਬਰਤਨ ਦੀ ਸਾਫ-ਸਫ਼ਾਈ ਕਿਚਨ ਅਤੇ ਬੱਚਿਆਂ ਦੇ ਬੈਠਣ ਵਾਲੀ ਜਗ੍ਹਾ ਸਾਫ ਕਰਨ ਤੱਕ ਸਕੂਲ ਦਾ ਪੂਰਾ ਸਮਾਂ ਹੋ ਜਾਂਦਾ ਹੈ। ਮਿਡ-ਡੇ-ਮੀਲ ਕੁੱਕ ਵਰਕਰ ਕਿਸੇ ਵੀ ਸਮਿੱਸਿਆ ਕਾਰਨ ਕਰ ਕੇ ਕੰਮ ਕਰਨ ਵਿੱਚ ਅਸਮਰਥ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਕੋਈ ਵੀ ਨੌਕਰੀ ਨਹੀਂ ਕਰ ਸਕਦਾ ਹੈ ਤਾਂ ਕੁੱਕ ਨੂੰ ਰਿਟਾਇਰਮੈਂਟ ਅਤੇ ਪੈਨਸ਼ਨ ਦਾ ਪੂਰਾ ਪ੍ਰਬੰਧ ਕਰ ਕੇ ਕੁੱਕ ਨੂੰ ਸੇਵਾ ਮੁਕਤ ਕੀਤਾ ਜਾਵੇ। ਮਿਡ-ਡੇ-ਮੀਲ ਕੁੱਕ ਵਰਕਰਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਜਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਨੌਕਰੀ ਉਸ ਦੇ ਪਰਿਵਾਰਕ ਮੈਂਬਰ ਨੂੰ ਦੇਣ ਦਾ ਪ੍ਰਬੰਧ ਕੀਤਾ ਜਾਵੇ। ਜੇਕਰ ਭਵਿੱਖ ਵਿੱਚ ਲੋਕ ਸਭਾ/ਵਿਧਾਨ ਸਭਾ/ਮਿਊਂਸੀਪਲ /ਪੰਚਾਇਤ ਚੋਣਾਂ ਵਿੱਚ ਮਿਡ-ਡੇ-ਮੀਲ ਕੁੱਕ ਵਰਕਰਾਂ ਦੀ ਖਾਣਾ ਬਣਾਉਣ ਲਈ ਡਿਊਟੀ ਲੱਗਦੀ ਹੈ ਤਾਂ ਬਾਕੀ ਚੋਣ ਅਮਲੇ ਵਾਂਗ ਬਣਦਾ ਮਿਹਨਤਾਨਾ ਸਿੱਧਾ ਵਰਕਰ ਦੇ ਬੈਂਕ ਖਾਤੇ ਵਿੱਚ ਭੇਜਣ ਦਾ ਪ੍ਰਬੰਧ ਪੱਕਾ ਯਕੀਨੀ ਬਣਾਇਆ ਜਾਵੇ ਆਦਿ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਇਸ ਮੀਟਿੰਗ ਵਿੱਚ ਮਹਿੰਦਰ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਰਾਜਜਿੰਦਰ ਕੌਰ, ਹਰਜਿੰਦਰ ਕੌਰ ਅਤੇ ਹੋਰ ਹਾਜ਼ਰ ਸਨ।