ਗੁਰਦੁਆਰਾ ਟਾਹਲੀ ਸਾਹਿਬ ਕੋਲੋਂ ਲੰਘਦੀ ਕਾਲਾ ਸੰਘਿਆਂ ਡ੍ਰੇਨ ਵੰਡ ਰਹੀ ਘਾਤਕ ਬਿਮਾਰੀਆਂ ਗੁਰਦੁਆਰਾ ਟਾਹਲੀ ਸਾਹਿਬ ਕੋਲੋਂ ਲੰਘਦੀ ਕਾਲ਼ਾ ਸੰਘਿਆਂ ਡਰੇਨ ਵੰਡ ਰਹੀ ਘਾਤਕ ਬਿਮਾਰੀਆਂ
Publish Date: Sat, 04 Jul 2026 08:54 PM (IST)
Updated Date: Sat, 04 Jul 2026 08:56 PM (IST)
ਦੇਸ਼-ਵਿਦੇਸ਼ ਤੋਂ ਗੁਰੂ ਘਰ ਆ ਰਹੀਆਂ ਸੰਗਤਾਂ ’ਚ ਡ੍ਰੇਨ ਨੂੰ ਲੈ ਕੇ ਸਰਕਾਰ ਪ੍ਰਤੀ ਰੋਸ, ਡ੍ਰੇਨ ਦੇ ਸਥਾਈ ਹੱਲ ਦੀ ਮੰਗ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਛੇਵੇਂ ਪਾਤਿਸ਼ਾਹ ਦੀ ਚਰਨਛੋਹ ਪ੍ਰਾਪਤ ਧਰਤੀ ਪਿੰਡ ਬਲੇਰ ਖਾਨਪੁਰ ਵਿਖੇ ਸਥਿਤ ਰਮਣੀਕ ਧਾਰਮਿਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨਾਇਆ ਜਾਂਦਾ ਜੋੜ ਮੇਲਾ ਦੁਆਬੇ ਦੇ ਪ੍ਰਮੁੱਖ ਮਨਾਏ ਜਾਂਦੇ ਧਾਰਮਿਕ ਵੱਡੇ ਸਮਾਗਮਾਂ ਵਿਚੋ ਹੈ, ਪਰ ਸਰਕਾਰਾਂ ਦੀ ਬੇਧਿਆਨੀ ਕਾਰਨ ਇਸ ਗੁਰਦੁਆਰਾ ਸਾਹਿਬ ਦੇ ਨਾਲ ਦੀ ਲੰਘਦੀ ਗੰਦੇ ਪਾਣੀ ਦੀ ਕਾਲਾ ਸੰਘਿਆਂ ਡ੍ਰੇਨ ਜਿੱਥੇ ਪੂਰੇ ਇਲਾਕੇ ਲਈ ਸਰਾਪ ਹੈ, ਉੱਥੇ ਹੀ ਇਸ ਅਲੌਕਿਕ ਅਸਥਾਨ ਕੋਲੋਂ ਇਸ ਡ੍ਰੇਨ ਦੇ ਲੰਘਣ ਨਾਲ਼ ਇਸ ਅਸਥਾਨ ਤੇ ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਆਉਂਦੀਆਂ ਸਿੱਖ ਸੰਗਤਾਂ ਵਿੱਚ ਵੀ ਭਾਰੀ ਰੋਸ ਹੈ। ਇੱਥੇ ਹੁੰਦੇ ਸਮਾਗਮਾਂ ਵਿੱਚ ਹਰ ਪਾਰਟੀ ਦੇ ਪ੍ਰਮੁੱਖ ਲੀਡਰ, ਵਿਧਾਇਕ, ਮੰਤਰੀ ਇਸ ਅਸਥਾਨ ’ਤੇ ਨਤਮਸਤਕ ਹੋਣ ਆਉਂਦੇ ਹਨ ਪਰ ਇਸ ਡ੍ਰੇਨ ਵਾਲੇ ਮਸਲੇ ਵੱਲ ਇਹਨਾਂ ਲੀਡਰਾਂ ਵੱਲੋਂ ਜਾਣਬੁਝ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਇਥੋਂ ਤੱਕ ਕਿ ਇਲਾਕੇ ਦੇ ਲੋਕਾਂ ਵੱਲੋਂ ਇਸ ਡ੍ਰੇਨ ਨੂੰ ਬੰਦ ਕਰਵਾਉਣ ਜਾਂ ਸਾਫ਼ ਪਾਣੀ ਛੱਡੇ ਜਾਣ ਦੀ ਮੰਗ ਨੂੰ ਲੈ ਕੇ ਬਹੁਤ ਵਾਰ ਸੰਘਰਸ਼ ਵੀ ਕੀਤਾ ਗਿਆ ਪਰ ਨਤੀਜਾ ਜ਼ੀਰੋ ਹੀ ਰਿਹਾ। ਇਸ ਡ੍ਰੇਨ ਦੇ ਗੰਦੇ ਤੇ ਬਦਬੂਦਾਰ ਪਾਣੀ ਕਰਕੇ ਇਲਾਕੇ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਸ ਡਰੇਨ ਦੇ ਕੈਮੀਕਲ ਵਾਲੇ ਪਾਣੀ ਨੇ ਹਵਾ ਨੂੰ ਇੰਨੀ ਬੁਰੀ ਤਰ੍ਹਾਂ ਦੂਸ਼ਿਤ ਕੀਤਾ ਹੋਇਆ ਹੈ ਕਿ ਲੋਕਾਂ ਦੇ ਲੱਗੇ ਏਅਰ ਕੰਡੀਸ਼ਨਾਂ ਦੇ ਆਊਟਡੋਰ ਕੰਪਰੈਸ਼ਰ, ਮੋਟਰਾਂ ਦੇ ਪਾਇਪ, ਲੋਹੇ ਦੇ ਦਰਵਾਜ਼ੇ ਤੇ ਹੋਰ ਲੋਹੇ ਆਦਿ ਦਾ ਸਮਾਨ ਕੁੱਝ ਸਮੇਂ ਵਿੱਚ ਹੀ ਗਲ਼ ਜਾਂਦਾ ਹੈ। ਇਸ ਇਲਾਕੇ ਵਿੱਚ ਗੁੱਜਰ ਭਾਈਚਾਰਾ ਵੀ ਕਾਫ਼ੀ ਗਿਣਤੀ ਵਿੱਚ ਹੈ ਜੋ ਵੱਡੇ ਪੱਧਰ ’ਤੇ ਦੁੱਧ ਦਾ ਕਾਰੋਬਾਰ ਕਰਦਾ ਹੈ ਤੇ ਵੱਡੀ ਗਿਣਤੀ ਵਿੱਚ ਰੱਖੀਆਂ ਮੱਝਾਂ ਨੂੰ ਚਰਾਉਂਦੇ ਸਮੇਂ ਉਹ ਇਸ ਡ੍ਰੇਨ ਵਿਚ ਵਾੜ ਦਿੰਦੇ ਹਨ ਅਤੇ ਮੱਝਾਂ ਇਹੀ ਪਾਣੀ ਪੀ ਲੈਂਦੀਆਂ ਹਨ। ਇਹਨਾਂ ਮੱਝਾਂ ਦਾ ਹਜ਼ਾਰਾਂ ਲੀਟਰ ਦੁੱਧ ਜੋ ਨੇੜਲੇ ਪਿੰਡਾਂ ਦੇ ਨਾਲ ਕਪੂਰਥਲਾ ਤੇ ਜਲੰਧਰ ਵਰਗੇ ਸ਼ਹਿਰਾਂ ਵਿੱਚ ਲੋਕ ਪੀਂਦੇ ਹਨ ਤੇ ਇਸ ਨਾਲ ਵੀ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਦੀ ਪਵਿੱਤਰਤਾ ਦੀ ਮਹੱਤਤਾ ਲਈ ਅਤੇ ਮਨੁੱਖੀ ਜੀਵਨ ਲਈ ਬੇਹੱਦ ਘਾਤਕ ਇਸ ਡ੍ਰੇਨ ਦਾ ਜਲਦ ਤੋਂ ਜਲਦ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਹ ਮਸਲਾ ਮੁੱਖ ਮੰਤਰੀ ਦੇ ਕਾਫ਼ੀ ਸਮੇਂ ਤੋਂ ਧਿਆਨ ਵਿੱਚ ਵੀ ਹੈ।