- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਟੀਨਾ ਤੋਂ 4ਕੇ ਤੱਕ ਦਾ ਸਫ਼ਰ: ਬਦਲਦੀ ਤਕਨਾਲੋਜੀ ਨਾਲ ਬਦਲਿਆ ਟੈਲੀਵਿਜ਼ਨ ਦਾ ਰੂਪ

ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਭਾਰਤ ’ਚ ਟੈਲੀਵਿਜ਼ਨ ਦਾ ਸਫ਼ਰ ਕਰੀਬ ਸੱਤ ਦਹਾਕਿਆਂ ਦਾ ਹੈ। ਇਸ ਦੌਰਾਨ ਐਨਟੀਨਾ ਵਾਲੇ ਕਾਲੇ-ਚਿੱਟੇ ਟੀਵੀ ਤੋਂ ਲੈ ਕੇ ਅੱਜ ਦੇ 4ਕੇ ਸਮਾਰਟ ਟੀਵੀ ਤੱਕ ਤਕਨਾਲੋਜੀ ਨੇ ਲੰਮਾ ਸਫ਼ਰ ਤੈਅ ਕੀਤਾ ਹੈ। 1959 ਵਿੱਚ ਭਾਰਤ ਵਿੱਚ ਟੈਲੀਵਿਜ਼ਨ ਪ੍ਰਸਾਰਣ ਦੀ ਸ਼ੁਰੂਆਤ ਦਿੱਲੀ ਤੋਂ ਹੋਈ ਹੈ। ਉਸ ਵੇਲੇ ਪ੍ਰੋਗਰਾਮ ਸੀਮਤ ਸਮੇਂ ਲਈ ਪ੍ਰਸਾਰਿਤ ਹੁੰਦੇ ਸਨ। 1982 ਭਾਰਤੀ ਟੀਵੀ ਇਤਿਹਾਸ ਦਾ ਮਹੱਤਵਪੂਰਨ ਸਾਲ ਰਿਹਾ ਹੈ। ਉਸ ਵੇਲੇ ਦਿੱਲੀ ਵਿੱਚ ਹੋਈਆਂ ਏਸ਼ਿਆਈ ਖੇਡਾਂ ਮੌਕੇ ਰੰਗੀਨ ਟੈਲੀਵਿਜ਼ਨ ਪ੍ਰਸਾਰਣ ਸ਼ੁਰੂ ਹੋਇਆ ਅਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਰੰਗੀਨ ਟੀਵੀ ਖਰੀਦੇ ਗਏ ਸਨ। ਉਸ ਸਮੇਂ ਘਰਾਂ ਦੀਆਂ ਛੱਤਾਂ ’ਤੇ ਐਨਟੀਨਾ ਆਮ ਦ੍ਰਿਸ਼ ਹੀ ਬਣ ਗਿਆ ਸੀ।
1991-92 ਤੋਂ ਬਾਅਦ ਆਰਥਿਕ ਉਦਾਰੀਕਰਨ ਨਾਲ ਕੇਬਲ ਟੀਵੀ ਦਾ ਦੌਰ ਆਇਆ। ਇਸ ਸਮੇਂ ਵਿਦੇਸ਼ੀ ਅਤੇ ਨਿੱਜੀ ਚੈਨਲਾਂ ਦੀ ਆਮਦ ਨਾਲ ਦਰਸ਼ਕਾਂ ਨੂੰ ਮਨੋਰੰਜਨ, ਖ਼ਬਰਾਂ, ਖੇਡਾਂ ਅਤੇ ਫ਼ਿਲਮਾਂ ਦੇ ਸੈਂਕੜੇ ਵਿਕਲਪ ਮਿਲਣ ਲੱਗੇ ਸਨ। 2003 ਤੋਂ ਭਾਰਤ ਵਿੱਚ ਡੀਟੀਐੱਚ (ਡਾਇਰੈਕਟ ਟੂ ਹੋਮ) ਸੇਵਾਵਾਂ ਦੀ ਸ਼ੁਰੂਆਤ ਹੋਈ ਸੀ। ਇਸ ਨਾਲ ਐਨਟੀਨਾ ਦੀ ਲੋੜ ਘੱਟ ਹੋ ਗਈ ਸੀ ਅਤੇ ਦਰਸ਼ਕਾਂ ਨੂੰ ਡਿਜੀਟਲ ਗੁਣਵੱਤਾ ਵਾਲੀ ਤਸਵੀਰ ਅਤੇ ਆਵਾਜ਼ ਮਿਲਣੀ ਸ਼ੁਰੂ ਹੋਈ। 2010 ਤੋਂ ਬਾਅਦ ਐੱਲਈਡੀ ਅਤੇ ਸਮਾਰਟ ਟੀਵੀ ਦਾ ਦੌਰ ਸ਼ੁਰੂ ਹੋਇਆ। ਇਸ ਮੌਕੇ ਇੰਟਰਨੈੱਟ ਨਾਲ ਜੁੜੇ ਟੀਵੀ ਰਾਹੀਂ ਲੋਕਾਂ ਨੇ ਆਪਣੀ ਪਸੰਦ ਦੇ ਪ੍ਰੋਗਰਾਮ ਕਿਸੇ ਵੀ ਸਮੇਂ ਦੇਖਣੇ ਸ਼ੁਰੂ ਕਰ ਦਿੱਤੇ। 2016 ਤੋਂ ਬਾਅਦ ਸਸਤੀ ਇੰਟਰਨੈੱਟ ਸੇਵਾਵਾਂ ਦੇ ਫੈਲਾਅ ਨਾਲ ਓਟੀਟੀ ਪਲੇਟਫਾਰਮਾਂ ਅਤੇ ਸਮਾਰਟ ਟੀਵੀ ਦੀ ਵਰਤੋਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਹੁਣ ਲੋਕ ਰਵਾਇਤੀ ਟੀਵੀ ਚੈਨਲਾਂ ਦੇ ਨਾਲ-ਨਾਲ ਆਪਣੀ ਮਰਜ਼ੀ ਦਾ ਕੰਟੈਂਟ ਵੀ ਦੇਖਣ ਲੱਗੇ ਸਨ।
2020 ਤੋਂ 2026 ਤੱਕ 4ਕੇ ਅਲਟਰਾ ਐੱਚਡੀ ਟੀਵੀ ਆਮ ਲੋਕਾਂ ਦੀ ਪਹੁੰਚ ਵਿੱਚ ਆ ਗਏ ਹਨ। ਪਹਿਲਾਂ ਨਾਲੋਂ ਚਾਰ ਗੁਣਾ ਵੱਧ ਰੈਜ਼ੋਲਿਊਸ਼ਨ, ਸ਼ਾਨਦਾਰ ਰੰਗ ਅਤੇ ਡੌਲਬੀ ਆਡੀਓ ਵਰਗੀਆਂ ਤਕਨੀਕਾਂ ਨੇ ਘਰਾਂ ਵਿੱਚ ਹੀ ਸਿਨੇਮਾ ਵਰਗਾ ਅਨੁਭਵ ਦੇਣਾ ਸ਼ੁਰੂ ਕਰ ਦਿੱਤਾ ਹੈ। ਅੱਜ ਜਿੱਥੇ ਇੱਕ ਸਮੇਂ ਦੂਰਦਰਸ਼ਨ ਦੇ ਕੁਝ ਹੀ ਚੈਨਲ ਦੇਖਣ ਲਈ ਲੋਕ ਐਨਟੀਨਾ ਘੁਮਾਉਂਦੇ ਸਨ, ਉੱਥੇ ਹੁਣ ਇੱਕ ਕਲਿੱਕ ’ਤੇ ਹਜ਼ਾਰਾਂ ਚੈਨਲ, ਫ਼ਿਲਮਾਂ, ਵੈੱਬ ਸੀਰੀਜ਼ ਅਤੇ ਲਾਈਵ ਖੇਡ ਮੁਕਾਬਲੇ ਉਪਲਬਧ ਹਨ। ਆਉਣ ਵਾਲੇ ਸਾਲਾਂ ਵਿੱਚ 8ਕੇ, ਏਆਈ ਆਧਾਰਿਤ ਸਮਾਰਟ ਟੀਵੀ ਅਤੇ ਵਰਚੁਅਲ ਰਿਐਲਿਟੀ (ਵੀਆਰ) ਵਰਗੀਆਂ ਤਕਨਾਲੋਜੀਆਂ ਟੈਲੀਵਿਜ਼ਨ ਦੀ ਦੁਨੀਆ ਨੂੰ ਹੋਰ ਵੀ ਨਵਾਂ ਰੂਪ ਦੇਣਗੀਆਂ। ਐਨਟੀਨਾ ਤੋਂ 4ਕੇ ਤੱਕ ਦਾ ਇਹ ਸਫ਼ਰ ਮਨੁੱਖੀ ਸੋਚ ਅਤੇ ਤਕਨਾਲੋਜੀ ਦੀ ਲਗਾਤਾਰ ਤਰੱਕੀ ਦੀ ਸ਼ਾਨਦਾਰ ਮਿਸਾਲ ਹੈ।
ਟਾਈਮਲਾਈਨ
1959 : ਭਾਰਤ ਵਿੱਚ ਦਿੱਲੀ ਤੋਂ ਪਹਿਲੀ ਵਾਰ ਟੈਲੀਵਿਜ਼ਨ ਪ੍ਰਸਾਰਣ ਦੀ ਸ਼ੁਰੂਆਤ।
1965 : ਨਿਯਮਤ ਟੀਵੀ ਪ੍ਰਸਾਰਣ ਸ਼ੁਰੂ ਹੋਇਆ ਅਤੇ ਸਿੱਖਿਆ ਤੇ ਜਾਣਕਾਰੀ ਆਧਾਰਿਤ ਪ੍ਰੋਗਰਾਮ ਵਧੇ।
1975 : ਸੈਟੇਲਾਈਟ ਇੰਸਟਰਕਸ਼ਨਲ ਟੈਲੀਵਿਜ਼ਨ ਐਕਸਪੈਰੀਮੈਂਟ (ਸਾਈਟ) ਰਾਹੀਂ ਦੂਰ-ਦੁਰਾਡੇ ਪਿੰਡਾਂ ਤੱਕ ਟੀਵੀ ਪ੍ਰਸਾਰਣ ਪਹੁੰਚਿਆ।
1982 : ਏਸ਼ਿਆਈ ਖੇਡਾਂ ਮੌਕੇ ਭਾਰਤ ਵਿੱਚ ਰੰਗੀਨ ਟੈਲੀਵਿਜ਼ਨ ਪ੍ਰਸਾਰਣ ਦੀ ਸ਼ੁਰੂਆਤ। ਐਨਟੀਨਾ ਵਾਲੇ ਰੰਗੀਨ ਟੀਵੀ ਘਰ-ਘਰ ਪਹੁੰਚਣ ਲੱਗੇ।
1984–1988 : ਦੂਰਦਰਸ਼ਨ ਦਾ ਵਿਸਥਾਰ ਹੋਇਆ। ਹਮ ਲੋਗ, ਰਾਮਾਇਣ ਅਤੇ ਮਹਾਭਾਰਤ ਵਰਗੇ ਧਾਰਾਵਾਹਿਕਾਂ ਨੇ ਲੋਕਪ੍ਰਿਯਤਾ ਦੇ ਨਵੇਂ ਰਿਕਾਰਡ ਬਣਾਏ।
1991–1992 : ਆਰਥਿਕ ਉਦਾਰੀਕਰਨ ਤੋਂ ਬਾਅਦ ਕੇਬਲ ਟੀਵੀ ਅਤੇ ਨਿੱਜੀ ਚੈਨਲਾਂ ਦਾ ਯੁੱਗ ਸ਼ੁਰੂ ਹੋਇਆ।
2003 : ਭਾਰਤ ਵਿੱਚ ਡੀਟੀਐਚ (ਡਾਇਰੈਕਟ ਟੂ ਹੋਮ) ਸੇਵਾਵਾਂ ਦੀ ਸ਼ੁਰੂਆਤ ਹੋਈ, ਜਿਸ ਨਾਲ ਡਿਜ਼ੀਟਲ ਗੁਣਵੱਤਾ ਵਾਲੇ ਪ੍ਰਸਾਰਣ ਨੂੰ ਬਲ ਮਿਲਿਆ।
2008–2012 : ਐਲਸੀਡੀ ਅਤੇ ਐਲਈਡੀ ਟੀਵੀ ਤੇਜ਼ੀ ਨਾਲ ਲੋਕਪ੍ਰਿਯ ਹੋਏ।
2013–2016 : ਸਮਾਰਟ ਟੀਵੀ ਅਤੇ ਹਾਈ-ਡੈਫਿਨੀਸ਼ਨ (ਐਚ ਡੀ) ਚੈਨਲਾਂ ਦਾ ਰੁਝਾਨ ਵਧਿਆ।
2016 ਤੋਂ ਬਾਅਦ : ਤੇਜ਼ ਅਤੇ ਸਸਤੇ ਇੰਟਰਨੈੱਟ ਨਾਲ ਓਟੀਟੀ ਪਲੇਟਫਾਰਮਾਂ ਨੇ ਮਨੋਰੰਜਨ ਦੀ ਦੁਨੀਆ ਬਦਲ ਦਿੱਤੀ।
2020–2026 : 4ਕੇ ਅਲਟਰਾ ਐਚਡੀ ਸਮਾਰਟ ਟੀਵੀ ਆਮ ਲੋਕਾਂ ਦੀ ਪਹੁੰਚ ਵਿੱਚ ਆ ਗਏ। ਹੁਣ ਲੋਕ ਇੰਟਰਨੈੱਟ ਰਾਹੀਂ ਫ਼ਿਲਮਾਂ, ਖ਼ਬਰਾਂ, ਖੇਡਾਂ ਅਤੇ ਮਨਪਸੰਦ ਪ੍ਰੋਗਰਾਮ ਕਿਸੇ ਵੀ ਸਮੇਂ ਦੇਖ ਸਕਦੇ ਹਨ।
ਭਵਿੱਖ : 8ਕੇ ਟੀਵੀ, AI ਆਧਾਰਿਤ ਸਮਾਰਟ ਫੀਚਰ, ਵੌਇਸ ਕੰਟਰੋਲ ਅਤੇ ਵਰਚੁਅਲ ਰਿਐਲਿਟੀ ਵਰਗੀਆਂ ਤਕਨੀਕਾਂ ਟੈਲੀਵਿਜ਼ਨ ਦੇ ਤਜਰਬੇ ਨੂੰ ਹੋਰ ਵੀ ਆਧੁਨਿਕ ਬਣਾਉਣਗੀਆਂ।