ਸਾਈਕਲਿੰਗ ਐਸੋਸੀਏਸ਼ਨ ਦਾ ਟੀਚਾ ਪੰਜਾਬ ਨੂੰ ਬੁਲੰਦੀਆਂ ’ਤੇ ਲਿਜਾਣਾ : ਕਾਹਲੋਂ
ਪੰਜਾਬ ਦੀ ਸਾਈਕਲਿੰਗ ਨੂੰ ਬੁਲੰਦੀਆਂ 'ਤੇ ਲੈ ਕੇ ਜਾਣਾ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦਾ ਟੀਚਾ: ਜਗਦੀਪ ਸਿੰਘ ਕਾਹਲੋਂ
Publish Date: Sun, 14 Jun 2026 07:30 PM (IST)
Updated Date: Sun, 14 Jun 2026 07:33 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਵਿਸ਼ਵ ਸਾਈਕਲ ਦਿਵਸ ਦੇ ਮੌਕੇ ’ਤੇ ਗੁਰੂ ਨਾਨਕ ਦੇਵ ਜੀ ਸਟੇਡੀਅਮ ਕਪੂਰਥਲਾ ਵਿਖੇ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਸਿਟੀ ਲੀਗ ਤੇ ਵਿਸ਼ਾਲ ਸਾਈਕਲ ਰੈਲੀ ਬੜੇ ਉਤਸ਼ਾਹ ਤੇ ਜੋਸ਼ ਨਾਲ ਕਰਵਾਈ ਗਈ। ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਦੀ ਸਾਈਕਲਿੰਗ ਨੂੰ ਬੁਲੰਦੀਆਂ ਤੇ ਲੈਕੇ ਜਾਣਾ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦਾ ਟੀਚਾ ਹੈ। ਅੱਜ ਦੇ ਇਸ ਸਮਾਗਮ ਦਾ ਮੁੱਖ ਮਕਸਦ ਮਹਿਲਾਵਾਂ ਨੂੰ ਸਾਈਕਲਿੰਗ ਖੇਡ ਨਾਲ ਜੋੜਨਾ, ਉਨ੍ਹਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਤੇ ਸਿਹਤਮੰਦ ਜੀਵਨਸ਼ੈਲੀ ਵੱਲ ਉਤਸ਼ਾਹਿਤ ਕਰਨਾ ਸੀ। ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਈਵੈਂਟ ਵਿਚ ਵੱਖ-ਵੱਖ ਉਮਰ ਵਰਗਾਂ ਦੀਆਂ ਮਹਿਲਾ ਖਿਡਾਰੀਆਂ ਨੇ ਭਾਗ ਲੈ ਕੇ ਆਪਣੀ ਕਾਬਲੀਅਤ, ਜਜ਼ਬੇ ਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਮੁਕਾਬਲਿਆਂ ਦੌਰਾਨ ਹਰ ਵਰਗ ਵਿਚ ਬਹੁਤ ਹੀ ਦਿਲਚਸਪ ਤੇ ਫਸਵੀਂ ਟੱਕਰ ਦੇਖਣ ਨੂੰ ਮਿਲੀ। ਰੈਲੀ ਵਿਚ ਹਰ ਉਮਰ ਵਰਗ ਦੇ ਲੜਕੇ-ਲੜਕੀਆਂ ਤੇ ਔਰਤਾਂ ਤੇ ਪੁਰਸ਼ਾਂ ਨੇ ਹਿੱਸਾ ਲਿਆ। ਅਲੀਟ ਵਰਗ ਵਿਚ ਆਸ਼ਾ ਨੇ ਪਹਿਲਾ, ਲਵਲੀਨ ਕੌਰ ਨੇ ਦੂਜਾ ਤੇ ਆਸੀਮੀ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿਚ ਤਨਵੀਰ ਕੌਰ ਨੇ ਪਹਿਲਾ, ਆਰਾਧਿਆ ਨੇ ਦੂਜਾ ਤੇ ਅਨਾਇਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਬ ਜੂਨੀਅਰ ਵਰਗ ਵਿਚ ਸੀਰਤਜੋਤ ਨੇ ਪਹਿਲਾ, ਮੁਸਕਾਨ ਨੇ ਦੂਜਾ ਤੇ ਹਰਰੂਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਨੂੰ ਇਕ ਮਜ਼ਬੂਤ ਮੁਕਾਬਲਾਤੀ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਈਕਲਿੰਗ ਨਾ ਸਿਰਫ਼ ਇਕ ਖੇਡ ਹੈ, ਸਗੋਂ ਇਹ ਤੰਦਰੁਸਤ ਜੀਵਨ, ਵਾਤਾਵਰਣ ਦੀ ਸੰਭਾਲ ਤੇ ਸਮਾਜਿਕ ਜਾਗਰੂਕਤਾ ਲਈ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਈਕਲਿੰਗ ਨੂੰ ਹੋਰ ਉੱਚਾਈਆਂ ’ਤੇ ਲਿਜਾਣ ਲਈ ਐਸੋਸੀਏਸ਼ਨ ਵੱਲੋਂ ਆਉਣ ਵਾਲੇ ਸਮੇਂ ਵਿਚ ਹੋਰ ਵੱਡੇ ਪੱਧਰ ’ਤੇ ਟੂਰਨਾਮੈਂਟ, ਟ੍ਰੇਨਿੰਗ ਕੈਂਪ ਤੇ ਜਾਗਰੂਕਤਾ ਮੁਹਿੰਮਾਂ ਕਰਵਾਈਆਂ ਜਾਣਗੀਆਂ। ਅੱਜ ਦੇ ਇਸ ਪ੍ਰੋਗਰਾਮ ਵਿਚ ਮਨਦੀਪ ਸਿੰਘ ਵਾਲੀਆ (ਏਐੱਸ ਫੂਡ), ਪੰਕਜ ਠਾਕੁਰ (ਗ੍ਰੇਡੀ.ਕਾਮ), ਕਪੂਰਥਲਾ ਸਾਈਕਲਿੰਗ ਐਸੋਸੀਏਸ਼ਨ ਆਰਗੇਨਾਈਜ਼ਿੰਗ ਕਮੇਟੀ ਦੇ ਚੇਅਰਮੈਨ ਆਕਾਸ਼ ਕਪੂਰ ਤੇ ਕਨਵੀਨਰ ਨਵਦੀਪ ਸਿੰਘ ਦੀ ਅਗਵਾਈ ਵਿਚ ਇਹ ਈਵੈਂਟ ਸਫਲਤਾਪੂਰਵਕ ਕਰਵਾਇਆ ਗਿਆ। ਜਗਦੀਪ ਸਿੰਘ ਕਾਹਲੋਂ ਨੇ ਸਾਈਕਲਿੰਗ ਫੈੱਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਪੰਕਜ ਸਿੰਘ, ਚੇਅਰਮੈਨ ਓਂਕਾਰ ਸਿੰਘ, ਸਕੱਤਰ ਜਨਰਲ ਮਨਿੰਦਰਪਾਲ ਸਿੰਘ ਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਤੇ ਜਨਰਲ ਸਕੱਤਰ ਜਗਦੀਪ ਸਿੰਘ ਦਾ ਇਹ ਮਹੱਤਵਪੂਰਨ ਈਵੈਂਟ ਪੰਜਾਬ ਨੂੰ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਸ ਸਮਾਗਮ ਦੀ ਸਫਲਤਾ ਸੰਭਵ ਨਹੀਂ ਸੀ। ਇਸ ਈਵੈਂਟ ਨੂੰ ਸਫਲ ਬਣਾਉਣ ਵਿਚ ਨਵਦੀਪ ਸਿੰਘ ਫਿਲਮ ਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ। ਇਸ ਮੌਕੇ ਮੈਡਮ ਜਸਕਮਲ ਕੌਰ, ਮੈਡਮ ਸ਼ਰਨ, ਹਨੀ ਕੁਮਾਰ, ਦਿਲਰਾਜ, ਖੇਡ ਪ੍ਰੇਮੀ, ਕੋਚ ਤੇ ਵੱਡੀ ਗਿਣਤੀ ਵਿਚ ਖਿਡਾਰੀ ਵੀ ਮੌਜੂਦ ਰਹੇ। ਅੰਤ ਵਿਚ ਜੇਤੂ ਖਿਡਾਰੀਆਂ ਨੂੰ ਮੈਡਲ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਗਦੀਪ ਸਿੰਘ ਕਾਹਲੋਂ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਮਾਗਮ ਮਹਿਲਾ ਸਸ਼ਕਤੀਕਰਨ ਤੇ ਪੰਜਾਬ ਵਿਚ ਖੇਡ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਸਾਬਤ ਹੋਇਆ ਹੈ।