ਵਾਰਡ ਨੰਬਰ 49 ਨੂੰ ਸ਼ਹਿਰ ਦਾ ਸਭ ਤੋਂ ਉੱਤਮ ਵਾਰਡ ਬਣਾਉਣਾ ਹੀ ਟੀਚਾ : ਬਲਾਕ ਪ੍ਰਧਾਨ ਅੰਕੁਸ਼
ਵਾਰਡ ਨੰਬਰ 49 ਨੂੰ ਸ਼ਹਿਰ ਦਾ ਸਭ ਤੋਂ ਉੱਤਮ ਵਾਰਡ ਬਣਾਉਣਾ ਹੀ ਟੀਚਾ: ਬਲਾਕ ਪ੍ਰਧਾਨ ਅੰਕੁਸ਼
Publish Date: Mon, 22 Jun 2026 09:17 PM (IST)
Updated Date: Mon, 22 Jun 2026 09:18 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਵਾਰਡ ਨੰਬਰ 49 ਨੂੰ ਸ਼ਹਿਰ ਦਾ ਸਭ ਤੋਂ ਉੱਤਮ ਤੇ ਮਿਸਾਲੀ ਵਾਰਡ ਬਣਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਉਂਦੇ ਹੋਏ ਬਲਾਕ ਪ੍ਰਧਾਨ ਅੰਕੁਸ਼ ਓਹਰੀ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਆਦਰਸ਼ ਨਗਰ ਨੂੰ ਸ਼ਹਿਰ ਦੇ ਸਰਵੋਤਮ ਵਾਰਡ ਦਾ ਦਰਜਾ ਮਿਲੇ। ਇਸ ਲਈ ਇਲਾਕੇ ਵਿਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ। ਸੜਕ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਅੰਕੁਸ਼ ਓਹਰੀ ਨੇ ਦੱਸਿਆ ਕਿ ਅਗਲੇ ਮਹੀਨੇ ਤੋਂ ਬਰਸਾਤੀ ਮੌਸਮ ਦੀ ਸ਼ੁਰੂਆਤ ਹੋਣ ਵਾਲੀ ਹੈ ਤੇ ਇਲਾਕੇ ਵਿਚ ਸਥਿਤ ਜੀਡੀਆਰ ਪਬਲਿਕ ਸਕੂਲ ਤੇ ਜੀਡੀਆਰ ਪਲੇਅਵੇਅ ਸਕੂਲ ਦੇ ਨੇੜੇ ਸੜਕ ਨੀਵੀਂ ਹੋਣ ਕਾਰਨ ਹਰ ਸਾਲ ਪਾਣੀ ਖੜ੍ਹਨ ਦੀ ਗੰਭੀਰ ਸਮੱਸਿਆ ਪੈਦਾ ਹੋ ਜਾਂਦੀ ਸੀ। ਇਸ ਸਮੱਸਿਆ ਦੇ ਪੱਕੇ ਹੱਲ ਲਈ ਸੜਕ ਦਾ ਨਵਾਂ ਨਿਰਮਾਣ ਕਰਵਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ, ਮਾਪਿਆਂ ਤੇ ਸਥਾਨਕ ਵਸਨੀਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਵਾਰਡ ਦੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਕੰਮ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਤੇ ਮੇਅਰ ਰਾਮਪਾਲ ਉੱਪਲ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੀ ਹੈ। ਅੰਕੁਸ਼ ਓਹਰੀ ਨੇ ਦੱਸਿਆ ਕਿ ਵਾਰਡ ਵਿਚ 10 ਲੱਖ ਰੁਪਏ ਵਾਲੇ ਸਿਹਤ ਕਾਰਡ ਬਣਾਉਣ ਦੀ ਮੁਹਿੰਮ ਵੀ ਸਫਲਤਾਪੂਰਵਕ ਚੱਲ ਰਹੀ ਹੈ। ਇਸ ਤੋਂ ਇਲਾਵਾ “ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ” ਤਹਿਤ ਮਾਵਾਂ, ਭੈਣਾਂ ਤੇ ਬਜ਼ੁਰਗ ਮਹਿਲਾਵਾਂ ਦੇ ਕਾਰਡ ਵੀ ਬਣਾਏ ਜਾ ਰਹੇ ਹਨ ਤਾਂ ਜੋ ਸਰਕਾਰੀ ਯੋਜਨਾਵਾਂ ਦਾ ਲਾਭ ਹਰ ਹੱਕਦਾਰ ਤੱਕ ਪਹੁੰਚ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਵਾਰਡ ਵਿਚ ਜਿਹੜੇ ਵੀ ਵਿਕਾਸ ਕਾਰਜ ਅਜੇ ਅਧੂਰੇ ਪਏ ਹਨ, ਉਹ ਬਰਸਾਤਾਂ ਤੋਂ ਪਹਿਲਾਂ ਪੂਰੇ ਕਰਵਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਹ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਅੰਤ ਵਿਚ ਅੰਕੁਸ਼ ਓਹਰੀ ਨੇ ਭਾਵੁਕ ਲਹਿਜ਼ੇ ਵਿਚ ਕਿਹਾ,‘ਮੇਰਾ ਵਾਰਡ ਹੀ ਮੇਰਾ ਪਰਿਵਾਰ ਹੈ ਤੇ ਪਰਿਵਾਰ ਦੀ ਹਰ ਸਮੱਸਿਆ ਦਾ ਹੱਲ ਕਰਨਾ ਮੇਰੀ ਜ਼ਿੰਮੇਵਾਰੀ ਹੈ’।