ਵਰਿੰਦਰ ਪਾਰਕ ਦੇ ਬਾਹਰ ਲੱਗੇ ਕੂੜੇ ਦੇ ਡੰਪ ਨੂੰ ਹਟਾਇਆ ਜਾਵੇ : ਧਾਲੀਵਾਲ
ਵਰਿੰਦਰ ਪਾਰਕ ਦੇ ਬਾਹਰ ਲੱਗੇ ਕੂੜੇ ਦੇ ਡੰਪ ਨੂੰ ਆਬਾਦੀ ਤੋਂ ਦੂਰ ਕੀਤਾ ਸ਼ਿਫਟ ਕੀਤਾ ਜਾਵੇ - ਬਲਵਿੰਦਰ ਸਿੰਘ ਧਾਲੀਵਾਲ
Publish Date: Mon, 22 Jun 2026 08:20 PM (IST)
Updated Date: Mon, 22 Jun 2026 08:21 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਥਾਨਕ ਪ੍ਰੋਫੈਸਰ ਕਲੋਨੀ ਦੇ ਨਜ਼ਦੀਕ ਵਰਿੰਦਰ ਪਾਰਕ ਦੇ ਬਾਹਰ ਬਣੇ ਕੂੜੇ ਦੇ ਡੰਪ ਤੋਂ ਕਾਰਪੋਰੇਸ਼ਨ ਫਗਵਾੜਾ ਵੱਲੋਂ ਰੁਟੀਨ ‘ਚ ਕੂੜਾ ਨਾ ਚੁੱਕੇ ਜਾਣ ਦੇ ਵਿਰੋਧ ਤੇ ਡੰਪ ਨੂੰ ਅਬਾਦੀ ਤੋਂ ਦੂਰ ਲੈ ਜਾਣ ਦੀ ਮੰਗ ਨੂੰ ਲੈ ਕੇ ਖੇਤਰ ਦੇ ਵਸਨੀਕਾਂ ਵੱਲੋਂ ਲਗਾਏ ਧਰਨੇ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਤੇ ਲੋਕਾਂ ਦੀ ਮੰਗ ਨੂੰ ਖੁੱਲ੍ਹਾ ਸਮਰਥਨ ਦਿੰਦੇ ਹੋਏ ਕਿਹਾ ਕਿ ਇਹ ਕੂੜੇ ਦਾ ਡੰਪ ਮੇਹਲੀ ਗੇਟ, ਪ੍ਰੋਫੈਸਰ ਕਲੋਨੀ ਤੇ ਗੁਰੂ ਹਰਕਿਸ਼ਨ ਨਗਰ ਦੇ ਵਸਨੀਕਾਂ ਲਈ ਲੰਮੇ ਸਮੇਂ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਹੱਦ ਤਾਂ ਇਹ ਹੈ ਕਿ ਡੰਪ ਦੇ ਬਿਲਕੁਲ ਨਾਲ ਗਉਸ਼ਾਲਾ, ਸ਼ਿਵ ਮੰਦਿਰ ਤੇ ਗੁਰਦੁਆਰਾ ਸਾਹਿਬ ਵੀ ਸਥਿਤ ਹਨ। ਵਰਿੰਦਰ ਪਾਰਕ ਵਿਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਖੁਲ੍ਹੀ ਹਵਾ ‘ਚ ਸੈਰ ਕਰਨ ਲਈ ਆਉਂਦੇ ਹਨ ਪਰ ਇਹ ਕੂੜੇ ਦਾ ਡੰਪ ਹਰੇਕ ਆਉਣ-ਜਾਣ ਵਾਲੇ ਨਾਗਰਿਕ ਲਈ ਬਿਮਾਰੀ ਦਾ ਘਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣ ਕੇ ਖੜ੍ਹੀ ਰਹੀ ਹੈ ਤੇ ਇਸ ਮਸਲੇ ਨੂੰ ਵੀ ਪੂਰੀ ਗੰਭੀਰਤਾ ਨਾਲ ਉਠਾਇਆ ਜਾਵੇਗਾ ਕਿਉਂਕਿ ਕੂੜੇ ਦੇ ਢੇਰ ਤੋਂ ਉੱਠਦੀ ਬਦਬੂ ਕਾਰਨ ਇਲਾਕੇ ਦੇ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ। ਆਉਂਦੇ ਬਰਸਾਤ ਦੇ ਮੌਸਮ ਵਿਚ ਹਾਲਾਤ ਹੋਰ ਵੀ ਗੰਭੀਰ ਹੋ ਜਾਣਗੇ ਤੇ ਮੱਖੀਆਂ, ਮੱਛਰਾਂ ਤੇ ਅਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਨਗਰ ਨਿਗਮ ਤੇ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਜਾਇਜ਼ ਮੰਗ ਨੂੰ ਤੁਰੰਤ ਮੰਨਦੇ ਹੋਏ ਇਸ ਡੰਪ ਨੂੰ ਅਬਾਦੀ ਵਾਲੇ ਖੇਤਰ ਤੋਂ ਦੂਰ ਸ਼ਿਫਟ ਕੀਤਾ ਜਾਵੇ ਤੇ ਉਦੋਂ ਤੱਕ ਇਥੋਂ ਰੋਜ਼ਾਨਾ ਕੂੜਾ ਚੁੱਕਣ ਦੀ ਵਿਵਸਥਾ ਯਕੀਨੀ ਕੀਤੀ ਜਾਵੇ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ ਸਮੇਤ ਹੋਰ ਕਾਂਗਰਸ ਆਗੂ ਤੇ ਸ਼ਹਿਰ ਦੇ ਪਤਵੰਤੇ ਵੀ ਉਨ੍ਹਾਂ ਦੇ ਨਾਲ ਸਨ।