ਭਾਈ ਖਾਲੜਾ ਦੇ ਸੰਘਰਸ਼ਮਈ ਜੀਵਨ ਨੂੰ ਦਰਸਾਉਂਦੀ ਫ਼ਿਲਮ ‘ਸਤਲੁਜ’ ਵਿਖਾਈ ਕਾਲ਼ਾ ਸੰਘਿਆਂ ’ਚ ਵੱਡੀ ਸਕਰੀਨ ਤੇ ਭਾਈ ਖਾਲੜਾ ਦੇ ਸੰਘਰਸ਼ਮਈ ਜੀਵਨ ਨੂੰ ਦਰਸਾਉਂਦੀ ਫ਼ਿਲਮ "ਸਤਲੁਜ" ਵਿਖਾਈ
Publish Date: Tue, 07 Jul 2026 09:45 PM (IST)
Updated Date: Tue, 07 Jul 2026 09:48 PM (IST)
ਫਿਲਮ ਬੈਨ ਹੋਣ ’ਤੇ ਮਗਰਮੱਛ ਦੇ ਹੰਝੂ ਵਹਾਅ ਰਹੀਆਂ ਪਾਰਟੀਆਂ ਦੀ ਦੇਣ ਸੀ ਉਹ ਕਾਲਾ ਦੌਰ : ਲੋਕ ਕਾਲਾ ਦੌਰ ਯਾਦ ਕਰ ਭਾਵੁਕ ਹੋਏ ਬਜ਼ੁਰਗ, ਨੌਜਵਾਨਾਂ ਦੀਆਂ ਅੱਖਾਂ ਹੋਈਆਂ ਨਮ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : 1984 ਤੋਂ 1995-96 ਦੇ ਪੰਜਾਬ ਦੇ ਕਾਲੇ ਦੌਰ ਦੌਰਾਨ ਪੰਜਾਬੀਆਂ ਨੇ ਅਸਹਿ ਤੇ ਅਕਹਿ ਦੁੱਖ, ਤਕਲੀਫਾਂ ਤੇ ਤਸੀਹੇ ਝੱਲੇ ਜੋ ਸਾਰੀ ਦੁਨੀਆ ਜਾਣਦੀ ਹੈ ਤੇ ਉਹਨਾਂ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨਾਲ ਪੁਲਿਸ ਵੱਲੋਂ ਕੀਤਾ ਅੱਤਿਆਚਾਰ ਜਗ ਜ਼ਾਹਰ ਹੈ। ਅੱਜ ਦੀ ਪੀੜ੍ਹੀ ਸਿਰਫ਼ ਉਸ ਸਮੇਂ ਬੀਤੇ ਬਿਰਤਾਂਤ ਨੂੰ ਸੁਣਦੀ ਤੇ ਕਿਤਾਬਾਂ ਜ਼ਰੀਏ ਪੜ੍ਹਦੀ ਹੀ ਰਹੀ ਸੀ ਕਿ ਕਿਸ ਤਰ੍ਹਾਂ ਉਸ ਕਾਲੇ ਦੌਰ ਸਮੇਂ ਉਸ ਸਮੇਂ ਦੇ ਪੰਜਾਬ ਪੁਲਿਸ ਦੇ ਕੁਝ ਉੱਪਰ ਤੋਂ ਹੇਠਾਂ ਤੱਕ ਦੇ ਅਹੁਦਿਆਂ ’ਤੇ ਬੈਠੇ ਅਧਿਕਾਰੀਆਂ ਵੱਲੋਂ ਆਪਣੇ ਅਹੁਦਿਆਂ ਦੀ ਦੁਰਵਰਤੋਂ ਨੂੰ ਦਰਸਾਉਂਦੀ ਫਿਲਮ ਅਦਾਕਾਰ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਰੀਬ 3 ਸਾਲ ਪਹਿਲਾਂ ਬਣੀ ਸੀ। ਉਸ ਵੇਲੇ ਇਸ ਨੂੰ ‘ਪੰਜਾਬ 95’ ਨਾਂ ਨਾਲ ਰਿਲੀਜ਼ ਕਰਨ ਦੀਆਂ ਤਿਆਰੀਆਂ ਸਨ ਪਰ ਸਮੇਂ ਦੀਆਂ ਸਰਕਾਰਾਂ ਨੇ ਸੈਂਸਰ ਬੋਰਡ ਜ਼ਰੀਏ ਇਸ ਫ਼ਿਲਮ ਨੂੰ ਇੰਨੇ ਸਾਲ ਰਿਲੀਜ਼ ਨਹੀਂ ਹੋਣ ਦਿੱਤਾ ਅਤੇ ਬੀਤੇ ਸ਼ਨਿਚਰਵਾਰ ਓਟੀਟੀ ਪਲੇਟਫਾਰਮ ’ਤੇ ਇਸ ਫ਼ਿਲਮ ਨੂੰ ‘ਸਤਲੁਜ’ ਨਾਂ ਦੇ ਕੇ ਰਿਲੀਜ਼ ਕੀਤਾ ਗਿਆ ਪਰ ਕੁਝ ਕੁ ਘੰਟਿਆਂ ਬਾਅਦ ਹੀ ਸਮੇਂ ਦੀ ਮੌਜੂਦਾ ਸਰਕਾਰ ਦੀ ਦਖਲਅੰਦਾਜ਼ੀ ਤੋਂ ਬਾਅਦ ਇਸ ਫ਼ਿਲਮ ਨੂੰ ਹਟਾ ਦਿੱਤਾ ਗਿਆ। ਪਰ ਕੁਝ ਕੁ ਘੰਟਿਆਂ ਵਿੱਚ ਹੀ ਫ਼ਿਲਮ ਲੋਕਾਂ ਦੇ ਮੋਬਾਈਲਾਂ ਤੇ ਕੰਪਿਊਟਰਾਂ ਜ਼ਰੀਏ ਲੋਕਾਂ ਤੱਕ ਪਹੁੰਚ ਗਈ। ਇਸ ਸਮੇਂ ਜਿੱਥੇ ਸਾਰਾ ਸੋਸ਼ਲ ਮੀਡੀਆ ਇਸ ਫ਼ਿਲਮ ਦੀ ਚਰਚਾ ਨਾਲ ਭਰਿਆ ਹੋਇਆ ਹੈ ਤੇ ਲੋਕ ਸਰਕਾਰਾਂ ਨੂੰ ਕੋਸ ਰਹੇ ਹਨ, ਉੱਥੇ ਹੀ ਵੱਖ-ਵੱਖ ਥਾਵਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਲੋਕ ਇਸ ਫ਼ਿਲਮ ਨੂੰ ਆਪੋ ਆਪਣੇ ਪੱਧਰ ’ਤੇ ਵੱਡੀਆਂ ਸਕਰੀਨਾਂ ਲਗਾ ਕੇ ਇਹ ਫ਼ਿਲਮ ਦੂਜਿਆਂ ਨੂੰ ਵਿਖਾ ਰਹੇ ਹਨ। ਇਸੇ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਵੱਡੇ ਕਸਬੇ ਕਾਲਾ ਸੰਘਿਆਂ ਵਿਖੇ ਨੌਜਵਾਨਾਂ ਵੱਲੋਂ ਸਥਾਨਕ ਗੁਰਦੁਆਰਾ ਖ਼ਾਸ ਕਾਲਾ ਵਿਖੇ ਰਾਤ 9 ਵਜੇ ਵੱਡੀ ਸਕਰੀਨ ਲਗਾ ਕੇ ਇਸ ਫ਼ਿਲਮ ਨੂੰ ਚਲਾਇਆ ਗਿਆ ਅਤੇ ਵੱਡੀ ਗਿਣਤੀ ਵਿਚ ਨੌਜਵਾਨ, ਬਜ਼ੁਰਗ, ਔਰਤਾਂ ਤੇ ਬੱਚੇ ਇਸ ਫ਼ਿਲਮ ਨੂੰ ਵੇਖਣ ਪਹੁੰਚੇ। ਫ਼ਿਲਮ ’ਚ ਪੁਲਿਸ ਵਾਲਿਆਂ ਦਾ ਕਿਰਦਾਰ ਨਿਭਾ ਰਹੇ ਅਦਾਕਾਰਾਂ ਵੱਲੋਂ ਉਸ ਵੇਲੇ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੇ ਜਬਰ ਜ਼ੁਲਮ ਨੂੰ ਬਾਖ਼ੂਬੀ ਦਿਖਾਇਆ ਗਿਆ ਜਿਸ ਨੂੰ ਵੇਖ ਕੇ ਜਿੱਥੇ ਬਜ਼ੁਰਗਾਂ ਦੀਆਂ ਅੱਖਾਂ ’ਚ ਉਹ ਸਮਾਂ ਯਾਦ ਕਰਦਿਆਂ ਹੰਝੂ ਸਨ, ਉੱਥੇ ਹੀ ਹੋਰਨਾਂ ਦੀਆਂ ਅੱਖਾਂ ਵੀ ਨਮ ਹੋਈਆਂ। ਇਕੱਤਰ ਲੋਕਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਿਆਂ ਪ੍ਰਾਪਤ ਕੀਤੀ ਸ਼ਹਾਦਤ ਨੂੰ ਸਿਜਦਾ ਕੀਤਾ ਅਤੇ ਸਰਕਾਰ ਵੱਲੋਂ ਫ਼ਿਲਮ ਬੈਨ ਕਰਨ ਦੇ ਕੀਤੇ ਕੋਝੇ ਫ਼ੈਸਲੇ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਅੱਜ ਇਸ ਫ਼ਿਲਮ ਦੇ ਬੈਨ ਹੋਣ ’ਤੇ ਸਿਆਸਤ ਕਰ ਰਹੀਆਂ ਪਾਰਟੀਆਂ ਦੇ ਆਗੂ ਸਿਰਫ਼ ਮਗਰਮੱਛ ਵਾਲੇ ਹੰਝੂ ਵਹਾਅ ਰਹੇ ਹਨ ਜਦਕਿ ਪੰਜਾਬ ਨੂੰ ਉਹ ਕਾਲਾ ਦੌਰ ਇਹਨਾਂ ਪਾਰਟੀਆਂ ਦੀ ਹੀ ਦੇਣ ਸੀ ਤੇ ਉਸ ਵੇਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਲੜਾਈ ਲੜਦੇ-ਲੜਦੇ ਭਾਈ ਖਾਲੜਾ ਖ਼ੁਦ ਸ਼ਹੀਦੀ ਪ੍ਰਾਪਤ ਕਰ ਗਏ।