- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਲਤਾਨਪੁਰ ਲੋਧੀ ਚ ਔਰਤ ਦੇ ਨਸ਼ੇ ਕਰਨ ਵਾਲੀ ਵੀਡੀਓ ਦਾ ਮਾਮਲਾ ਭਖਿਆ

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਮਹਿਲਾ ਦੀ ਕਥਿਤ ਨਸ਼ਾ ਕਰਦੇ ਹੋਏ ਦੀ ਵੀਡੀਓ ਨੇ ਨਾ ਸਿਰਫ਼ ਲੋਕਾਂ ਵਿਚ ਚਿੰਤਾ ਪੈਦਾ ਕੀਤੀ ਹੈ, ਸਗੋਂ ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਅੰਦਰ ਵੀ ਇਹ ਮੁੱਦਾ ਗਰਮਾ ਗਿਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦਾਅਵਿਆਂ ਵਿਚਕਾਰ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈ ਵੀਡੀਓ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਕਟਿਹਰੇ ਵਿਚ ਖੜ੍ਹਾ ਕਰ ਦਿੱਤਾ ਹੈ। ਪਾਵਨ ਨਗਰੀ ਸੁਲਤਾਨਪੁਰ ਲੋਧੀ ਨਾਲ ਜੁੜੀ ਇਸ ਵੀਡੀਓ ਨੇ ਨਾ ਸਿਰਫ਼ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਗੋਂ ਨਸ਼ਿਆਂ ਖ਼ਿਲਾਫ਼ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਹਕੀਕਤ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਮਾਮਲੇ ਨੂੰ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਮਹਿਲਾਵਾਂ ਵੀ ਨਸ਼ੇ ਦੀ ਦਲਦਲ ਵਿਚ ਫਸਦੀਆਂ ਨਜ਼ਰ ਆ ਰਹੀਆਂ ਹਨ ਤਾਂ ਇਹ ਸਿਰਫ਼ ਇਕ ਵਿਅਕਤੀ ਦਾ ਮਾਮਲਾ ਨਹੀਂ, ਸਗੋਂ ਪੂਰੇ ਪ੍ਰਬੰਧ ਦੀ ਅਸਫਲਤਾ ਦਾ ਸਬੂਤ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਨਸ਼ਿਆਂ ਖ਼ਿਲਾਫ਼ ਜੰਗ ਸਿਰਫ਼ ਬਿਆਨਾਂ ਤੇ ਪ੍ਰਚਾਰ ਤੱਕ ਸੀਮਿਤ ਨਜ਼ਰ ਆ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ "ਸਰਕਾਰ ਵੱਲੋਂ ਹਰ ਰੋਜ਼ ਨਸ਼ਿਆਂ ਖ਼ਿਲਾਫ਼ ਕਾਰਵਾਈਆਂ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਸੁਲਤਾਨਪੁਰ ਲੋਧੀ ਨਾਲ ਜੁੜੀ ਇਹ ਕਥਿਤ ਵੀਡੀਓ ਉਹਨਾਂ ਦਾਅਵਿਆਂ ਦੀ ਅਸਲੀਅਤ ਸਾਹਮਣੇ ਲਿਆ ਰਹੀ ਹੈ। ਜੇਕਰ ਅੱਜ ਮਹਿਲਾਵਾਂ ਵੀ ਨਸ਼ੇ ਦੀ ਦਲਦਲ ਵਿਚ ਫਸੀਆਂ ਨਜ਼ਰ ਆ ਰਹੀਆਂ ਹਨ ਤਾਂ ਇਹ ਸਿਰਫ਼ ਇੱਕ ਵਿਅਕਤੀ ਦੀ ਗਲਤੀ ਨਹੀਂ, ਸਗੋਂ ਪੂਰੇ ਸਿਸਟਮ ਦੀ ਨਾਕਾਮੀ ਹੈ।
ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਹਿਲਾਂ ਨਸ਼ਿਆਂ ਦੇ ਮਾਮਲਿਆਂ ਵਿਚ ਜ਼ਿਆਦਾਤਰ ਨੌਜਵਾਨ ਮੁੰਡਿਆਂ ਦੇ ਨਾਮ ਸਾਹਮਣੇ ਆਉਂਦੇ ਸਨ, ਪਰ ਹੁਣ ਮਹਿਲਾਵਾਂ ਨਾਲ ਜੁੜੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਣਾ ਬਹੁਤ ਗੰਭੀਰ ਮਾਮਲਾ ਹੈ। ਇਹ ਦਰਸਾਉਂਦਾ ਹੈ ਕਿ ਨਸ਼ੇ ਦਾ ਜ਼ਹਿਰ ਸਮਾਜ ਦੇ ਹਰ ਵਰਗ ਤੱਕ ਪਹੁੰਚ ਚੁੱਕਾ ਹੈ ਤੇ ਸਰਕਾਰ ਦੀਆਂ ਨੀਤੀਆਂ ਜ਼ਮੀਨੀ ਪੱਧਰ 'ਤੇ ਉਮੀਦਾਂ ਅਨੁਸਾਰ ਨਤੀਜੇ ਨਹੀਂ ਦੇ ਰਹੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ ਐੱਸਸੀ ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਬੂਲ੍ਹੇ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਗੁਰੂਆਂ ਦੀ ਪਵਿੱਤਰ ਧਰਤੀ ਹੈ। ਇਸ ਧਰਤੀ ਨਾਲ ਅਜਿਹੀਆਂ ਤਸਵੀਰਾਂ ਦਾ ਜੁੜਨਾ ਹਰ ਪੰਜਾਬੀ ਲਈ ਚਿੰਤਾ ਤੇ ਸ਼ਰਮ ਦਾ ਵਿਸ਼ਾ ਹੈ। ਜੇਕਰ ਇਸ ਪਵਿੱਤਰ ਨਗਰੀ ਵਿਚ ਵੀ ਨਸ਼ਿਆਂ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ ਤਾਂ ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਕਿਹਾ ਕਿ ਪੁਲਿਸ ਹਰ ਰੋਜ਼ ਨਸ਼ਾ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਦੇ ਅੰਕੜੇ ਪੇਸ਼ ਕਰਦੀ ਹੈ, ਪਰ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਆਖ਼ਰ ਨਸ਼ਾ ਲੋਕਾਂ ਤੱਕ ਪਹੁੰਚ ਕਿਵੇਂ ਰਿਹਾ ਹੈ। ਜਦੋਂ ਤੱਕ ਨਸ਼ੇ ਦੀ ਸਪਲਾਈ ਚੇਨ ਤੇ ਵੱਡੇ ਤਸਕਰਾਂ 'ਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਹਾਲਾਤਾਂ ਵਿਚ ਵੱਡਾ ਬਦਲਾਅ ਨਹੀਂ ਆ ਸਕਦਾ।
ਸਤਨਾਮ ਸਿੰਘ ਸਾਬੀ ਤਲਵੰਡੀ ਚੌਧਰੀਆਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕਿਹਾ ਕਿ ਇਹ ਸਿਰਫ਼ ਇਕ ਵਾਇਰਲ ਵੀਡੀਓ ਨਹੀਂ, ਸਗੋਂ ਸਮਾਜ ਲਈ ਖ਼ਤਰੇ ਦੀ ਘੰਟੀ ਹੈ। ਜਦੋਂ ਮਹਿਲਾਵਾਂ ਵੀ ਇਸ ਦਲਦਲ ਵਿਚ ਫਸਦੀਆਂ ਨਜ਼ਰ ਆਉਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਮੱਸਿਆ ਕਾਫ਼ੀ ਡੂੰਘੀ ਹੋ ਚੁੱਕੀ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਉਧਰ ਖਾਸ ਗੱਲ ਇਹ ਹੈ ਕਿ ਵੀਡੀਓ ਵਿਚ ਨਜ਼ਰ ਆ ਰਹੇ ਤਿੰਨ ਵਿਅਕਤੀਆਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕਾਰਵਾਈ ਕਰਕੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਭੇਜ ਦਿੱਤਾ ਗਿਆ ਹੈ, ਪਰ ਵੀਡੀਓ ਵਿਚ ਕਥਿਤ ਤੌਰ 'ਤੇ ਨਸ਼ਾ ਕਰਦੀ ਦਿਖਾਈ ਦੇ ਰਹੀ ਮਹਿਲਾ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਇਸ ਨੂੰ ਲੈ ਕੇ ਵੀ ਲੋਕਾਂ ਵਿਚ ਚਰਚਾ ਹੈ ਕਿ ਜਦੋਂ ਵੀਡੀਓ ਪੂਰੇ ਸੂਬੇ ਵਿਚ ਵਾਇਰਲ ਹੋ ਚੁੱਕੀ ਹੈ ਤਾਂ ਫਿਰ ਮਹਿਲਾ ਤੱਕ ਪਹੁੰਚਣ ਵਿਚ ਦੇਰੀ ਕਿਉਂ ਹੋ ਰਹੀ ਹੈ।