ਬੇਗਮਪੁਰਾ ਖ਼ਾਲਸਾ ਲਹਿਰ ਰਾਹੀਂ ਸਿੱਖ ਤੇ ਦਲਿਤ ਸਮਾਜ ਦੀ ਸਾਂਝ ਹੋਰ ਕਰਾਂਗੇ ਮਜ਼ਬੂਤ : ਮਾਨ ਬੇਗਮਪੁਰਾ ਖ਼ਾਲਸਾ ਲਹਿਰ ਰਾਹੀਂ ਸਿੱਖ ਅਤੇ ਦਲਿਤ ਸਮਾਜ ਦੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ — ਇਮਾਨ ਸਿੰਘ ਮਾਨ
Publish Date: Mon, 13 Jul 2026 06:48 PM (IST)
Updated Date: Tue, 14 Jul 2026 04:06 AM (IST)
ਅਗਸਤ-ਸਤੰਬਰ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ’ਚ ਕਰਵਾਏ ਜਾਣਗੇ ਬੇਗਮਪੁਰਾ ਪੰਥਕ ਇਕੱਠ ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਜੈ ਭੀਮ ਟੀਮ ਪੰਜਾਬ ਵੱਲੋਂ ‘ਬੇਗਮਪੁਰਾ ਖ਼ਾਲਸਾ ਲਹਿਰ’ ਦੇ ਸਿਧਾਂਤਕ ਸੰਕਲਪ ਨੂੰ ਪੰਜਾਬ ਦੇ ਘਰ-ਘਰ ਤੱਕ ਪਹੁੰਚਾਉਣ ਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ‘ਬੇਗਮਪੁਰਾ ਪੰਥਕ ਇਕੱਠ’ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਰੀ ਬਿਆਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਰਨੀ ਪ੍ਰਧਾਨ ਇਮਾਨ ਸਿੰਘ ਮਾਨ ਅਤੇ ਬੇਗਮਪੁਰਾ ਖ਼ਾਲਸਾ ਲਹਿਰ ਦੇ ਕੁਆਰਡੀਨੇਟਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਡਾ. ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਇਹ ਸਮੁੱਚੇ ਪ੍ਰੋਗਰਾਮ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦਿੱਤੇ ਬਰਾਬਰੀ, ਮਨੁੱਖੀ ਸਨਮਾਨ, ਨਿਆਂ ਅਤੇ ਜ਼ੁਲਮ-ਰਹਿਤ ਸਮਾਜ ਦੇ ਸੰਦੇਸ਼ ਨੂੰ ਅਮਲੀ ਰੂਪ ਦੇਣ ਲਈ ਸਿੱਖ ਸਮਾਜ ਅਤੇ ਦਲਿਤ ਸਮਾਜ ਦੀ ਸਾਂਝ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ‘ਬੇਗਮਪੁਰਾ ਖ਼ਾਲਸਾ ਲਹਿਰ’ ਕਿਸੇ ਇੱਕ ਵਰਗ ਜਾਂ ਭਾਈਚਾਰੇ ਤੱਕ ਸੀਮਤ ਨਾ ਹੋ ਕੇ ਸਮੁੱਚੀ ਮਨੁੱਖਤਾ ਲਈ ਬਰਾਬਰੀ, ਭਾਈਚਾਰਕ ਸਾਂਝ ਅਤੇ ਸਮਾਜਿਕ ਨਿਆਂ ਦੀ ਲਹਿਰ ਹੈ। ਡਾ. ਜੱਖੂ ਨੇ ਦੱਸਿਆ ਕਿ ਅਗਸਤ ਅਤੇ ਸਤੰਬਰ ਮਹੀਨਿਆਂ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੇਗਮਪੁਰਾ ਪੰਥਕ ਇਕੱਠ ਕਰਵਾਏ ਜਾਣਗੇ। ਐਲਾਨੇ ਗਏ ਪ੍ਰੋਗਰਾਮਾਂ ਅਨੁਸਾਰ 2 ਅਗਸਤ ਨੂੰ ਹੁਸ਼ਿਆਰਪੁਰ, 8 ਅਗਸਤ ਨੂੰ ਫ਼ਤਹਿਗੜ੍ਹ ਸਾਹਿਬ ਅਤੇ 30 ਅਗਸਤ ਨੂੰ ਬਰਨਾਲਾ ਵਿਖੇ ਬੇਗਮਪੁਰਾ ਪੰਥਕ ਇਕੱਠ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਵਿਦੇਸ਼ ਦੌਰੇ ਤੋਂ ਵਾਪਸ ਆਉਣ ਉਪਰੰਤ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਕੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਹੋਣ ਵਾਲੇ ਇਕੱਠਾਂ ਦੀਆਂ ਤਰੀਕਾਂ ਤੇ ਸਥਾਨਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਨੇ ਕਿਹਾ ਕਿ ਦੋਵਾਂ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵਿੱਚ ਬੇਗਮਪੁਰਾ ਖ਼ਾਲਸਾ ਲਹਿਰ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਜੈ ਭੀਮ ਟੀਮ ਪੰਜਾਬ ਦੀਆਂ ਸਮੁੱਚੀਆਂ ਟੀਮਾਂ ਇਨ੍ਹਾਂ ਪੰਥਕ ਇਕੱਠਾਂ ਨੂੰ ਸਫ਼ਲ ਬਣਾਉਣ ਲਈ ਪੂਰੀ ਸੰਜੀਦਗੀ, ਮਿਹਨਤ ਅਤੇ ਸਮਰਪਣ ਨਾਲ ਤਿਆਰੀਆਂ ਵਿੱਚ ਜੁੱਟੀਆਂ ਹੋਈਆਂ ਹਨ। ਇਮਾਨ ਸਿੰਘ ਮਾਨ ਨੇ ਦੱਸਿਆ ਕਿ ਲਹਿਰ ਦੇ ਕੁਆਰਡੀਨੇਟਰ ਡਾ. ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਹੇਠ ਪਾਰਟੀ ਤੇ ਜੈ ਭੀਮ ਟੀਮ ਪੰਜਾਬ ਦੇ ਸੀਨੀਅਰ ਆਗੂ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕਰਨਗੇ ਅਤੇ ਲੋਕਾਂ ਨੂੰ ਇਸ ਇਤਿਹਾਸਕ ਸਮਾਜਿਕ ਤੇ ਪੰਥਕ ਲਹਿਰ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਡਾ. ਜੱਖੂ ਅਤੇ ਹੋਰ ਸੀਨੀਅਰ ਆਗੂਆਂ ਨਾਲ ਮਿਲ ਕੇ ਵੱਖ-ਵੱਖ ਇਲਾਕਿਆਂ ਵਿੱਚ ਹੋਣ ਵਾਲੀਆਂ ਤਿਆਰੀ ਮੀਟਿੰਗਾਂ ਵਿੱਚ ਹਿੱਸਾ ਲੈਣਗੇ। ਉਨ੍ਹਾਂ ਅੱਗੇ ਦੱਸਿਆ ਕਿ ਖੰਨਾ ਅਤੇ ਜ਼ਿਲ੍ਹਾ ਮੋਗਾ ਵਿੱਚ ਹੋਣ ਵਾਲੇ ਬੇਗਮਪੁਰਾ ਪੰਥਕ ਇਕੱਠਾਂ ਦੀਆਂ ਤਰੀਕਾਂ ਵੀ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿੱਚ ਐਲਾਨ ਦਿੱਤੀਆਂ ਜਾਣਗੀਆਂ। ਆਗੂਆਂ ਨੇ ਪੰਜਾਬ ਦੇ ਸਮੂਹ ਇਨਸਾਫ਼ਪਸੰਦ, ਪੰਥਕ, ਦਲਿਤ, ਮਜ਼ਦੂਰ, ਕਿਸਾਨ, ਨੌਜਵਾਨ ਅਤੇ ਬੁੱਧੀਜੀਵੀ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਬੇਗਮਪੁਰਾ ਖ਼ਾਲਸਾ ਲਹਿਰ ਨਾਲ ਜੁੜ ਕੇ ਜਾਤ-ਪਾਤ, ਵਿਤਕਰੇ, ਬੇਇਨਸਾਫ਼ੀ ਅਤੇ ਸਮਾਜਿਕ ਅਸਮਾਨਤਾ ਵਿਰੁੱਧ ਸਾਂਝੀ ਆਵਾਜ਼ ਬੁਲੰਦ ਕਰਨ।