ਪ੍ਰਸ਼ਾਸਨ ਦੇ ਦਾਅਵੇ ਝੂਠੇ, ਹਾਲੇ ਤੱਕ ਨਹੀਂ ਹੋਈ ਡਰੇਨੇਜ ਨਾਲਿਆਂ ਦੀ ਸਫ਼ਾਈ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਦੱਸਿਆ ਝੂਠਾ, ਕਿਹਾ ਡਰੇਨੇਜ ਨਾਲਿਆਂ ਦੀ ਸਫ਼ਾਈ ਅਜੇ ਤੱਕ ਨਹੀਂ ਹੋਈ
Publish Date: Sat, 04 Jul 2026 09:01 PM (IST)
Updated Date: Sat, 04 Jul 2026 09:02 PM (IST)
ਡਰੇਨ ਦੀ ਸਫ਼ਾਈ ਨਾ ਹੋਈ ਤਾਂ 30 ਤੋਂ ਵੱਧ ਪਿੰਡ ਹੋਣਗੇ ਪ੍ਰਭਾਵਿਤ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਹੇਠ ਪਿੰਡ ਗਿੱਲਾਂ ਨੇੜੇ ਡਰੇਨੇਜ ਨਾਲਿਆਂ ਦੀ ਸਫ਼ਾਈ ਨਾ ਹੋਣ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੇ ਨਾਅਰੇਬਾਜ਼ੀ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਡਰੇਨੇਜ ਨਾਲਿਆਂ ਦੀ ਸਫ਼ਾਈ ਸਬੰਧੀ ਕੀਤੇ ਗਏ ਦਾਅਵਿਆਂ ਨੂੰ ਹਕੀਕਤ ਤੋਂ ਉਲਟ ਕਰਾਰ ਦਿੱਤਾ। ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਕਿਸਾਨ ਆਗੂ ਪਰਮਜੀਤ ਸਿੰਘ ਪੱਕਾ ਕੋਠਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬੰਬ ਨੇ ਕਿਹਾ ਕਿ ਪ੍ਰਸ਼ਾਸਨ ਕਾਗਜ਼ਾਂ ਵਿੱਚ ਨਾਲਿਆਂ ਦੀ ਸਫ਼ਾਈ ਦੇ ਦਾਅਵੇ ਕਰ ਰਿਹਾ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਡਰੇਨੇਜ ਨਾਲੇ ਅਜੇ ਵੀ ਝਾੜੀਆਂ, ਜੰਗਲੀ ਬੂਟੀ, ਗਾਰ ਅਤੇ ਮਿੱਟੀ ਨਾਲ ਭਰੇ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੌਨਸੂਨ ਤੋਂ ਪਹਿਲਾਂ ਤੁਰੰਤ ਸਫ਼ਾਈ ਨਾ ਕਰਵਾਈ ਗਈ ਤਾਂ ਸੁਲਤਾਨਪੁਰ ਲੋਧੀ ਹਲਕੇ ਦੇ ਡੱਲਾ, ਅਮਰਜੀਤਪੁਰ, ਮੌਖੇ, ਤੋਤੀ, ਗਿੱਲਾਂ, ਫੌਜੀ ਕਾਲੋਨੀ, ਮਨਿਆਲਾ, ਤਾਸ਼ਪੁਰ, ਤਾਰਪੁਰ ਸਮੇਤ 30 ਤੋਂ ਵੱਧ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਵੇਗੀ। ਇਸ ਕਾਰਨ ਹਜ਼ਾਰਾਂ ਏਕੜ ਖੇਤੀਬਾੜੀ ਵਾਲੀ ਜ਼ਮੀਨ ਵਿੱਚ ਪਾਣੀ ਭਰ ਸਕਦਾ ਹੈ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਸਮੇਂ ਸਿਰ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਕਈ ਪਿੰਡਾਂ ਵਿੱਚ ਪਾਣੀ ਭਰਨ ਨਾਲ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋਈਆਂ ਸਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ। ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਦੋਸ਼ ਲਗਾਇਆ ਕਿ ਨੈਸ਼ਨਲ ਹਾਈਵੇ ਦੇ ਠੇਕੇਦਾਰ ਵੱਲੋਂ ਪਿੰਡ ਗਿੱਲਾਂ ਨੇੜੇ ਡਰੇਨੇਜ ਨਾਲੇ ਵਿੱਚ ਬਿਨਾਂ ਕਿਸਾਨਾਂ ਨੂੰ ਜਾਣਕਾਰੀ ਦਿੱਤੇ ਪੁਲੀ ਦਾ ਨਿਰਮਾਣ ਕਰਕੇ ਰਸਤਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਬਰਸਾਤ ਦੇ ਦਿਨਾਂ ਵਿੱਚ ਪਾਣੀ ਦੀ ਨਿਕਾਸੀ ਰੁਕਣ ਦਾ ਖ਼ਤਰਾ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਡਰੇਨੇਜ ਨਾਲਿਆਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ, ਪੁਲੀ ਦੇ ਨਿਰਮਾਣ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਪਾਣੀ ਦੀ ਨਿਕਾਸੀ ਨੂੰ ਹਰ ਹਾਲਤ ਵਿੱਚ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕਿਸੇ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਡਰੇਨੇਜ ਨਾਲਿਆਂ ਦੀ ਸਫ਼ਾਈ ਅਤੇ ਹੋਰ ਮੰਗਾਂ ’ਤੇ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਕਿਸਾਨ ਆਗੂ ਬਲਵਿੰਦਰ ਸਿੰਘ ਬੰਬ, ਕਿਸਾਨ ਆਗੂ ਪਰਮਜੀਤ ਸਿੰਘ ਪੱਕਾ ਕੋਠਾ,ਮਨਜੀਤ ਸਿੰਘ ਗਿੱਲ, ਨਿਰਮਲ ਸਿੰਘ, ਕੇਹਰ ਸਿੰਘ, ਅਵਤਾਰ ਸਿੰਘ, ਸਤਬੀਰ ਸਿੰਘ, ਅਮਰਜੀਤ ਸਿੰਘ ਮਹੱਬਲੀਪੁਰ, ਦਵਿੰਦਰ ਸਿੰਘ, ਲਖਵਿੰਦਰ ਸਿੰਘ, ਇਕਬਾਲ ਸਿੰਘ, ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਮੋਮੀ, ਮਲਕੀਤ ਸਿੰਘ ਵੱਡੀ ਗਿਣਤੀ’ਚ ਕਿਸਾਨ ਮੌਜੂਦ ਸਨ। ਕੀ ਕਹਿਣਾ ਹੈ ਸੁਪਰਵਾਈਜ਼ਰ ਦਾ ਦੂਜੇ ਪਾਸੇ ਨਿਰਮਾਣ ਕਾਰਜ ਦੀ ਨਿਗਰਾਨੀ ਕਰ ਰਹੇ ਸੁਪਰਵਾਈਜ਼ਰ ਜੈ ਗੋਪਾਲ ਨੇ ਕਿਸਾਨਾਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਡਰੇਨੇਜ ਨਾਲੇ ਵਿੱਚ ਬਣ ਰਹੀ ਪੁਲੀ ਵਿਭਾਗ ਤੋਂ ਵਿਧੀਵਤ ਮਨਜ਼ੂਰੀ ਲੈਣ ਤੋਂ ਬਾਅਦ ਹੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲੀ ਵਿੱਚ ਲੋੜੀਂਦੇ ਪਾਈਪ ਪਾਏ ਗਏ ਹਨ, ਤਾਂ ਜੋ ਬਰਸਾਤ ਦੌਰਾਨ ਪਾਣੀ ਦੇ ਵਹਾਅ ਵਿੱਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਦਾ ਦਾਅਵਾ ਸੀ ਕਿ ਸਾਰਾ ਕੰਮ ਵਿਭਾਗੀ ਨਿਯਮਾਂ ਅਨੁਸਾਰ ਕੀਤਾ ਜਾ ਰਿਹਾ ਹੈ ਅਤੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਨਹੀਂ ਹੋਵੇਗੀ।