ਚਿੜੀਏ ਜੀ, ਚਿੜੀਏ ਮਰ ਵਾਂਗ ਚੱਲ ਰਿਹਾ ਅਧਿਆਪਕ ਬਦਲੀ ਪੋਰਟਲ : ਜੀਟੀਯੂ
ਚਿੜੀਏ ਜੀ, ਚਿੜੀਏ ਮਰ" ਵਾਂਗ ਚੱਲ ਰਿਹਾ ਅਧਿਆਪਕ ਬਦਲੀ ਪੋਰਟਲ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
Publish Date: Tue, 23 Jun 2026 09:35 PM (IST)
Updated Date: Tue, 23 Jun 2026 09:37 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਨੇ ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਅਧਿਆਪਕ ਬਦਲੀ ਪ੍ਰਕਿਰਿਆ-2026 ਦੌਰਾਨ ਪੋਰਟਲ ਨੂੰ ਵਾਰ-ਵਾਰ ਬਿਨਾਂ ਯੋਗ ਨੋਟਿਸ ਖੋਲ੍ਹਣ ਤੇ ਬੰਦ ਕਰਨ ਦੇ ਢੰਗ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ, ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਤੇ ਜ਼ਿਲਾ ਕਪੂਰਥਲਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ ਨੇ ਕਿਹਾ ਕਿ ਇਸ ਕਾਰਨ ਹਜ਼ਾਰਾਂ ਅਧਿਆਪਕ ਬਦਲੀ ਪ੍ਰਕਿਰਿਆ ਦੇ ਲਾਭ ਤੋਂ ਵਾਂਝੇ ਰਹਿ ਰਹੇ ਹਨ ਤੇ ਪੂਰੀ ਪ੍ਰਕਿਰਿਆ ਦੀ ਪਾਰਦਰਸ਼ਤਾ ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਦਲੀ ਪ੍ਰਕਿਰਿਆ ਦੀ ਸ਼ੁਰੂਆਤ ਸਮੇਂ ਵਿਭਾਗ ਵੱਲੋਂ ਬਕਾਇਦਾ ਨੋਟਿਸ ਜਾਰੀ ਕਰਕੇ ਅਧਿਆਪਕਾਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਸੀ। ਉਸ ਸਮੇਂ ਦੋ ਸਾਲ ਤੋਂ ਘੱਟ ਸਟੇਅ ਵਾਲੇ ਅਧਿਆਪਕ ਬਦਲੀ ਲਈ ਅਪਲਾਈ ਨਹੀਂ ਕਰ ਸਕਦੇ ਸਨ ਪਰ ਬਾਅਦ ਵਿਚ ਅਚਾਨਕ ਪੋਰਟਲ ਵਿਚ ਤਬਦੀਲੀ ਕਰਕੇ ਸਟੇਅ ਦੀ ਸ਼ਰਤ ਹਟਾ ਦਿੱਤੀ ਗਈ ਤੇ ਸਾਰੇ ਅਧਿਆਪਕਾਂ ਨੂੰ ਅਪਲਾਈ ਕਰਨ ਦੀ ਆਗਿਆ ਦੇ ਦਿੱਤੀ ਗਈ। ਇਸ ਮਹੱਤਵਪੂਰਨ ਤਬਦੀਲੀ ਸਬੰਧੀ ਅਧਿਆਪਕਾਂ ਨੂੰ ਕੋਈ ਪ੍ਰਭਾਵਸ਼ਾਲੀ ਜਾਂ ਅਧਿਕਾਰਤ ਸੂਚਨਾ ਨਹੀਂ ਦਿੱਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਸਟੇਸ਼ਨ ਚੋਣ ਪ੍ਰਕਿਰਿਆ ਦੌਰਾਨ ਕਈ ਅਧਿਆਪਕਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਡਾਟਾ ਡੀਡੀਓ ਵੱਲੋਂ ਅਪਰੂਵ ਹੀ ਨਹੀਂ ਕੀਤਾ ਗਿਆ। ਵਿਭਾਗ ਵੱਲੋਂ ਇਸ ਸਬੰਧੀ ਸਪੱਸ਼ਟ ਹਦਾਇਤਾਂ ਨਾ ਹੋਣ ਕਾਰਨ ਕਈ ਡੀਡੀਓ ਨੇ ਆਪਣੀ ਮਰਜ਼ੀ ਅਨੁਸਾਰ ਡਾਟਾ ਅਪਰੂਵ ਜਾਂ ਰਿਜੈਕਟ ਕਰ ਦਿੱਤਾ। ਅਧਿਆਪਕਾਂ ਨੂੰ ਇਸ ਬਾਰੇ ਉਦੋਂ ਜਾਣਕਾਰੀ ਮਿਲੀ ਜਦੋਂ ਸਟੇਸ਼ਨ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ। ਇਸ ਦੇ ਨਾਲ਼ ਹੀ ਪੋਰਟਲ ਵਿਚ ਸਟੇਸ਼ਨ ਚੋਣ ਸਮੇਂ ਪਹਿਲਾਂ ਭਰੀਆਂ ਪੋਸਟਾਂ ਵਾਲੇ ਸਕੂਲਾਂ ਵਿਚ ਵੀ ਖ਼ਾਲੀ ਪੋਸਟਾਂ ਦਿਖਾਉਣ ਨਾਲ਼ ਇਨ੍ਹਾਂ ਸਕੂਲਾਂ ਵਿਚ ਪਹਿਲਾਂ ਪੋਸਟਿਡ ਅਧਿਆਪਕਾਂ ਵਿਚ ਬੇਚੈਨੀ ਵੱਧ ਗਈ ਹੈ। ਵਿਭਾਗ ਦੀ ਇਹ ਬਹੁਤ ਵੱਡੀ ਅਣਗਹਿਲੀ ਮੰਨੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਵਿਰੋਧ ਤੋਂ ਬਾਅਦ ਵਿਭਾਗ ਨੇ ਇਕ ਦਿਨ ਲਈ ਪੋਰਟਲ ਖੋਲ੍ਹ ਕੇ ਡਾਟਾ ਵੈਰੀਫਿਕੇਸ਼ਨ ਦਾ ਮੌਕਾ ਦਿੱਤਾ, ਪਰ ਇਹ ਸਮਾਂ ਵੀ ਬਹੁਤ ਘੱਟ ਸੀ। ਜਦੋਂ ਤੱਕ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਤੱਕ ਇਸ ਦੀ ਸੂਚਨਾ ਪਹੁੰਚਦੀ, ਉਦੋਂ ਤੱਕ ਪੋਰਟਲ ਮੁੜ ਬੰਦ ਹੋ ਚੁੱਕਾ ਸੀ। ਪਿਛਲੇ ਇਕ ਮਹੀਨੇ ਦੌਰਾਨ ਕਈ ਵਾਰ ਪੋਰਟਲ ਸਵੇਰੇ ਖੋਲ੍ਹਿਆ ਗਿਆ ਤੇ ਸ਼ਾਮ ਤੱਕ ਬੰਦ ਕਰ ਦਿੱਤਾ ਗਿਆ, ਜਿਸ ਨਾਲ ਅਧਿਆਪਕਾਂ ਵਿਚ ਭੰਬਲਭੂਸਾ ਤੇ ਅਸੰਤੁਸ਼ਟੀ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਜਿਥੇ ਹੋਰ ਵਿਭਾਗੀ ਪੱਤਰਾਂ ਤੇ ਹਦਾਇਤਾਂ ਨੂੰ ਡੀਈਓ, ਬੀਪੀਈਓ ਤੇ ਸਕੂਲ ਮੁਖੀਆਂ ਰਾਹੀਂ ਸਮੇਂ ਸਿਰ ਅਧਿਆਪਕਾਂ ਤੱਕ ਪਹੁੰਚਾਉਣ ਵਿਚ ਤਤਪਰਤਾ ਦਿਖਾਉਂਦਾ ਹੈ, ਉਥੇ ਬਦਲੀ ਪ੍ਰਕਿਰਿਆ ਸਬੰਧੀ ਜਾਰੀ ਹੋਣ ਵਾਲੀਆਂ ਹਦਾਇਤਾਂ ਤੇ ਤਬਦੀਲੀਆਂ ਵੀ ਉਸੇ ਤਰ੍ਹਾਂ ਅਧਿਆਪਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ। ਸਹੀ ਸਮੇਂ ਸੂਚਨਾ ਨਾ ਮਿਲਣ ਕਾਰਨ ਅੱਜ ਵੀ ਕਈ ਅਧਿਆਪਕ ਆਪਣਾ ਡਾਟਾ ਅਪਡੇਟ ਕਰਨ ਤੋਂ ਵਾਂਝੇ ਹਨ। ਜੀਟੀਯੂ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਨਿੱਜੀ ਤੌਰ ਤੇ ਦਖ਼ਲ ਦੇਣ ਤੇ ਵਿਭਾਗ ਨੂੰ ਹਦਾਇਤਾਂ ਜਾਰੀ ਕਰਨ ਕਿ ਪੋਰਟਲ ਤੇ ਕਿਸੇ ਵੀ ਤਰ੍ਹਾਂ ਦਾ ਡਾਟਾ ਭਰਨ, ਤਸਦੀਕ ਕਰਨ ਜਾਂ ਸਟੇਸ਼ਨ ਚੋਣ ਲਈ ਅਧਿਆਪਕਾਂ ਨੂੰ ਯੋਗ ਤੇ ਵਾਜਬ ਸਮਾਂ ਦਿੱਤਾ ਜਾਵੇ। ਇਸ ਦੇ ਨਾਲ ਹੀ ਪੋਰਟਲ ਖੋਲ੍ਹਣ ਜਾਂ ਬੰਦ ਕਰਨ ਤੋਂ ਪਹਿਲਾਂ ਬਕਾਇਦਾ ਨੋਟਿਸ ਜਾਰੀ ਕੀਤਾ ਜਾਵੇ ਤਾਂ ਜੋ ਹਰ ਅਧਿਆਪਕ ਤੱਕ ਸੂਚਨਾ ਪਹੁੰਚ ਸਕੇ ਤੇ ਬਦਲੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਸੰਪੰਨ ਹੋ ਸਕੇ।