- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਲਤਾਨਪੁਰ ਲੋਧੀ ਨਗਰ ਕੌਂਸਲ ਪ੍ਰਧਾਨਗੀ ਚੋਣ ਟਲੀ, ਸਿਆਸਤ ਹੋਈ ਤੇਜ਼

ਬਹੁਮਤ ਹੋਣ ਦੇ ਬਾਵਜੂਦ ਰੋਕੀ ਗਈ ਵੋਟਿੰਗ : ਵਿਧਾਇਕ ਰਾਣਾ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਨਗਰ ਕੌਂਸਲ ਦੀ ਪ੍ਰਧਾਨਗੀ ਚੋਣ ਅਚਾਨਕ ਮੁਲਤਵੀ ਹੋਣ ਨਾਲ ਵੱਡਾ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਹੈ। ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਅੱਜ ਸਵੇਰੇ 10 ਵਜੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਹੋਣੀ ਸੀ, ਪਰ ਆਖਰੀ ਸਮੇਂ ਚੋਣ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਗਈ। ਇਸ ਫ਼ੈਸਲੇ ਨੇ ਸਿਆਸੀ ਹਲਕਿਆਂ ਵਿੱਚ ਤਿੱਖੀ ਚਰਚਾ ਛੇੜ ਦਿੱਤੀ ਹੈ। ਚੋਣ ਮੁਲਤਵੀ ਹੋਣ ’ਤੇ ਹਲਕਾ ਸੁਲਤਾਨਪੁਰ ਲੋਧੀ ਦੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਸਰਕਾਰ ਤੇ ਹਲਕਾ ਇੰਚਾਰਜ ’ਤੇ ਸਿੱਧਾ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਇਹ ਫੈਸਲਾ ਸਰਕਾਰ ਦੇ ਇਸ਼ਾਰੇ ’ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਐੱਸਡੀਐੱਮ ਨੇ ਚੋਣ ਕਰਵਾਉਣੀ ਸੀ, ਉਹ ਅਚਾਨਕ ਬਿਮਾਰ ਹੋ ਗਏ ਜਿਸ ਕਾਰਨ ਪੂਰੀ ਪ੍ਰਕਿਰਿਆ ਰੋਕ ਦਿੱਤੀ ਗਈ।
ਰਾਣਾ ਨੇ ਕਿਹਾ ਕਿ ਲੋਕਤੰਤਰ ਵਿੱਚ ਬਹੁਮਤ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣ ਦਿੱਤੀ ਜਾਵੇਗੀ। ਰਾਣਾ ਇੰਦਰਪ੍ਰਤਾਪ ਸਿੰਘ ਨੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਗੁਰੂ ਨਗਰੀ ਦੀ ਅਮਨ-ਸ਼ਾਂਤੀ ਵਾਲੀ ਧਰਤੀ ’ਤੇ ਡਰ, ਧੱਕੇਸ਼ਾਹੀ ਅਤੇ ਪਰਚਾ ਕਲਚਰ ਲਾਗੂ ਕਰਨ ਦੀ ਹਰ ਕੋਸ਼ਿਸ਼ ਦਾ ਲੋਕ ਡਟ ਕੇ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਨੇ ਪਹਿਲਾਂ ਵੀ ਅਜਿਹੀ ਸਿਆਸਤ ਨੂੰ ਨਕਾਰਿਆ ਹੈ ਅਤੇ ਹੁਣ ਵੀ ਕਿਸੇ ਨੂੰ ਡਰ ਦੇ ਸਹਾਰੇ ਰਾਜਨੀਤੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਵੀ ਲੀਡਰ ਨੇ ਗੁਰੂ ਨਗਰੀ ਵਿੱਚ ਧੱਕੇਸ਼ਾਹੀ, ਪਰਚਾ ਕਲਚਰ ਜਾਂ ਭੈਅ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਅੰਤ ਵਿੱਚ ਲੋਕਾਂ ਦੇ ਫੈਸਲੇ ਅੱਗੇ ਝੁਕਣਾ ਪਿਆ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦੇ ਲੋਕ ਹਮੇਸ਼ਾਂ ਭਾਈਚਾਰੇ, ਸ਼ਾਂਤੀ ਅਤੇ ਲੋਕਤੰਤਰ ਦੇ ਪੱਖ ਵਿੱਚ ਖੜ੍ਹੇ ਰਹੇ ਹਨ ਅਤੇ ਅੱਗੇ ਵੀ ਰਹਿਣਗੇ।
ਇਸ ਦੌਰਾਨ ਰਾਣਾ ਇੰਦਰਪ੍ਰਤਾਪ ਸਿੰਘ ਨੇ ਵੱਡਾ ਸਿਆਸੀ ਦਾਅ ਖੇਡਦਿਆਂ ਆਪਣੇ ਧੜੇ ਵੱਲੋਂ ਨਗਰ ਕੌਂਸਲ ਪ੍ਰਧਾਨ ਲਈ ਸੰਦੀਪ ਕੌਰ ਚੀਮਾ, ਸੀਨੀਅਰ ਮੀਤ ਪ੍ਰਧਾਨ ਲਈ ਗੁਰਜੀਤ ਕੌਰ ਅਤੇ ਮੀਤ ਪ੍ਰਧਾਨ ਲਈ ਪਵਨ ਕਨੌਜੀਆ ਦੇ ਨਾਂ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪੱਤੇ ਖੋਲ੍ਹ ਦਿੱਤੇ ਹਨ, ਹੁਣ ਸਰਕਾਰ ਜਦੋਂ ਮਰਜ਼ੀ ਚੋਣ ਕਰਵਾ ਲਵੇ।
ਰਾਣਾ ਸਮਰਥਕਾਂ ਕੋਲ ਬਹੁਮਤ, ਸਿਆਸੀ ਮੁਕਾਬਲਾ ਹੋਇਆ ਦਿਲਚਸਪ
ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿੱਚ ਕੁੱਲ 13 ਕੌਂਸਲਰ ਹਨ। ਇਨ੍ਹਾਂ ਵਿੱਚੋਂ 7 ਆਜ਼ਾਦ ਕੌਂਸਲਰ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਸਮਰਥਕ, 5 ਆਮ ਆਦਮੀ ਪਾਰਟੀ ਦੇ ਅਤੇ ਇਕ ਸ਼੍ਰੋਮਣੀ ਅਕਾਲੀ ਦਲ ਦਾ ਕੌਂਸਲਰ ਹੈ। ਇਸ ਤਰ੍ਹਾਂ ਰਾਣਾ ਸਮਰਥਕ ਧੜੇ ਕੋਲ ਨਗਰ ਕੌਂਸਲ ਵਿੱਚ ਸਪੱਸ਼ਟ ਬਹੁਮਤ ਹੈ, ਜਿਸ ਕਾਰਨ ਪ੍ਰਧਾਨਗੀ ਦੀ ਦੌੜ ਵਿੱਚ ਉਨ੍ਹਾਂ ਦਾ ਪੱਲੜਾ ਭਾਰੀ ਮੰਨਿਆ ਜਾ ਰਿਹਾ ਹੈ। ਚੋਣ ਹੁਣ 6 ਜੁਲਾਈ ਨੂੰ ਕਰਵਾਈ ਜਾਵੇਗੀ। ਹਾਲਾਂਕਿ ਪ੍ਰਸ਼ਾਸਨ ਵੱਲੋਂ ਚੋਣ ਮੁਲਤਵੀ ਕਰਨ ਦਾ ਅਜੇ ਤੱਕ ਕੋਈ ਅਧਿਕਾਰਤ ਕਾਰਨ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਸਿਆਸੀ ਬਹਿਸ ਹੋਰ ਤੇਜ਼ ਹੋ ਗਈ ਹੈ। ਬਹੁਮਤ ਹੋਣ ਦੇ ਬਾਵਜੂਦ ਚੋਣ ਟਾਲਣ ਨਾਲ ਵਿਰੋਧੀ ਧਿਰ ਸਰਕਾਰ ਨੂੰ ਘੇਰਨ ਵਿੱਚ ਜੁਟ ਗਈ ਹੈ, ਜਦਕਿ ਪੂਰੇ ਖੇਤਰ ਦੀਆਂ ਨਜ਼ਰਾਂ ਹੁਣ 6 ਜੁਲਾਈ ਨੂੰ ਹੋਣ ਵਾਲੀ ਪ੍ਰਧਾਨਗੀ ਚੋਣ ’ਤੇ ਟਿਕੀਆਂ ਹੋਈਆਂ ਹਨ।