ਤੇਜ਼ ਹਨੇਰੀ ਤੇ ਝੱਖੜ ਬਣਿਆ ਆਫਤ, ਸਾਰੀ ਰਾਤ ਬਿਜਲੀ ਰਹੀ ਗੁੱਲ
ਤੇਜ਼ ਹਨੇਰੀ ਤੇ ਝੱਖੜ ਬਣੇ ਆਫਤ ,ਸਾਰੀ ਰਾਤ ਬਿਜਲੀ ਰਹੀ ਗੁੱਲ
Publish Date: Fri, 12 Jun 2026 10:05 PM (IST)
Updated Date: Fri, 12 Jun 2026 10:05 PM (IST)

ਮੀਂਹ ਨੇ ਕਿਸਾਨਾਂ ਨੂੰ ਦਿੱਤੀ ਰਾਹਤ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਰਾਹਤ ਦਿੰਦਿਆਂ ਬੀਤੀ ਰਾਤ ਪੰਜਾਬ ਦੇ ਹੋਰ ਸ਼ਹਿਰਾਂ ਵਾਂਗ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਵੀ ਦੇਰ ਸ਼ਾਮ ਵਿਚ ਇਕਦਮ ਤਬਦੀਲੀ ਲਿਆ ਦਿੱਤੀ। ਦੇਖਦੇ ਹੀ ਦੇਖਦੇ ਅਸਮਾਨ ਵਿਚ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਛਾ ਗਈਆਂ ਤੇ ਫਿਰ ਅਸਮਾਨ ਵਿਚ ਬਿਜਲੀ ਦੀ ਚਮਕਦਾਰ ਤੇ ਗਰਜ ਨਾਲ ਪਏ ਮੀਂਹ ਨੇ ਵਾਰੇ ਨਿਆਰੇ ਕਰ ਦਿੱਤੇ। ਸਿਖਰ ਦੁਪਹਿਰੇ ਸੜਕਾਂ ’ਤੇ ਗਰਮੀ ਕਾਰਨ ਕਰਫਿਊ ਵਰਗਾ ਮਾਹੌਲ ਸੀ ਪਰ ਦੇਰ ਸ਼ਾਮ ਪਏ ਮੀਂਹ ਨੇ ਹਰ ਵਰਗ ਨੂੰ ਖੁਸ਼ ਕਰ ਦਿੱਤਾ। ਮੀਂਹ ਨਾਲ ਤਾਪਮਾਨ ਵਿਚ ਵੀ ਗਿਰਾਵਟ ਆਈ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਹਾਲਾਂਕਿ ਮੀਂਹ ਦੇ ਨਾਲ ਚੱਲੀ ਹਨੇਰੀ ਨੇ ਕਈ ਥਾਈਂ ਦਰੱਖਤ ਅਤੇ ਬਿਜਲੀ ਵਾਲੇ ਖੰਬੇ ਸੁੱਟ ਦਿੱਤੇ ਜਿਸ ਕਾਰਨ ਬਿਜਲੀ ਸਪਲਾਈ ਸਾਰੀ ਰਾਤ ਬਹਾਲ ਨਹੀਂ ਹੋ ਸਕੀ। ਇਹ ਮੀਂਹ ਮਨੁੱਖੀ ਜਨ ਜੀਵਨ ਤੋਂ ਇਲਾਵਾ ਖੇਤੀ ਸੈਕਟਰ ਨੂੰ ਵੀ ਹੁਲਾਰਾ ਦੇਣ ਵਾਲਾ ਹੈ ਕਿਉਂਕਿ ਤੇਜ਼ ਗਰਮੀ ਕਾਰਨ ਫਸਲਾਂ ਸਬਜ਼ੀਆਂ ਬੁਰੀ ਤਰ੍ਹਾਂ ਮੁਰਝਾਈਆਂ ਹੋਈਆਂ ਸੀ। ਇੰਨੇ ਦਿਨੀਂ ਝੋਨਾ ਲਾਉਣ ਦਾ ਸੀਜ਼ਨ ਵੀ ਸਿਖਰਾਂ ਤੇ ਹੈ ਅਜਿਹੇ ਮੌਸਮ ਵਿਚ ਝੋਨਾ ਲੱਗਦਿਆਂ ਵੀ ਚੱਲ ਪਵੇਗਾ। ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਉੱਥੇ ਇਹ ਪਾਵਨ ਨਗਰੀ ਦੇ ਲੋਕਾਂ ਲਈ ਮੁਸੀਬਤ ਵੀ ਬਣ ਜਾਂਦਾ ਹੈ। ਸ਼ਹਿਰ ਵਿਚ ਚਾਰ ਸਾਲਾਂ ਤੋਂ ਚੱਲੇ ਆ ਰਹੇ ਸਮਾਰਟ ਸਿਟੀ ਦੇ ਨਾਂ ’ਤੇ ਸੀਵਰੇਜ ਤੇ ਵਾਟਰ ਸਪਲਾਈ ਦੇ ਕੰਮ ਮੁਕੰਮਲ ਨਾ ਹੋਣ ਕਾਰਨ ਸ਼ਹਿਰ ਦੇ ਹਰੇਕ ਸੜਕ ’ਤੇ ਪਏ ਟੋਏ ਪਾਣੀ ਨਾਲ ਭਰ ਗਏ। ਉੱਧਰ ਸਾਰੀ ਰਾਤ ਬਿਜਲੀ ਗੁੱਲ ਹੋਣ ਕਾਰਨ ਆਮ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਝੋਨੇ ਦੀ ਲਵਾਈ ਕਰ ਰਹੇ ਕਿਸਾਨਾਂ ਲਈ ਪਈ ਭਾਰੀ ਬਾਰਿਸ਼ ਜਿਥੇ ਵਰਦਾਨ ਸਾਬਿਤ ਹੋਈ, ਉਥੇ ਮੱਕੀ ਦੀ ਕਟਾਈ ਕਰਨ ਵਾਲੇ ਕਿਸਾਨਾਂ ਲਈ ਇਹ ਆਫਤ ਬਣ ਗਿਆ ਹੈ। ਮੱਕੀ ਦੀ ਫਸਲ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਚੁੱਕੀ ਹੈ ਤੇ ਮੀਂਹ ਨੇ ਮੱਕੀ ਦੀ ਕਟਾਈ ਨੂੰ ਵੀ ਪ੍ਰਭਾਵਿਤ ਕੀਤਾ ਹੈ ਤੇ ਮੰਡੀ ਵਿਚ ਆਈ ਹੋਈ ਮੱਕੀ ਦੀ ਫਸਲ ਇਕਦਮ ਆਏ ਮੀਂਹ ਵਿਚ ਭਿੱਜ ਗਈ, ਜਿਸ ਨਾਲ ਕਿਸਾਨਾਂ ਤੇ ਆੜਤੀਆਂ ਨੂੰ ਮੁਸ਼ਕਿਲ ਪੇਸ਼ ਆਈ।