ਪੰਜਾਬ ਨੂੰ ਬਚਾਉਣ ਦਾ ਝੰਡਾ ਪ੍ਰਵਾਸੀ ਪੰਜਾਬੀਆਂ ਨੇ ਚੁੱਕਿਆ : ਟੋਨੀ
ਪੰਜਾਬ ਵਿੱਚ ਡੇਰਾ ਲਾ ਕੇ ਬੈਠੇ ਦਿੱਲੀ ਦੇ ਲੁਟੇਰਿਆਂ ਨੂੰ ਭਜਾਉਣ ਲਈ ਕਨੇਡਾ ਵਿਚੋਂ ਉੱਠਿਆ ਤੂਫਾਨ ਟੋਨੀ
Publish Date: Sat, 20 Jun 2026 06:57 PM (IST)
Updated Date: Sat, 20 Jun 2026 06:57 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕੈਨੇਡਾ ਦੀ ਧਰਤੀ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵੱਲੋਂ ਕੀਤੇ ਗਏ ਪਹਿਲੇ ਸਮਾਗਮ ਵਿਚ ਪ੍ਰਵਾਸੀ ਪੰਜਾਬੀਆਂ ਵੱਲੋਂ ਕੀਤੀ ਗਈ ਵੱਡੇ ਪੱਧਰ ’ਤੇ ਸ਼ਮੂਲੀਅਤ ਨੇ ਆਮ ਆਦਮੀ ਪਾਰਟੀ ਤੇ ਉਸ ਦੀ ਜੁੰਡਲੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਕਤ ਸ਼ਬਦ ਕੈਨੇਡਾ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵਿਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਸੂਬਾ ਜਰਨਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਨੇ ਫੋਨ ’ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਸਮਾਗਮ ਵਿਚ ਪ੍ਰਵਾਸੀ ਪੰਜਾਬੀਆਂ ਵੱਲੋਂ ਕੀਤੇ ਗਏ ਵੱਡੇ ਇਕੱਠ ਕਰਨ ’ਤੇ ਪ੍ਰਵਾਸੀ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਤਹਿ ਦਿਲੋਂ ਉਨ੍ਹਾਂ ਦਾ ਧੰਨਵਾਦ ਕੀਤਾ। ਉਥੇ ਹੀ ਦਿੱਲੀ ਵਾਲਿਆਂ ਦੇ ਲੋਟੂ ਟੋਲੇ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਇਹ ਦੱਸ ਦਿੱਤਾ ਕਿ ਪ੍ਰਵਾਸੀ ਪੰਜਾਬੀ ਹੁਣ ਤੁਹਾਡੇ ਵੱਲੋਂ ਕੀਤੇ ਗਏ ਝੂਠੇ ਵਾਅਦਿਆਂ ਵਿਚ ਫਸਣ ਵਾਲੇ ਨਹੀਂ, ਕਿਉਂਕਿ ਤੁਸੀਂ 2022 ਵਿਚ ਪ੍ਰਵਾਸੀ ਪੰਜਾਬੀਆਂ ਨਾਲ ਤੁਸੀ ਝੂਠੇ ਵਾਅਦੇ ਕਰਕੇ ਜਿਥੇ ਉਨ੍ਹਾਂ ਪਾਸੋਂ ਕਰੋੜਾਂ ਰੁਪਏ ਦੇ ਫੰਡ ਇਕੱਤਰ ਕੀਤੇ, ਉੱਥੇ ਹੀ ਸਰਕਾਰ ਬਣਦਿਆਂ ਐੱਨਆਰਆਈ ਭੈਣਾਂ ਵੀਰਾਂ ਨਾਲ ਉਨ੍ਹਾਂ ਦੀਆਂ ਜਾਇਦਾਦਾਂ ਦੀ ਰਾਖੀ ਕਰਨ ਸਮੇਤ ਹੋਰ ਕੀਤੇ ਵਾਅਦੇ ਸਰਕਾਰ ਬਣਦਿਆਂ ਹੀ ਭੁੱਲ ਗਏ ਤੇ ਇਨ੍ਹਾਂ ਦੇ ਵਿਧਾਇਕ ਮੰਤਰੀ ਹੀ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ, ਕੋਠੀਆਂ ’ਤੇ ਕਬਜ਼ੇ ਕਰਦੇ ਨਜ਼ਰ ਆਏ ਜਦੋਂ ਕਿ ਚੋਣਾਂ ਤੋਂ ਪਹਿਲਾਂ ਦਿੱਲੀ ਵਾਲਿਆਂ ਦੀ ਜੁੰਡਲੀ ਨੇ ਪ੍ਰਵਾਸੀ ਪੰਜਾਬੀਆਂ ਨਾਲ ਉਨ੍ਹਾਂ ਦੀ ਜਾਇਦਾਦਾਂ ਦੀ ਰਾਖੀ ਦਾ ਵਾਅਦਾ ਕੀਤਾ ਸੀ। ਉਥੇ ਹੀ ਟੋਨੀ ਨੇ ਆਖਿਆ ਕਿ ਇਨ੍ਹਾਂ ਝਾੜੂ ਵਾਲਿਆਂ ਦੀ ਸਰਕਾਰ ਨੇ ਪੰਜਾਬ ਨੂੰ ਲੁੱਟ ਕੇ ਦਿੱਲੀ ਵਾਲਿਆਂ ਦੇ ਘਰ ਭਰੇ ਹਨ ਅਤੇ ਵਿਕਾਸ ਦੇ ਜੋ ਵਾਅਦੇ ਕੀਤੇ ਸਨ ਉਹ ਵੀ ਸਿਰਫ ਅਖਬਾਰਾਂ ਵਿਚ ਤੇ ਫਲੈਕਸਾਂ ਵਿਚ ਹੀ ਨਜ਼ਰ ਆਏ ਜਦੋਂ ਕਿ ਗਰਾਊਂਡ ਦੀ ਸਥਿਤੀ ਇੰਨੀ ਮਾੜੀ ਹੈ ਕਿ ਪੰਜਾਬ ਦੀਆਂ ਸੜਕਾਂ ਪੂਰੀ ਤਰਾਂ ਟੁੱਟੀਆਂ ਪਈਆਂ ਹਨ, ਚਿੱਟਾ ਨਸ਼ਾ ਜਿਸ ਨੂੰ ਬੰਦ ਕਰਨ ਲਈ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਚਲਾ ਕੇ ਜਿਥੇ ਪੰਜਾਬ ਦਾ ਕਰੋੜਾਂ ਰੁਪਈਆ ਬਰਬਾਦ ਕੀਤਾ, ਪਰ ਅੱਜ ਨਸ਼ਾ ਪਿੰਡਾਂ ਵਿਚ ਕਰਿਆਨੇ ਦੀਆਂ ਦੁਕਾਨਾਂ ਤੋਂ ਖਰੀਦਿਆ ਜਾ ਸਕਦਾ ਹੈ ਤੇ ਚਿੱਟੇ ਦੀ ਸਪਲਾਈ ਹੁਣ ਘਰਾਂ ਤੱਕ ਪੁੱਜ ਰਹੀ ਹੈ। ਟੋਨੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਯਕੀਨ ਦਿਵਾਉਂਦਿਆਂ ਆਖਿਆ ਕੇ ਇਸ ਵਾਰ ਪ੍ਰਵਾਸੀ ਪੰਜਾਬੀਆਂ ਨੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਪੂਰੀ ਤਰ੍ਹਾਂ ਠਾਣ ਲਈ ਹੈ। ਉਨ੍ਹਾਂ ਨੇ ਆਖਿਆ ਕਿ ਭਾਵੇਂ ਚੋਣਾਂ ਸਮੇਂ ਤੋਂ ਪਹਿਲਾਂ ਹੋ ਰਹੀਆਂ ਹਨ ਫਿਰ ਵੀ ਪ੍ਰਵਾਸੀ ਪੰਜਾਬੀ ਆਪਣੇ ਪੇਕੇ ਪੰਜਾਬ ਨੂੰ ਹੁਣ ਇਨ੍ਹਾਂ ਦਿੱਲੀ ਵਾਲੇ ਲੁਟੇਰਿਆਂ ਹੱਥੋਂ ਲੁੱਟਦਾ ਨਹੀਂ ਦੇਖ ਸਕਦੇ, ਇਸ ਲਈ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਇਨ੍ਹਾਂ ਦਿੱਲੀ ਵਾਲਿਆਂ ਨੂੰ ਹਮੇਸ਼ਾ ਲਈ ਪੰਜਾਬ ਵਿਚੋਂ ਬਾਹਰ ਕੱਢ ਕੇ ਸਾਹ ਲੈਣਗੇ।