ਪ੍ਰਿੰਸੀਪਲਾਂ ਦੀਆਂ ਤਰੱਕੀਆਂ 'ਤੋ ਸਟੇਅ ਟੁੱਟੀ, ਤਰੱਕੀਆਂ ਦਾ ਰਾਹ ਖੁੱਲ੍ਹਿਆ ਪ੍ਰਿੰਸੀਪਲਾਂ ਦੀਆਂ ਤਰੱਕੀਆਂ 'ਤੋ ਸਟੇਅ ਟੁੱਟੀ,ਤਰੱਕੀਆਂ ਦਾ ਰਾਹ ਖੁੱਲ੍ਹਿਆ
Publish Date: Mon, 06 Jul 2026 07:26 PM (IST)
Updated Date: Tue, 07 Jul 2026 04:03 AM (IST)
--ਜਥੇਬੰਦੀ ਦੇ ਦਬਾਅ ਤੇ ਕਾਨੂੰਨੀ ਲੜਾਈ ਸਦਕਾ ਤਰੱਕੀਆਂ ਦਾ ਰਾਹ ਖੁੱਲ੍ਹਿਆ : ਡੀਟੀਐੱਫ਼ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ, ਕਪੂਰਥਲਾ : ਸਿੱਖਿਆ ਵਿਭਾਗ ਵਿਚਲੇ ਕੁਝ ਸਿੱਖਿਆ ਦੋਖੀਆਂ ਵੱਲੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਵਿਚ ਜਾਣ ਬੁੱਝ ਕੇ ਅਟਕਾਏ ਰੋੜਿਆਂ ਨੂੰ ਪਾਸੇ ਕਰਦੇ ਹੋਏ ਅੱਜ ਮਾਨਯੋਗ ਹਾਈ ਕੋਰਟ ਨੇ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਲਈ ਰਾਹ ਪੱਧਰਾ ਕਰ ਦਿੱਤਾ ਹੈ । ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਅਤੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਲਈ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਲੰਬੇ ਸਮੇਂ ਤੋ ਜਥੇਬੰਦਕ ਅਤੇ ਕਾਨੂੰਨੀ ਲੜਾਈ ਲੜ ਰਿਹਾ ਸੀ। ਇਸ ਤੋਂ ਪਹਿਲਾਂ ਪ੍ਰਿੰਸੀਪਲਾਂ, ਹੈਡਮਾਸਟਰਾਂ, ਬੀ ਪੀ ਏ ਓਜ਼ ਦੀਆਂ ਤਰੱਕੀਆਂ ਵਿੱਚ ਪ੍ਰੋਮੋਸ਼ਨ ਕੋਟਾ 75:25 ਕਰਵਾਉਣ ਲਈ ਜਥੇਬੰਦੀ ਵੱਲੋਂ ਲੰਬੀ ਲੜਾਈ ਲੜੀ ਗਈ ਅਤੇ ਪ੍ਰੋਮੋਸ਼ਨ ਕੋਟਾ 75% ਕਰਵਾਇਆ ਗਿਆ ਜਿਸ ਨਾਲ ਸੀਨੀਅਰ ਲੈਕਚਰਾਰਾਂ,ਮਾਸਟਰ ਕਾਡਰ ਅਧਿਆਪਕਾਂ ਅਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਆਈ ਖੜੋਤ ਟੁੱਟਣ ਦੀ ਆਸ ਬੱਝੀ ਸੀ ਪਰ ਕੁਛ ਸ਼ਾਰਟ ਕੱਟ ਮਾਰਨ ਦੇ ਦੋਖੀ ਲੋਕਾਂ ਨੇ ਫਿਰ ਤੋ ਹਾਈ ਕੋਰਟ ਵਿੱਚ ਜਾ ਕੇ ਤਰੱਕੀਆਂ ਉੱਪਰ ਸਟੇਅ ਕਰਵਾ ਦਿੱਤੀ|ਜਿਥੇ ਜਥੇਬੰਦੀ ਲਗਾਤਾਰ ਕਰੜੇ ਸੰਘਰਸ਼ ਨਾਲ ਇਸ ਮੁੱਦੇ ਤੇ ਦਬਾਅ ਬਣਾ ਰਹੀ ਸੀ ਓਥੇ ਜਥੇਬੰਦੀ ਦੇ ਸਾਥੀਆਂ ਹਰਵਿੰਦਰ ਸਿੰਘ ਫਤਹਿਗੜ ਸਾਹਿਬ ਅਤੇ ਕੁਲਵਿੰਦਰ ਸਿੰਘ ਬਠਿੰਡਾ ਦੀ ਲਗਾਤਾਰ ਲੜੀ ਕਾਨੂੰਨੀ ਲੜਾਈ ਨਾਲ ਅੱਜ ਹਾਈ ਕੋਰਟ ਨੇ ਤਰੱਕੀਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਥੇਬੰਦੀ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੋਤੀ ਮਹਿੰਦਰੂ, ਮੀਤ ਪ੍ਰਧਾਨ ਰੋਸ਼ਨ ਲਾਲ ਬੇਗੋਵਾਲ, ਸਕੱਤਰ ਅਨਿਲ ਸ਼ਰਮਾ, ਵਿੱਤ ਸਕੱਤਰ ਦਿਨੇਸ਼ ਕੁਮਾਰ, ਜੁਆਇੰਟ ਸਕੱਤਰ ਹਰਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਸੈਕੰਡਰੀ ਸਕੂਲਾਂ ਵਿੱਚ ਲਗਭਗ 65-70% ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਜਿਸ ਕਰਕੇ ਸਕੂਲਾਂ ਦਾ ਤਾਣਾ ਬਾਣਾ ਬੁਰੀ ਤਰਾਂ ਉਲਝਿਆ ਪਿਆ ਹੈ। ਆਗੂਆਂ ਨੇ ਸਿੱਖਿਆ ਵਿਭਾਗ ਤੋ ਮੰਗ ਕੀਤੀ ਕਿ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਤਾਂ ਜੋ ਬਿਨਾਂ ਪ੍ਰਿੰਸੀਪਲਾਂ ਤੋ ਚੱਲ ਰਹੇ ਸਕੂਲਾਂ ਨੂੰ ਸਥਾਈ ਪ੍ਰਿੰਸੀਪਲ ਮਿਲ ਸਕਣ|ਆਗੂਆਂ ਨੇ ਮੰਗ ਕੀਤੀ ਕਿ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਤੁਰੰਤ ਕਰਕੇ ਸਟੈੱਪ ਬਾਏ ਸਟੈੱਪ ਮਾਸਟਰ ਤੋ ਲੈਕਚਰਾਰ ਅਤੇ ਹੈਡਮਾਸਟਰ, ਸੀ ਐੱਚ ਟੀ ਤੋਂ ਬੀ ਪੀ ਏ ਓ, ਪ੍ਰਾਇਮਰੀ ਅਤੇ ਸੀ ਐਂਡ ਵੀ ਤੋ ਮਾਸਟਰ ਕਾਡਰ ਦੀਆਂ ਤਰੱਕੀਆਂ ਵੀ ਤੁਰੰਤ ਕੀਤੀਆਂ ਜਾਣ । ਆਗੂਆਂ ਨੇ ਮੰਗ ਕੀਤੀ ਕਿ ਸਾਰੇ ਕਾਡਰਾਂ ਦੀਆਂ ਖਾਲੀ ਪਈਆਂ ਸਿੱਧੀ ਭਰਤੀ ਕੋਟੇ ਦੀਆਂ ਅਸਾਮੀਆਂ ਦਾ ਤੁਰੰਤ ਇਸ਼ਤਿਹਾਰ ਦੇ ਕੇ ਭਰਤੀ ਕੀਤੀ ਜਾਵੇ ਤਾਂ ਜੋ ਸਕੂਲਾਂ ਵਿੱਚ ਸਟਾਫ ਪੂਰਾ ਹੋ ਸਕੇ ।