ਪਿਤਾ ਸੂਰਜ ਵਾਂਗ ਹੁੰਦੈ, ਨਾ ਹੋਵੇ ਤਾਂ ਹਨੇਰਾ ਹੋ ਜਾਂਦੈ
21 ਜੂਨ, ਪਿਤਾ ਦਿਵਸ 'ਤੇ ਵਿਸੇਸ਼---
Publish Date: Sat, 20 Jun 2026 10:23 PM (IST)
Updated Date: Sat, 20 Jun 2026 10:24 PM (IST)

21 ਜੂਨ, ਪਿਤਾ ਦਿਵਸ ਤੇ ਵਿਸੇਸ਼ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਇਨਸਾਨ ਜ਼ਿੰਦਗੀ ਦੇ ਸਫ਼ਰ ਵਿਚ ਸਮਾਜਿਕ, ਪਰਿਵਾਰਿਕ ਰਿਸ਼ਤਿਆਂ ਦੀ ਡੋਰ ਤੋਂ ਬਿਨਾਂ ਅਧੂਰਾ ਹੈ, ਕੁਝ-ਕੁਝ ਰਿਸ਼ਤੇ ਅਧਿਆਤਮਿਕ ਵੀ ਹੁੰਦੇ ਹਨ, ਜੋ ਸਾਨੂੰ ਪਰਮਾਤਮਾ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੰਦੇ ਹਨ । ਇਨ੍ਹਾਂ ਸਭ ਰਿਸ਼ਤਿਆਂ ਤੋਂ ਬਿਨਾਂ ਇਕ ਰਿਸ਼ਤਾ ਅਜਿਹਾ ਹੈ, ਜੋ ਪਿਆਰ, ਵਿਸਵਾਸ਼ ਤੇ ਹਮਦਰਦੀ ਦੀ ਸਾਂਝ ਨਾਲ਼ ਬੱਝਿਆ ਹੈ, ਉਹ ਹੈ ਪਰਿਵਾਰਕ ਰਿਸ਼ਤਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੁਖਵਿੰਦਰ ਮੋਹਨ ਸਿੰਘ ਭਾਟੀਆ ਚੀਫ਼ ਆਰਗੇਨਾਈਜ਼ਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਸਾਂਝਾ ਪਰਿਵਾਰ ਹੋਵੇ ਜਾਂ ਇਕਹਿਰਾ ਪ੍ਰੰਤੂ ਜ਼ਿੰਦਗੀ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਾਲੇ ਮਾਂ-ਬਾਪ ਦੀ ਮਿਹਨਤ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਜਿਥੇ ਮਾਂ ਆਪਣੀ ਔਲਾਦ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਅਹਿਮ ਰੋਲ ਅਦਾ ਕਰਦੀ ਹੈ, ਉਥੇ ਪਿਤਾ ਵੱਲੋਂ ਨਿਭਾਏ ਫਰਜ਼ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਹੈ। ਪਿਤਾ ਵੀ ਸੁਪਨਿਆਂ ਦੀ ਸਿਰਜਨਾ ਕਰਦਾ ਹੈ, ਚਿਤਰਦਾ ਹੈ ਤੇ ਆਪਣੀਆਂ ਰਗਾਂ ਵਿਚ ਵਹਿੰਦੇ ਖੂਨ ਨਾਲ ਪਰਿਵਾਰ ਦਾ ਭਵਿੱਖ ਵੀ ਸਿਰਜਦਾ ਹੈ। ਸੁਖਵਿੰਦਰ ਮੋਹਨ ਭਾਟੀਆ ਨੇ ਕਿਹਾ ਕਿ ਦੁਨੀਆ ਦੇ ਗੁੰਦਵੇਂ ਪਿਆਰ, ਵਿਸ਼ਵਾਸ ਤੇ ਫ਼ਿਕਰਮੰਦੀ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਜਿਥੇ ਮਾਂ ਦਾ ਰਿਸ਼ਤਾ ਸਭ ਤੋਂ ਜ਼ਿਆਦਾ ਮਹੱਤਤਾ ਵਾਲਾ ਹੈ, ਉਥੇ ਪਿਤਾ ਦਾ ਦਰਜਾ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਿਤਾ ਘਰ ਪਰਵਾਰ ਦਾ ਗੁਰੂ ਤੇ ਮਾਰਗ ਦਰਸ਼ਕ ਹੈ, ਜੋ ਆਪਣੇ ਪਰਿਵਾਰ ਦੇ ਹਰ ਸੁਪਨੇ ਨੂੰ ਹਕੀਕਤ ਵਿਚ ਬਦਲ ਦਿੰਦਾ ਹੈ। ਭਾਟੀਆ ਨੇ ਕਿਹਾ ਕਿ ਆਮ ਦੇਖਣ ਵਿਚ ਇਹ ਹੁੰਦਾ ਹੈ ਕਿ ਲੜਕਿਆਂ ਨਾਲੋਂ ਜ਼ਿਆਦਾ ਲੜਕੀਆਂ ਨੂੰ ਆਪਣੇ ਪਿਤਾ ਦੀ ਚਿੰਤਾ ਵਧੇਰੇ ਹੁੰਦੀ ਹੈ। ਸਹੁਰੇ ਘਰ ਪਰਿਵਾਰ ਪਹੁੰਚ ਕੇ ਵੀ ਪਿਉਂ ਦੇ ਹੰਝੂਆਂ ਨੂੰ ਭੁਲਾ ਨਹੀਂ ਸਕਦੀਆਂ। ਪਿਤਾ ਤੋਂ ਅਮੀਰ ਇਨਸਾਨ ਜ਼ਿੰਦਗੀ ਵਿਚ ਕੋਈ ਹੋ ਹੀ ਨਹੀਂ ਸਕਦਾ। ਪਿਤਾ ਹਰ ਰਿਸ਼ਤੇ ਦੀ ਪਕੇਰੀ ਸਾਂਝ ਨੂੰ ਮਜ਼ਬੂਤ ਰੱਖਣ ਵਿਚ ਸਹਾਈ ਹੁੰਦਾ ਹੈ। ਪਤਨੀ ਨਾਲ, ਪੁੱਤਰ ਨਾਲ, ਧੀ ਨਾਲ ਤੇ ਸਮਾਜਿਕ ਰਿਸ਼ਤਿਆਂ ਦੇ ਉਲਝੇ ਤਾਣੇ-ਬਾਣੇ ਨੂੰ ਵੀ ਸੰਜੀਦਗੀ ਨਾਲ ਨਿਭਾਉਣ ਲਈ ਜਦੋਜਹਿਦ ਕਰਦਾ ਹੈ। ਉਸ ਨੂੰ ਸਭ ਤੋਂ ਜ਼ਿਆਦਾ ਘਰ ਦੀ ਰੂਹਾਨੀ ਤੇ ਖ਼ੁਸ਼ਹਾਲੀ ਦੀ ਚਿੰਤਾ ਹੁੰਦੀ ਹੈ। ਪਿਤਾ ਹਰ ਪ੍ਰਕਾਰ ਦੀ ਸੰਵੇਦਨਾ ਤੋਂ ਪਰੇ ਕਬੀਲਦਾਰੀ ਦੇ ਬੋਝ ਥੱਲੇ ਦੱਬਿਆ ਧਰਤੀ ਹੇਠਲੇ ਬਲਦ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ। ਸਾਹਿਤਕਾਰ ਦੀ ਕਲਮ ਵਿਚ ਮਾਂ ਦਾ ਹੀ ਨਾਮ ਸਭ ਤੋਂ ਅੱਗੇ ਆਉਂਦਾ ਪ੍ਰੰਤੂ ਬਾਪ ਦਾ ਤਾਂ ਸਿਰਫ ਕਾਗਜ਼ਾਂ ਵਿਚ ਹੀ ਦੱਬਿਆ ਹੋਇਆ ਲੱਗਦਾ ਹੈ। ਬਹੁਤ ਵਾਰੀ ਸੋਚਣ ਉਪਰੰਤ ਰੱਖੀ ਇਕ ਚੁੱਪ ਜਿਹੀ ਛਾ ਜਾਂਦੀ ਹੈ ਕਿ ਆਪਣੀ ਔਲਾਦ ਵਾਸਤੇ ਹੱਡ ਭੰਨਵੀਂ ਮਿਹਨਤ ਕਰਨ ਵਾਲਾ ਇਹ ਇਨਸਾਨ ਆਪਣੀ ਔਲਾਦ ਵੱਲੋਂ ਦਿੱਤੀਅਂਆ ਗਈਆਂ ਅਪਮਾਨਜਨਕ ਟਿੱਪਣੀਆਂ ਨੂੰ ਸਹਾਰ ਕੇ ਚੁੱਪ ਕਿਉਂ ਰਹਿ ਜਾਂਦਾ, ਜੋ ਬਾਪ ਆਪਣੇ ਬੱਚਿਆਂ ਦੀ ਉਂਗਲ ਫੜ ਕੇ ਉਨ੍ਹਾਂ ਨੂੰ ਜ਼ਿੰਦਗੀ ਦੇ ਸਕੂਲ ਤੱਕ ਛੱਡਣ ਰੋਜ਼ਾਨਾ ਜਾਂਦਾ ਸੀ, ਉਸ ਨੂੰ ਅਜੋਕੀ ਔਲਾਦ ਕਈ ਵਾਰੀ ਬਿਰਧ ਆਸ਼ਰਮ ਦੀਆਂ ਬਰੂਹਾਂ ਤੱਕ ਛੱਡਣ ਵਿੱਚ ਆਪਣਾ ਮਾਣ ਮਹਿਸੂਸ ਕਿਉਂ ਕਰਦੀ ਹੈ, ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਪਾਰ ਕਰਕੇ ਜਦੋਂ ਪਿਤਾ ਆਪਣੀ ਔਲਾਦ ਨੂੰ ਸਫਲਤਾ ਦੀ ਮੰਜ਼ਿਲ ਤੱਕ ਪਹੁੰਚਾਉਦਾ ਹੈ ਤਾਂ ਉਹ ਆਪਣੀ ਜਿੰਦਗੀ ਦੀਆਂ ਧੁੱਪ-ਛਾਵਾਂ ਨੂੰ ਇਕਦਮ ਹੀ ਭੁੱਲ ਜਾਂਦਾ ਹੈ। ਜੇਕਰ ਅਸੀਂ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਾਂਗੇ ਤਾਂ ਸਮਝੋ ਅਸੀਂ ਆਪ ਰੱਬ ਦੀ ਰਹਿਮਤ ਤੋਂ ਦੂਰ ਹੋ ਜਾਵਾਂਗੇ। ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਕਿਹਾ ਕਿ ਆਉ ਪ੍ਰਣ ਕਰੀਏ ਕਿ ਆਪਣੇ ਪਿਤਾ ਨੂੰ ਵੱਧ ਤੋਂ ਵੱਧ ਸਤਿਕਾਰ ਦਈਏ, ਕਿਉਂਕਿ ਮਾਤਾ ਪਿਤਾ ਧਰਤੀ ’ਤੇ ਪਰਮਾਤਮਾ ਦਾ ਦੂਸਰਾ ਰੂਪ ਹਨ। ‘ਮਾਂ ਬਿਨਾਂ ਨਾ ਕੋਈ ਘਰ ਬਣਦਾ ਪਿਉ ਬਿਨਾਂ ਨਾ ਕੋਈ ਤਾਜ ਮਾਂ ਦੇ ਸਿਰ ’ਤੇ ਐਸ਼ਾਂ ਹੁੰਦੀਆਂ ਪਿਉ ਦੇ ਸਿਰ ’ਤੇ ਰਾਜ।