ਧਰਮ ਦੇ ਨਾਂ ’ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ : ਜੋਸਨ
ਸਵਾਰਥ ਤੇ ਲਾਲਸਾ ਖਾਤਰ ਕੁਝ ਲੋਕ ਧਰਮ ਦੇ ਨਾਂ ਤੇ ਲੋਕਾਂ ਨੂੰ ਕਰ ਰਹੇ ਗੁੰਮਰਾਹ- ਇੰਦਰਜੀਤ ਜੋਸਨ
Publish Date: Fri, 12 Jun 2026 09:16 PM (IST)
Updated Date: Fri, 12 Jun 2026 09:18 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੱਤਾ ਦੀ ਲਾਲਚ ਵਿਚ ਕੁਝ ਰਾਜਨੀਤਿਕ ਲੋਕ ਪੰਜਾਬ ਤੇ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿਚ ਖੇਡ ਕੇ ਸੂਬੇ ਨੂੰ ਹੋਰ ਪਿੱਛੇ ਭੇਜਣਾ ਚਾਹੁੰਦੇ ਹਨ ਤੇ ਆਪਣੀ ਮਰਿਆਦਾ ਤੇ ਦਿਸ਼ਾ ਦੋਵੇਂ ਭੁੱਲ ਚੁੱਕੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕੇ ਦੇ ਨੌਜਵਾਨ ਤੇ ਜਾਂਬਾਜ਼ ਆਗੂ ਇੰਦਰਜੀਤ ਸਿੰਘ ਜੋਸਨ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਉੱਚੇ ਅਹੁਦੇ ਤੇ ਮਰਿਆਦਾ ਵਾਲੀ ਭੂਮਿਕਾ ਨਿਭਾਉਣ ਵਾਲੇ ਇਹ ਪੰਥਕ ਆਗੂ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਹੁਤ ਹੀ ਸੰਜਮ, ਸੂਝ-ਬੂਝ ਤੇ ਦੂਰਅੰਦੇਸ਼ੀ ਵਾਲੇ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ, ਪੰਜਾਬੀਅਤ ਭਾਈਚਾਰੇ ਨੂੰ ਪਹਿਲ ਦਿੱਤੀ ਹੈ। ਜੋਸਨ ਨੇ ਕਿਹਾ ਕਿ ਅੱਜ ਪੰਜਾਬ ਨੂੰ ਦੁਬਾਰਾ ਵਿਕਾਸ ਦੀ ਪਟੜੀ ’ਤੇ ਲਿਆਉਣ ਲਈ ਪੰਜਾਬ ਦੀ ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਕਰ ਸਕਦੇ ਹਨ, ਜਿਨ੍ਹਾਂ ਦੇ ਮਨ ਵਿਚ ਹਮੇਸ਼ਾਂ ਪੰਜਾਬ ਪੰਥ ਤੇ ਹਰ ਵਰਗ ਦੇ, ਹਰ ਧਰਮ ਦੇ ਲੋਕਾਂ ਦੀ ਭਲਾਈ ਤੇ ਵਿਕਾਸ ਦੀ ਸੋਚ ਰਹਿੰਦੀ ਹੈ। ਉਹ ਧਾਰਮਿਕ ਵਿਚਾਰਾਂ ਵਾਲੇ ਇਨਸਾਨ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦਾ ਅਟੁੱਟ ਭਰੋਸਾ ਹੈ। ਕਿਸੇ ਦੀ ਕਿਰਦਾਰਕੁਸ਼ੀ ਕਰਨਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਸਹਿਯੋਗ ਨਾਲ ਰਾਜਨੀਤਿਕ ਬੁਲੰਦੀਆਂ ਤੱਕ ਪਹੁੰਚਣ ਵਾਲੇ ਕੁਝ ਲੋਕ ਅੱਜ ਉਨ੍ਹਾਂ ਖਿਲਾਫ ਬੇਬੁਨਿਆਦ ਕੂੜ ਪ੍ਰਚਾਰ ਕਰ ਰਹੇ ਹਨ ਜੋ ਉਨਾਂ ਨੂੰ ਸ਼ੋਭਾ ਨਹੀਂ ਦਿੰਦਾ। ਇੰਦਰਜੀਤ ਜੋਸਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਬੋਲਣ ਵਾਲੇ ਕਈ ਲੋਕਾਂ ਦੀ ਸਥਿਤੀ ਅੱਜ ਹਾਸੋਹੀਣੀ ਬਣ ਚੁੱਕੀ ਹੈ। ਇਕ ਪਾਸੇ ਸਾਰੀ ਉਮਰ ਧਾਰਮਿਕ ਖੇਤਰ ਵਿਚ ਕੰਮ ਕਰਨ ਵਾਲੇ ਲੋਕ ਸੱਤਾ ਦੇ ਸੁਪਨੇ ਵੇਖ ਰਹੇ ਹਨ ਜਦ ਕਿ ਦੂਜੇ ਪਾਸੇ ਕਈ ਪੀੜੀਆਂ ਤੋਂ ਰਾਜਨੀਤੀ ਕਰਨ ਵਾਲੇ ਲੋਕ ਹੁਣ ਧਰਮ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੋਸਨ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਹੁਣ ਇਨ੍ਹਾਂ ਦੋਹਰੇ ਚਿਹਰਿਆਂ ਨੂੰ ਚੰਗੀ ਤਰ੍ਹਾਂ ਪਛਾਣ ਚੁੱਕੇ ਹਨ ਤੇ ਅਜਿਹੇ ਲੋਕਾਂ ਦੀਆਂ ਗੱਲਾਂ ਵਿਚ ਨਹੀਂ ਆਉਣਗੇ। ਪੰਜਾਬ ਦੇ ਸੂਝਵਾਨ ਲੋਕਾਂ ਨੇ ਹੁਣ ਪੰਜਾਬ ਪੰਥ ਅਤੇ ਹਰ ਵਰਗ ਦੇ ਲੋਕਾਂ ਦੇ ਭਲੇ ਲਈ ਕੰਮ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਫਿਰਕੂ ਤਾਕਤਾਂ ਨੂੰ ਜਵਾਬ ਦੇਣ ਦਾ ਮਨ ਬਣਾ ਲਿਆ ਹੈ। ਇਸ ਮੌਕੇ ਇੰਦਰਜੀਤ ਸਿੰਘ ਜੋਸਨ, ਇੰਟਰਨੈਸ਼ਨਲ ਕਬੱਡੀ ਖਿਡਾਰੀ ਬਿਕਰਮਜੀਤ ਸਿੰਘ ਬਿਕਾ, ਬਲਜੀਤ ਬੱਲੀ ਸਾਬਕਾ ਸੰਮਤੀ ਮੈਂਬਰ, ਬਾਬਾ ਢਿੱਲੋਂ, ਪਰਮਜੀਤ ਜੋਸਨ, ਮਨਜੀਤ ਸਿੰਘ ਸਰਪੰਚ ਡੌਲਾ ਆਦਿ ਵੀ ਹਾਜ਼ਰ ਸਨ ।