ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਜਿੱਤ ’ਤੇ ਖੁਸ਼ੀ ਮਨਾਈ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਤਿਹਾਸਿਕ ਜਿੱਤ ਤੇ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਵਧਾਈ
Publish Date: Thu, 18 Jun 2026 10:04 PM (IST)
Updated Date: Thu, 18 Jun 2026 10:06 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਰਮਿੰਘਮ ਚ ਖੇਡੇ ਗਏ ਆਈਸੀਸੀ ਟੀ-20 ਮਹਿਲਾ ਵਿਸ਼ਵ ਕੱਪ ਦੇ ਗਰੁੱਪ-1 ਦੇ ਮੈਚ ਚ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਪਾਕਿਸਤਾਨ ਨੂੰ 64 ਦੌੜਾਂ ਨਾਲ ਕਰਾਰੀ ਹਾਰ ਦੇਣ ਤੋਂ ਬਾਅਦ ਪੂਰੇ ਦੇਸ਼ ਸਮੇਤ ਸੁਲਤਾਨਪੁਰ ਲੋਧੀ ਚ ਵੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਭਾਰਤੀ ਟੀਮ ਦੀ ਇਸ ਸ਼ਾਨਦਾਰ ਤੇ ਰਿਕਾਰਡ 14ਵੀਂ ਜਿੱਤ ਦੀ ਗੂੰਜ ਸਥਾਨਕ ਖੇਡ ਜਗਤ ਚ ਸਾਫ ਸੁਣਾਈ ਦੇ ਰਹੀ ਹੈ। ਇਸ ਇਤਿਹਾਸਕ ਜਿੱਤ ਤੇ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਤੇ ਸਮਾਜ ਸੇਵੀ ਸੰਸਥਾ ਸੁਲਤਾਨਪੁਰ ਲੋਧੀ ਨੇ ਡੂੰਘੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਮਹਿਲਾ ਟੀਮ ਨੂੰ ਸੁਨਹਿਰੀ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸ਼ਾਹ ਸੁਲਤਾਨ ਕਰਿਕਟ ਕਲੱਬ ਦੇ ਮਾਸਟਰ ਨਰੇਸ਼ ਕੋਹਲੀ, ਚੇਅਰਮੈਨ ਸੁਖਦੇਵ ਸਿੰਘ ਜੱਜ, ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਅੰਗਰੇਜ਼ ਸਿੰਘ ਢਿੱਲੋਂ ਨੇ ਸਾਂਝੇ ਤੌਰ ਤੇ ਭਾਰਤੀ ਮਹਿਲਾ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਵਧਾਈ ਦਿੱਤੀ। ਕ੍ਰਿਕਟ ਕਲੱਬ ਦੇ ਜਨਰਲ ਸਕੱਤਰ ਰਣਜੀਤ ਸਿੰਘ ਸੈਣੀ ਨੇ ਭਾਰਤੀ ਸਪਿਨਰ ਦੀਪਤੀ ਸ਼ਰਮਾ ਦੇ ਜਾਦੂਈ ਸਪੈਲ ਦੀ ਜੰਮ ਕੇ ਤਾਰੀਫ ਕੀਤੀ। ਦੀਪਤੀ ਸ਼ਰਮਾ ਵੱਲੋਂ ਮਹਿਜ਼ 10 ਦੌੜਾਂ ਦੇ ਕੇ 5 ਵਿਕਟਾਂ ਝਟਕਾਉਣ ਦੇ ਕਰੀਅਰ ਦੇ ਸਰਵੋਤਮ ਪ੍ਰਦਰਸ਼ਨ ਤੇ ਗੱਲ ਕਰਦਿਆਂ ਗੁਪਤਾ ਨੇ ਕਿਹਾ ਕਿ ਇੰਨੀ ਸਟੀਕ ਤੇ ਕਸੀ ਹੋਈ ਗੇਂਦਬਾਜ਼ੀ ਨੇ ਪਾਕਿਸਤਾਨੀ ਟੀਮ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ। ਭਾਰਤੀ ਟੀਮ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਸੁਲਤਾਨਪੁਰ ਲੋਧੀ ਦੀਆਂ ਨੌਜਵਾਨ ਮਹਿਲਾ ਕ੍ਰਿਕਟਰਾਂ ਤੇ ਨੌਜਵਾਨ ਲੜਕਿਆਂ ਚ ਇਕ ਨਵਾਂ ਜੋਸ਼ ਭਰੇਗਾ। ਆਉਣ ਵਾਲੇ ਦਿਨਾਂ ਚ ਹੋਰ ਵੀ ਲੜਕੀਆਂ ਕ੍ਰਿਕਟ ਨੂੰ ਇਕ ਪੇਸ਼ੇਵਰ ਕਰੀਅਰ ਵਜੋਂ ਚੁਣਨ ਲਈ ਅੱਗੇ ਆਉਣਗੀਆਂ। ਸ਼ਾਹ ਸੁਲਤਾਨ ਕ੍ਰਿਕਟ ਕਲੱਬ ਲਗਾਤਾਰ ਸਥਾਨਕ ਪੱਧਰ ਤੇ ਕ੍ਰਿਕਟ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਿਹਾ ਹੈ ਤਾਂ ਜੋ ਇੱਥੋਂ ਦੀਆਂ ਪ੍ਰਤਿਭਾਵਾਂ ਵੀ ਇਕ ਦਿਨ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੇ ਹਰਪ੍ਰੀਤ ਸਿੰਘ ਪ੍ਰਧਾਨ ਨੇ ਕਿਹਾ ਕਿ ਭਾਰਤੀ ਮਹਿਲਾ ਟੀਮ ਨੇ ਮੈਦਾਨ ਤੇ ਜਿਸ ਹਮਲਾਵਰ ਰੁਖ ਅਤੇ ਸੰਜਮ ਦਾ ਪ੍ਰਦਰਸ਼ਨ ਕੀਤਾ ਹੈ, ਉਹ ਸੱਚਮੁੱਚ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ 68 ਦੌੜਾਂ ਦੀ ਅਰਧ-ਸੈਂਕੜੇ ਵਾਲੀ ਪਾਰੀ ਦੀ ਸ਼ਲਾਘਾ ਕੀਤੀ, ਜਿਸ ਨੇ ਟੀਮ ਨੂੰ ਇਕ ਮਜ਼ਬੂਤ ਆਧਾਰ ਦਿੱਤਾ। ਸਿੰਧਵਾਨੀ ਨੇ ਕਿਹਾ ਕਿ ਪਾਕਿਸਤਾਨ ਖਿਲਾਫ ਦਬਾਅ ਵਾਲੇ ਮੈਚ ਚ ਅਜਿਹੀ ਪਾਰੀ ਖੇਡਣਾ ਖਿਡਾਰੀ ਦੀ ਪਰਿਪੱਕਤਾ ਤੇ ਵਿਸ਼ਵ ਪੱਧਰੀ ਹੁਨਰ ਨੂੰ ਦਰਸਾਉਂਦਾ ਹੈ। ਇਹ ਜਿੱਤ ਸਿਰਫ ਇਕ ਮੈਚ ਦੀ ਜਿੱਤ ਨਹੀਂ ਹੈ, ਬਲਕਿ ਇਹ ਦਰਸਾਉਂਦੀ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਅੱਜ ਦੁਨੀਆ ਚ ਕਿਸ ਮੁਕਾਮ ਤੇ ਪਹੁੰਚ ਚੁੱਕੀ ਹੈ। ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ ਵਰਗੀਆਂ ਖਿਡਾਰਨਾਂ ਨੇ ਅੱਜ ਦੇਸ਼ ਦੀਆਂ ਕਰੋੜਾਂ ਧੀਆਂ ਨੂੰ ਪ੍ਰੇਰਿਤ ਕੀਤਾ ਹੈ। ਇਸ ਜੇਤੂ ਸ਼ੁਰੂਆਤ ਤੋਂ ਸਪੱਸ਼ਟ ਹੈ ਕਿ ਭਾਰਤੀ ਟੀਮ ਇਸ ਵਾਰ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਵਜੋਂ ਅੱਗੇ ਵਧ ਰਹੀ ਹੈ। ਇਸ ਮੌਕੇ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੇ ਹੋਰਨਾਂ ਮੈਂਬਰਾਂ ਤੇ ਸਥਾਨਕ ਖੇਡ ਪ੍ਰੇਮੀਆਂ ਨੇ ਵੀ ਲੱਡੂ ਵੰਡ ਕੇ ਭਾਰਤੀ ਟੀਮ ਦੀ ਇਸ ਸ਼ਾਨਦਾਰ ਸਫ਼ਲਤਾ ਦਾ ਜਸ਼ਨ ਮਨਾਇਆ ਤੇ ਉਮੀਦ ਪ੍ਰਗਟਾਈ ਕਿ ਟੀਮ ਇੰਡੀਆ ਆਪਣੀ ਇਸ ਜੇਤੂ ਲੈਅ ਨੂੰ ਪੂਰੇ ਟੂਰਨਾਮੈਂਟ ਚ ਬਰਕਰਾਰ ਰੱਖਦਿਆਂ ਵਿਸ਼ਵ ਕੱਪ ਦੀ ਟਰਾਫ਼ੀ ਦੇਸ਼ ਦੇ ਨਾਂ ਕਰੇਗੀ।