ਕਪੂਰਥਲਾ 'ਚ ਸਨਸਨੀਖੇਜ਼ ਵਾਰਦਾਤ: ਖੇਤਾਂ 'ਚੋਂ ਮੁੜ ਰਹੇ ਨੌਜਵਾਨ 'ਤੇ ਤਾਬੜਤੋੜ ਫਾਇਰਿੰਗ, ਟਰੈਕਟਰ ਦਰੱਖਤ ਨਾਲ ਟਕਰਾਇਆ
ਪਿੰਡ ਮੰਡ ਚੱਕੋਕੀ ਤੋਂ ਖੇਤ ਵਾਹ ਕੇ ਪਰਤ ਰਹੇ ਇੱਕ ਨੌਜਵਾਨ 'ਤੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਢਿੱਲਵਾਂ ਦੀ ਪੁਲਿਸ ਨੇ ਦੋ ਨਾਮਜ਼ਦ ਮੁਲਜ਼ਮਾਂ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਕਪੂਰਥਲਾ 'ਚ ਜ਼ੇਰੇ-ਇਲਾਜ ਜੋਬਨਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਪਿੰਡ ਚੱਕੋਕੀ ਮੰਡ 'ਚ ਲਗਭਗ 4 ਏਕੜ ਜ਼ਮੀਨ ਉਸ ਦੇ ਅਤੇ 8 ਏਕੜ ਜ਼ਮੀਨ ਉਸ ਦੇ ਪਿਤਾ ਸਤਨਾਮ ਸਿੰਘ ਦੇ ਨਾਮ 'ਤੇ ਹੈ। ਉਹ ਆਪਣੇ ਪਿਤਾ ਨਾਲ ਮਿਲ
Publish Date: Sat, 13 Jun 2026 01:05 PM (IST)
Updated Date: Sat, 13 Jun 2026 01:10 PM (IST)

ਜਾਗਰਣ ਸੰਵਾਦਦਾਤਾ, ਢਿੱਲਵਾਂ (ਕਪੂਰਥਲਾ) : ਪਿੰਡ ਮੰਡ ਚੱਕੋਕੀ ਤੋਂ ਖੇਤ ਵਾਹ ਕੇ ਪਰਤ ਰਹੇ ਇੱਕ ਨੌਜਵਾਨ 'ਤੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਢਿੱਲਵਾਂ ਦੀ ਪੁਲਿਸ ਨੇ ਦੋ ਨਾਮਜ਼ਦ ਮੁਲਜ਼ਮਾਂ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਕਪੂਰਥਲਾ 'ਚ ਜ਼ੇਰੇ-ਇਲਾਜ ਜੋਬਨਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਪਿੰਡ ਚੱਕੋਕੀ ਮੰਡ 'ਚ ਲਗਭਗ 4 ਏਕੜ ਜ਼ਮੀਨ ਉਸ ਦੇ ਅਤੇ 8 ਏਕੜ ਜ਼ਮੀਨ ਉਸ ਦੇ ਪਿਤਾ ਸਤਨਾਮ ਸਿੰਘ ਦੇ ਨਾਮ 'ਤੇ ਹੈ। ਉਹ ਆਪਣੇ ਪਿਤਾ ਨਾਲ ਮਿਲ ਕੇ ਖੇਤੀਬਾੜੀ ਦਾ ਕੰਮ ਕਰਦਾ ਹੈ। 12 ਜੂਨ ਦੀ ਦੁਪਹਿਰ ਨੂੰ ਉਹ ਆਪਣੇ ਦੋਸਤ ਬਲਦੇਵ ਸਿੰਘ ਬਾਜਵਾ (ਵਾਸੀ ਪਿੰਡ ਹਬੀਬਵਾਲ) ਦਾ ਟਰੈਕਟਰ ਆਪਣੀ ਜ਼ਮੀਨ ਵਾਹੁਣ ਲਈ ਲੈ ਕੇ ਆਇਆ ਸੀ।
ਜਦੋਂ ਉਹ ਜ਼ਮੀਨ ਵਾਹ ਕੇ ਧੁੱਸੀ ਬੰਨ੍ਹ 'ਤੇ ਪਰਤਿਆ, ਤਾਂ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਅਤੇ ਇੱਕ ਆਈ-20 (i20) ਕਾਰ 'ਚ ਸਵਾਰ ਚਾਰ ਲੋਕ ਉਸ ਦਾ ਪਿੱਛਾ ਕਰਨ ਲੱਗ ਪਏ। ਇਨ੍ਹਾਂ ਦੇ ਨਾਲ ਇੱਕ ਹੋਰ ਕਾਰ ਸੀ, ਜੋ ਕਿ ਚਿੱਕੜ 'ਚ ਫਸ ਗਈ। ਜਦੋਂ ਮੁਲਜ਼ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਗੱਡੀ ਨੂੰ ਬਾਹਰ ਕੱਢਣ ਲੱਗ ਪਏ। ਇਸ ਦੌਰਾਨ ਜੋਬਨਪ੍ਰੀਤ ਨੇ ਆਪਣਾ ਟਰੈਕਟਰ ਭਜਾ ਲਿਆ ਅਤੇ ਚੱਲਦੇ ਟਰੈਕਟਰ ਤੋਂ ਹੀ ਆਪਣੇ ਤਾਏ ਦੇ ਲੜਕੇ (ਕਿੱਕੀ) ਵਾਸੀ ਲਖਣ ਕੇ ਪੱਡਾ ਨੂੰ ਫ਼ੋਨ ਕੀਤਾ। ਫ਼ੋਨ ਸੁਣਦੇ ਸਾਰ ਹੀ ਕਿੱਕੀ ਦੇ ਨਾਲ ਸਹਿਜਪਾਲ ਅਤੇ ਗੁਰਜੀਤ ਸਿੰਘ ਵੀ ਧੁੱਸੀ ਬੰਨ੍ਹ 'ਤੇ ਪਹੁੰਚ ਗਏ ਅਤੇ ਉਸ ਦਾ ਇੱਕ ਹੋਰ ਦੋਸਤ ਯੁਵਰਾਜ ਵੀ ਜੋਬਨਪ੍ਰੀਤ ਦੀ ਆਈ-20 ਕਾਰ ਲੈ ਕੇ ਉੱਥੇ ਆ ਗਿਆ। ਇਸੇ ਦੌਰਾਨ ਮੋਟਰਸਾਈਕਲ 'ਤੇ ਪਿੱਛਾ ਕਰ ਰਹੇ ਜਤਿੰਦਰਪਾਲ ਜੱਜਾ (ਵਾਸੀ ਨਡਾਲਾ) ਦੇ ਹੱਥ 'ਚ ਪਿਸਤੌਲ ਫੜੀ ਹੋਈ ਸੀ। ਜੱਜਾ ਨੇ ਜੋਬਨਪ੍ਰੀਤ ਦੀ ਕਾਰ 'ਤੇ ਫਾਇਰ ਕਰ ਦਿੱਤਾ, ਜੋ ਕਿ ਕਾਰ ਦੇ ਬੰਪਰ 'ਤੇ ਲੱਗਾ। ਇੰਨੇ ਨੂੰ ਕਿੱਕੀ ਵੀ ਕਾਰ ਲੈ ਕੇ ਉੱਥੇ ਪਹੁੰਚ ਗਿਆ। ਜਦੋਂ ਜੋਬਨਪ੍ਰੀਤ ਟਰੈਕਟਰ ਲੈ ਕੇ ਭੱਜ ਰਿਹਾ ਸੀ, ਤਾਂ ਜੱਜਾ ਨੇ ਉਸ 'ਤੇ ਫਾਇਰਿੰਗ ਕਰ ਦਿੱਤੀ, ਪਰ ਗੋਲੀ ਉਸ ਨੂੰ ਨਹੀਂ ਲੱਗੀ। ਇਸ ਕਾਰਨ ਉਸ ਦਾ ਟਰੈਕਟਰ ਬੇਕਾਬੂ ਹੋ ਕੇ ਧੁੱਸੀ ਬੰਨ੍ਹ ਤੋਂ ਹੇਠਾਂ ਉਤਰ ਗਿਆ ਅਤੇ ਸਫ਼ੈਦੇ ਦੇ ਦਰੱਖਤ ਨਾਲ ਜਾ ਟਕਰਾਇਆ। ਇੰਨੇ 'ਚ ਜੱਜਾ ਅਤੇ ਉਸ ਦੇ ਅਣਪਛਾਤੇ ਸਾਥੀ ਟਰੈਕਟਰ ਕੋਲ ਆ ਗਏ ਅਤੇ ਹੱਥਾਂ 'ਚ ਪਾਏ ਕੜਿਆਂ ਨਾਲ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਪੁਲਿਸ ਦੀ ਕਾਰਵਾਈ
ਥਾਣਾ ਢਿੱਲਵਾਂ ਦੇ ਐੱਸ.ਐੱਚ.ਓ. ਐੱਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਜੋਬਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜਤਿੰਦਰਪਾਲ ਜੱਜਾ, ਰਾਜਾ (ਵਾਸੀ ਚੱਕੋਕੀ) ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਵਾਰਦਾਤ ਦੌਰਾਨ ਕਿੰਨੇ ਰਾਊਂਡ ਫਾਇਰਿੰਗ ਹੋਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਜੋਬਨਪ੍ਰੀਤ ਦੇ ਬਿਆਨ ਮੁਤਾਬਕ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਸੋਲਰ ਪੈਨਲ ਚੋਰੀ ਹੋ ਗਿਆ ਸੀ, ਜਿਸ ਦਾ ਸ਼ੱਕ ਉਨ੍ਹਾਂ ਨੂੰ ਰਾਜਾ 'ਤੇ ਸੀ। ਇਸੇ ਰੰਜਿਸ਼ ਕਾਰਨ ਉਸ 'ਤੇ ਇਹ ਹਮਲਾ ਕੀਤਾ ਗਿਆ ਹੈ।