- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
“ਦੇਸ਼ ਵਿੱਚ ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ” ਵਿਸ਼ੇ ਉੱਤੇ ਕਰਵਾਇਆ ਗਿਆ ਸੈਮੀਨਾਰ

“ਦੇਸ਼ ’ਚ ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ” ਵਿਸ਼ੇ ਉੱਤੇ ਕਰਵਾਇਆ ਗਿਆ ਸੈਮੀਨਾਰ
ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਪੰਜਾਬ ਚੇਤਨਾ ਮੰਚ ਵੱਲੋਂ ਐਮਰਜੈਂਸੀ ਦੀ 51ਵੀਂ ਵਰ੍ਹੇਗੰਢ ਦੇ ਸੰਦਰਭ ਵਿਚ ਪੰਜਾਬ ਪ੍ਰੈੱਸ ਕਲੱਬ, ਜਲੰਧਰ ਵਿਖੇ “ਦੇਸ਼ ਵਿਚ ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ” ਵਿਸ਼ੇ ਉੱਤੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਲਖਵਿੰਦਰ ਸਿੰਘ ਜੌਹਲ, ਸੁੱਚਾ ਸਿੰਘ ਗਿੱਲ, ਨਿਰੰਜਣ ਸਿੰਘ, ਬਲਬੀਰ ਕੁਮਾਰ, ਇੰਜੀ. ਕਰਮਜੀਤ ਸਿੰਘ ਨੇ ਕੀਤੀ, ਜਦਕਿ ਮੰਚ ਸੰਚਾਲਨ ਗੁਰਮੀਤ ਸਿੰਘ ਪਲਾਹੀ ਵੱਲੋਂ ਕੀਤਾ ਗਿਆ।
ਸੈਮੀਨਾਰ ਦਾ ਆਗਾਜ਼ ਪੰਜਾਬ ਚੇਤਨਾ ਮੰਚ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਆਏ ਹੋਏ ਬੁਲਾਰਿਆਂ, ਪਤਵੰਤਿਆਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਐਮਰਜੈਂਸੀ ਭਾਰਤੀ ਲੋਕਤੰਤਰ ਦੇ ਇਤਿਹਾਸ ਦਾ ਇਕ ਅਹਿਮ ਤੇ ਚਿੰਤਨਯੋਗ ਅਧਿਆਇ ਹੈ। ਇਸ ਦੌਰ ਤੋਂ ਸਬਕ ਲੈਂਦਿਆਂ ਅਜੋਕੇ ਹਾਲਾਤਾਂ ਵਿਚ ਜਮਹੂਰੀ ਕਦਰਾਂ-ਕੀਮਤਾਂ, ਸੰਵਿਧਾਨਿਕ ਅਧਿਕਾਰਾਂ ਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਲਈ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ।
ਮੁੱਖ ਬੁਲਾਰੇ ਡਾ. ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਲਹਿਰ ਸਿਰਫ਼ ਰਾਜਨੀਤਿਕ ਆਜ਼ਾਦੀ ਤੱਕ ਸੀਮਤ ਨਹੀਂ ਸੀ, ਸਗੋਂ ਉਸਦਾ ਮੰਤਵ ਆਰਥਿਕ, ਸਮਾਜਿਕ ਤੇ ਮਨੁੱਖੀ ਬਰਾਬਰੀ ਉੱਤੇ ਆਧਾਰਿਤ ਜਮਹੂਰੀ ਰਾਜ ਦੀ ਸਥਾਪਨਾ ਕਰਨਾ ਸੀ। ਸੰਵਿਧਾਨ ਨਿਰਮਾਤਾਵਾਂ ਨੇ ਰਾਜਨੀਤਿਕ ਜਮਹੂਰੀਅਤ ਦੇ ਨਾਲ-ਨਾਲ ਆਰਥਿਕ ਜਮਹੂਰੀਅਤ ਨੂੰ ਵੀ ਜ਼ਰੂਰੀ ਮੰਨਿਆ ਸੀ, ਪਰ ਅੱਜ ਆਰਥਿਕ ਅਸਮਾਨਤਾਵਾਂ ਬਹੁਤ ਵਧ ਚੁੱਕੀਆਂ ਹਨ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਜਦੋਂ ਵੱਡੀਆਂ ਕੰਪਨੀਆਂ ਮੀਡੀਆ ਤੇ ਨੀਤੀਆਂ ਉੱਤੇ ਹਾਵੀ ਹੋ ਜਾਂਦੀਆਂ ਹਨ ਤਾਂ ਆਮ ਲੋਕਾਂ ਦੀ ਆਵਾਜ਼ ਕਮਜ਼ੋਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਪ੍ਰੈੱਸ ਉੱਤੇ ਸੈਂਸਰਸ਼ਿਪ ਸੀ, ਪਰ ਅੱਜ ਕਈ ਵਾਰ ਬਿਨਾਂ ਲਿਖਤੀ ਹੁਕਮਾਂ ਦੇ ਹੀ ਡਰ ਤੇ ਦਬਾਅ ਦਾ ਮਾਹੌਲ ਬਣਾਇਆ ਜਾ ਰਿਹਾ ਹੈ।
ਨਿਰੰਜਣ ਸਿੰਘ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਦਾ ਅਸਲ ਮਾਪਦੰਡ ਇਹ ਹੁੰਦਾ ਹੈ ਕਿ ਉਸਦਾ ਨਾਗਰਿਕ ਕਿੰਨਾ ਆਜ਼ਾਦ, ਸੁਰੱਖਿਅਤ ਤੇ ਖ਼ੁਸ਼ ਹੈ। ਉਨ੍ਹਾਂ ਕਿਹਾ ਕਿ ਅੱਜ ਆਮ ਨਾਗਰਿਕ ਬੋਲਣ ਤੋਂ ਪਹਿਲਾਂ ਕਈ ਵਾਰ ਸੋਚਦਾ ਹੈ, ਕਿਉਂਕਿ ਸਮਾਜ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਲੋਕਤੰਤਰ ਦੀ ਰੂਹ ਹੈ ਤੇ ਇਸ ਤੋਂ ਬਿਨਾਂ ਜਮਹੂਰੀਅਤ ਸਿਰਫ਼ ਰਸਮੀ ਢਾਂਚਾ ਬਣ ਕੇ ਰਹਿ ਜਾਂਦੀ ਹੈ।
ਬਲਬੀਰ ਚੰਦ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਐਮਰਜੈਂਸੀ ਨੂੰ “ਸੰਵਿਧਾਨ ਹੱਤਿਆ ਦਿਵਸ” ਵਜੋਂ ਯਾਦ ਕਰਨ ਦਾ ਮਤਲਬ ਤਦ ਹੀ ਹੈ ਜਦੋਂ ਅਸੀਂ ਅਸਲ ਵਿਚ ਸੰਵਿਧਾਨ ਦੀ ਰੱਖਿਆ ਲਈ ਵਚਨਬੱਧ ਹੋਈਏ। ਉਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਜੇ ਲੋਕਾਂ ਦੀ ਭਾਗੀਦਾਰੀ ਘਟਦੀ ਜਾਵੇ ਤੇ ਵੋਟ ਦੇ ਅਧਿਕਾਰ ਉੱਤੇ ਸਵਾਲ ਖੜ੍ਹੇ ਹੋਣ ਲੱਗਣ ਤਾਂ ਲੋਕਤੰਤਰ ਦੀ ਬੁਨਿਆਦ ਕਮਜ਼ੋਰ ਹੋ ਜਾਂਦੀ ਹੈ।
ਸਤਨਾਮ ਸਿੰਘ ਮਾਣਕ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਜਿਉਂਦੀ ਜਾਗਦੀ ਜਮਹੂਰੀਅਤ ਵਿਚ ਲੋਕਾਂ ਦੀ ਲਗਾਤਾਰ ਭਾਗੀਦਾਰੀ ਬਹੁਤ ਜ਼ਰੂਰੀ ਹੁੰਦੀ ਹੈ। ਕਿਸੇ ਵੀ ਸਰਕਾਰ ਦੀਆਂ ਰਾਜਨੀਤਿਕ, ਆਰਥਿਕ ਜਾਂ ਸਮਾਜਿਕ ਨੀਤੀਆਂ ਬਾਰੇ ਨਾਗਰਿਕਾਂ ਨੂੰ ਖੁੱਲ੍ਹ ਕੇ ਆਪਣੀ ਰਾਏ ਦੇਣ ਦਾ ਹੱਕ ਹੋਣਾ ਚਾਹੀਦਾ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਅੱਜ ਮੀਡੀਆ ਦਾ ਵੱਡਾ ਹਿੱਸਾ ਸੱਤਾ ਤੇ ਕਾਰਪੋਰੇਟ ਪ੍ਰਭਾਵ ਹੇਠ ਆ ਚੁੱਕਿਆ ਹੈ, ਜਿਸ ਕਾਰਨ ਸੱਚ ਬੋਲਣਾ ਤੇ ਸੱਚ ਬਚਾਉਣਾ ਹੋਰ ਵੀ ਔਖਾ ਹੋ ਗਿਆ ਹੈ।
ਮਾਣਕ ਨੇ ਕਿਹਾ ਕਿ ਦੇਸ਼ ਵਿੱਚ ਜਮਹੂਰੀਅਤ, ਧਰਮਨਿਰਪੱਖਤਾ, ਫੈੱਡਰਲਿਜ਼ਮ, ਮਨੁੱਖੀ ਅਧਿਕਾਰਾਂ ਤੇ ਪ੍ਰੈੱਸ ਦੀ ਆਜ਼ਾਦੀ ਦੀ ਰੱਖਿਆ ਲਈ ਸਾਰੀਆਂ ਚੇਤਨ ਅਤੇ ਜਮਹੂਰੀ ਤਾਕਤਾਂ ਨੂੰ ਇਕੱਠੇ ਹੋਣ ਦੀ ਲੋੜ ਹੈ।
ਪਰਮਜੀਤ ਨਿੱਕੇ ਘੁੰਮਣ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਿੰਗ ਪ੍ਰਤੀਸ਼ਤ ਵਧਾਉਣਾ ਬਹੁਤ ਜ਼ਰੂਰੀ ਹੈ। ਜਦੋਂ ਪੜ੍ਹਿਆ-ਲਿਖਿਆ ਨੌਜਵਾਨ ਤੇ ਜਾਗਰੂਕ ਵਰਗ ਵੋਟ ਪਾਉਣ ਤੋਂ ਦੂਰ ਰਹਿੰਦਾ ਹੈ ਤਾਂ ਲੋਕਤੰਤਰ ਕਮਜ਼ੋਰ ਹੁੰਦਾ ਹੈ।
ਸਮਾਗਮ ਵਿਚ ਤਜਿੰਦਰ ਕੌਰ ਥਿੰਦ, ਸ਼ੀਤਲ ਠਾਕੁਰ, ਰਵਿੰਦਰ ਚੋਟ, ਮਿਹਰ ਮਲਿਕ, ਏਐੱਸ ਘੁੰਮਣ, ਜੋਗਿੰਦਰ ਸਿੰਘ, ਤਜਿੰਦਰ ਵਿਰਲੀ, ਸੁਰਜੀਤ ਜੱਜ, ਹਰੀਸ਼ ਸਾਬਰੀ, ਸ਼ਰਨਪ੍ਰੀਤ ਕੌਰ, ਜਗਤ ਵਾਣੀ, ਕਮਲਜੀਤ ਗਿੱਲ, ਕੁਲਦੀਪ ਸਿੰਘ, ਬਲਜੀਤ ਕੌਰ ਬੱਲ, ਜਗਜੀਤ ਸਿੰਘ, ਰਾਜਦੀਪ ਸਿੰਘ ਲਾਂਬਾ, ਕਮਲ ਸ਼ਰਮਾ, ਨਰਿੰਦਰ ਪਾਲ, ਜਸਪਾਲ ਸਿੰਘ, ਜਸਪ੍ਰੀਤ ਸਿੰਘ ਸੈਣੀ, ਕਮਲੇਸ਼ ਸੰਧੂ, ਮੱਖਣ ਮਾਨ, ਹਰੀਸ਼ ਕੁਮਾਰ, ਸੰਗਤ ਰਾਮ, ਕੁਲਵੰਤ ਸਿੰਘ, ਪਰਮਜੀਤ ਸਿੰਘ ਵਿਰਕ, ਡੀਆਰ ਬੰਦਨਾ, ਬਲਦੇਵ ਰਾਜ ਭਾਰਦਵਾਜ, ਕੁਲਵੰਤ ਸਿੰਘ, ਨਰਿੰਦਰ ਸਿੰਘ ਅੰਮ੍ਰਿਤਸਰ, ਮਹਿਕ ਕੁਮਾਰੀ, ਸੁਖਰਾਜ ਸਿੰਘ, ਡਾ. ਮਹਿੰਦਰ ਸੰਧੂ, ਚਰਨ ਦਾਸ ਸੰਧੂ, ਮਲਕੀਤ ਸਿੰਘ ਬਰਾੜ ਤੋਂ ਇਲਾਵਾ ਬਹੁਤ ਸਾਰੀਆਂ ਉੱਘੀਆਂ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ।