- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀ ਖਿਡਾਰਨ ਮਨਪ੍ਰੀਤ ਕੌਰ ਨੇ ਕੌਮੀ ਚੈਂਪੀਅਨਸ਼ਿਪ 'ਚ ਜਿੱਤੇ ਚਾਂਦੀ ਤੇ ਕਾਂਸੇ ਤਮਗੇ

ਕੁਲਬੀਰ ਸਿੰਘ ਮਿੰਟੂ/ਲਖਬੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀ ਖਿਡਾਰਨ ਮਨਪ੍ਰੀਤ ਕੌਰ ਨੇ ਕੌਮੀ ਕਿਸ਼ਤੀ ਮੁਕਾਬਲਿਆਂ ’ਚ ਚਾਂਦੀ ਤੇ ਕਾਂਸੇ ਦੇ ਤਮਗੇ ਜਿੱਤ ਕੇ ਪੰਜਾਬ ਦਾ ਸਿਰ ਉੱਚਾ ਕੀਤਾ ਹੈ। ਤਮਗੇ ਜਿੱਤਣ ਤੋਂ ਬਾਅਦ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜੇਤੂ ਖਿਡਾਰਨ ਨੂੰ ਸਨਮਾਨਤ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਪਿੰਡਾਂ ਦੇ ਬੱਚਿਆਂ ਵਿਚ ਬੇਅੰਤ ਪ੍ਰਤਿਭਾ ਮੌਜੂਦ ਹੈ। ਉਹਨਾਂ ਬੱਚਿਆਂ ਨੂੰ ਲੋੜ ਸਿਰਫ਼ ਸਹੀ ਮੰਚ ਤੇ ਸਹੂਲਤਾਂ ਮੁਹੱਈਆ ਕਰਵਾਉਣ ਦੀ ਹੈ।
ਇਸ ਮੌਕੇ ਸੰਤ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੂਬੇ ਦੇ ਖੇਡ ਵਿਭਾਗ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਇਹਨਾਂ ਬੱਚਿਆਂ ਨੂੰ ਕੌਮੀ ਮੁਕਾਬਲਿਆਂ ਵਿੱਚ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀ ਸਥਾਪਨਾ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਬੱਚਿਆਂ ਨੂੰ ਪਾਣੀਆਂ ਨਾਲ ਵੀ ਜੋੜ ਰਹੀ ਹੈ ਅਤੇ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਦੇ ਬੱਚੇ ਹੁਣ ਮੁੜ ਪਾਣੀਆਂ ਵਾਲੀਆਂ ਖੇਡਾਂ ਨਾਲ ਜੁੜ ਰਹੇ ਹਨ। ਉਨ੍ਹਾਂ ਮਨਪ੍ਰੀਤ ਕੌਰ ਦੀ ਸਫਲਤਾ ਨੂੰ ਹੋਰ ਲੜਕੀਆਂ ਲਈ ਪ੍ਰੇਰਣਾਦਾਇਕ ਦੱਸਿਆ।
ਯਾਦ ਰਹੇ ਕਿ ਹਾਲ ਹੀ ਵਿਚ ਇੰਡੀਅਨ ਕਿਆਕਿੰਗ ਕਨੋਇੰਗ ਐਸੋਸੀਏਸ਼ਨ ਵੱਲੋਂ 12 ਤੋਂ 14 ਜੂਨ ਤੱਕ ਰਾਏਪੁਰ (ਛੱਤੀਸਗੜ੍ਹ) ਵਿਖੇ ਹੋਈ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਨਪ੍ਰੀਤ ਕੌਰ ਨੇ 500 ਮੀਟਰ ਮੁਕਾਬਲੇ ਵਿੱਚ ਚਾਂਦੀ ਦਾ ਮੈਡਲ ਅਤੇ 200 ਮੀਟਰ ਦੇ ਫਸਵੇਂ ਮੁਕਾਬਲੇ ਵਿੱਚ ਕਾਂਸੇ ਦਾ ਮੈਡਲ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਵੱਲੋਂ ਕੁੱਲ 22 ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 5 ਖਿਡਾਰੀ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਨਾਲ ਸਬੰਧਤ ਸਨ। ਇਨ੍ਹਾਂ ਖਿਡਾਰੀਆਂ ਦੀ ਚੋਣ ਲਈ ਟ੍ਰਾਇਲ ਰੂਪਨਗਰ (ਰੋਪੜ) ਵਿਖੇ ਕਰਵਾਏ ਗਏ ਸਨ। ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੀਆਂ 23 ਟੀਮਾਂ ਨੇ ਹਿੱਸਾ ਲਿਆ ਸੀ।
ਮੁੱਖ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਖਿਡਾਰੀਆਂ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਤਿਆਰੀ ਕੀਤੀ ਸੀ, ਜਿਸ ਦਾ ਨਤੀਜਾ ਹੁਣ ਮੈਡਲਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਹਾਇਕ ਕੋਚ ਵਰਿੰਦਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਖੁੱਲ੍ਹਣ ਨਾਲ ਇਲਾਕੇ ਦੇ ਬੱਚਿਆਂ ਨੂੰ ਆਪਣੇ ਹੀ ਖੇਤਰ ਵਿੱਚ ਵਿਸ਼ਵ ਪੱਧਰੀ ਸਿਖਲਾਈ ਅਤੇ ਖੇਡ ਸਹੂਲਤਾਂ ਮਿਲ ਰਹੀਆਂ ਹਨ। ਇਸ ਨਾਲ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਮੌਕਾ ਮਿਲਿਆ ਹੈ।
ਸਹਾਇਕ ਕੋਚ ਪ੍ਰਿਆ ਸੈਣੀ ਨੇ ਕਿਹਾ ਕਿ ਸੈਂਟਰ ਵਿਚ ਲੜਕੀਆਂ ਨੂੰ ਵੀ ਬਰਾਬਰ ਮੌਕੇ ਅਤੇ ਉੱਚ ਪੱਧਰੀ ਕੋਚਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੈਂਟਰ ਕਾਰਨ ਪਿੰਡਾਂ ਦੀਆਂ ਧੀਆਂ ਨੂੰ ਖੇਡਾਂ ਵਿਚ ਅੱਗੇ ਵਧਣ ਅਤੇ ਦੇਸ਼ ਲਈ ਮੈਡਲ ਜਿੱਤਣ ਦਾ ਸੁਪਨਾ ਸਾਕਾਰ ਕਰਨ ਦਾ ਰਾਹ ਮਿਲਿਆ ਹੈ। ਖਿਡਾਰਨ ਮਨਪ੍ਰੀਤ ਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਸੰਤ ਬਲਬੀਰ ਸਿੰਘ ਸੀਚੇਵਾਲ, ਸੈਂਟਰ ਦੇ ਕੋਚਾਂ ਅਤੇ ਮਾਪਿਆਂ ਨੂੰ ਦਿੰਦਿਆਂ ਕਿਹਾ ਕਿ ਉਹ ਇਕ ਸਧਾਰਨ ਅਤੇ ਆਰਥਿਕ ਤੌਰ ’ਤੇ ਸੀਮਤ ਪਰਿਵਾਰ ਨਾਲ ਸਬੰਧਤ ਹੈ। ਉਸ ਨੇ ਦੱਸਿਆ ਕਿ ਕਿਆਕਿੰਗ ਅਤੇ ਕਨੋਇੰਗ ਵਰਗੀ ਖੇਡ ਵਿਚ ਅੱਗੇ ਵਧਣ ਲਈ ਮਹਿੰਗੇ ਸਾਜ਼ੋ-ਸਾਮਾਨ, ਬੋਟਾਂ ਅਤੇ ਵਿਸ਼ੇਸ਼ ਸਿਖਲਾਈ ਦੀ ਲੋੜ ਹੁੰਦੀ ਹੈ, ਜੋ ਉਸ ਦੇ ਪਰਿਵਾਰ ਲਈ ਆਪਣੇ ਬਲਬੂਤੇ ਉਪਲਬਧ ਕਰਵਾਉਣਾ ਸੰਭਵ ਨਹੀਂ ਸੀ।
ਸੰਤ ਸੀਚੇਵਾਲ ਦੇ ਸਹਿਯੋਗ ਸਦਕਾ ਕੌਮੀ ਪੱਧਰ ’ਤੇ ਕੀਤੀ ਪੰਜਾਬ ਦੀ ਨੁਮਾਇੰਦਗੀ : ਮਨਪ੍ਰੀਤ ਕੌਰ
ਮਨਪ੍ਰੀਤ ਕੌਰ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਵੱਲੋਂ ਇਹ ਵਾਟਰ ਸਪੋਰਟਸ ਸੈਂਟਰ ਨਾ ਬਣਾਇਆ ਜਾਂਦਾ ਤਾਂ ਸ਼ਾਇਦ ਮੈਂ ਕਦੇ ਵੀ ਇਸ ਖੇਡ ਦਾ ਹਿੱਸਾ ਨਾ ਬਣ ਸਕਦੀ। ਸੈਂਟਰ ਵਿਚ ਮੈਨੂੰ ਮੁਫ਼ਤ ਸਿਖਲਾਈ, ਲੋੜੀਂਦਾ ਸਾਜ਼ੋ-ਸਾਮਾਨ ਅਤੇ ਮਾਹਿਰ ਕੋਚਾਂ ਦੀ ਰਹਿਨੁਮਾਈ ਮਿਲੀ। ਸੰਤ ਸੀਚੇਵਾਲ ਦੇ ਸਹਿਯੋਗ ਸਦਕਾ ਹੀ ਮੈਂ ਅੱਜ ਕੌਮੀ ਪੱਧਰ ’ਤੇ ਪੰਜਾਬ ਦੀ ਨੁਮਾਇੰਦਗੀ ਕਰ ਰਹੀ ਹਾਂ ਅਤੇ ਮੈਡਲ ਜਿੱਤਣ ਵਿੱਚ ਸਫਲ ਹੋਈ ਹਾਂ। ਮੈਂ ਚਾਹੁੰਦੀ ਹਾਂ ਕਿ ਪਿੰਡਾਂ ਦੀਆਂ ਹੋਰ ਧੀਆਂ ਵੀ ਇਸ ਮੌਕੇ ਦਾ ਲਾਭ ਉਠਾਉਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ।