ਗੁਰੂਘਰ ਢਾਹੇ ਜਾਣ ਦੀ ਸੰਤ ਸੀਚੇਵਾਲ ਨੇ ਕੀਤੀ ਸਖ਼ਤ ਨਿੰਦਾ ਪਾਕਿਸਤਾਨ ਵਿੱਚਲੇ 125 ਸਾਲਾਂ ਪੁਰਾਤਨ ਗੁਰੂ ਘਰ ਨੂੰ ਢਾਹੇ ਜਾਣ ਦੀ ਸੰਤ ਸੀਚੇਵਾਲ ਸਖ਼ਤ ਨਿੰਦਾ
Publish Date: Fri, 03 Jul 2026 08:53 PM (IST)
Updated Date: Fri, 03 Jul 2026 08:56 PM (IST)
ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਦਖ਼ਲ ਦੀ ਕੀਤੀ ਮੰਗ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਕਿਸਤਾਨ ਵਿੱਚ 125 ਸਾਲ ਪੁਰਾਣੇ ਇਤਿਹਾਸਕ ਗੁਰਦਆਰਾ ਸਾਹਿਬ ਨੂੰ ਢਾਹੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸੰਤ ਸੀਚੇਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਵਿਚਲੇ ਆਪਣੇ ਹਮਰੁਤਬਾ ਨਾਲ ਗੱਲਬਾਤ ਕਰ ਕੇ 125 ਸਾਲ ਪੁਰਾਣੇ ਢਾਹੇ ਗਏ ਗੁਰਧਾਮ ਦੀ ਮੁੜ ਉਸਾਰੀ ਕਰਵਾਉਣ ਅਤੇ ਇਸ ਇਤਿਹਾਸਕ ਗੁਰੂ ਧਾਮ ਨੂੰ ਢਹਾਉਣ ਵਾਲੇ ਕਾਰੋਬਾਰੀ ਵਿਰੁੱਧ ਸਖ਼ਤ ਕਾਰਵਾਈ ਕਰਵਾਉਣ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਜੋ ਕਿ ਫਾਰੂਖਾਬਾਦ ਵਿਖੇ ਸਥਾਪਿਤ ਹੈ। ਇਹ ਗੁਰੂ ਘਰ ਲਾਹੌਰ ਤੋਂ 70 ਕਿਲੋਮੀਟਰ ਹੀ ਦੂਰ ਹੈ। ਇਸ 125 ਸਾਲ ਪੁਰਾਣੇ ਵਿਰਾਸਤੀ ਗੁਰਦਆਰਾ ਸਾਹਿਬ ਜੀ ਦੀ ਇਮਾਰਤ ਨੂੰ ਬਲਡੋਜ਼ਰ ਨਾਲ ਭੂਮੀ ਮਾਫ਼ੀਆ ਵੱਲੋਂ ਢਾਹੇ ਜਾਣ ਦੀਆਂ ਖ਼ਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਈਆ ਹਨ। ਗੁਰਦੁਆਰਾ ਸਾਹਿਬ ਦੀ ਇਸ ਇਤਿਹਾਸਕ ਇਮਾਰਤ ਨੂੰ ਢਾਹੇ ਜਾਣ ਪਿੱਛੇ ਵੱਡੇ ਕਾਰੋਬਾਰੀ ਦਾ ਹੱਥ ਦੱਸਿਆ ਜਾ ਰਿਹਾ ਹੈ। ਇਹ ਜਾਣਕਾਰੀ ਵੀ ਮਿਲੀ ਹੈ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਵਾਲੇ ਔਕਾਫ਼ ਬੋਰਡ ਵੱਲੋਂ ਵੀ ਇਸ ਬਾਬਤ ਕੋਈ ਕਾਰਵਾਈ ਨਹੀਂ ਕੀਤੀ ਗਈ। ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਗੁਰੂ ਘਰ ਨੂੰ ਨੁਕਸਾਨ ਪਹੁੰਚਾਉਣ ਦੀ ਕੀਤੀ ਇਸ ਕੋਝੀ ਹਰਕਤ ਨਾਲ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ। ਇਹ ਮਾਮਲਾ ਇੱਕ ਇਮਾਰਤ ਨੂੰ ਢਹਾਉਣ ਦਾ ਨਹੀਂ ਸਗੋਂ ਦੁਨੀਆ ਵਿੱਚ ਵਸਦੇ ਕਰੋੜਾਂ ਸਿੱਖਾਂ ਦੀ ਆਸਥਾ ਨਾਲ ਧੁਰ ਅੰਦਰ ਤੱਕ ਜੁੜਿਆ ਹੋਇਆ ਅਤਿ ਸੰਵੇਦਨਸ਼ੀਲ਼ ਮਾਮਲਾ ਹੈ। ਸਿੱਖ ਕੌਮ ਨੇ ਆਪਣੇ ਗੁਰਧਾਮਾਂ ਦੀ ਰਾਖੀ ਲਈ ਹਮੇਸ਼ਾ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ ਹੋਈਆਂ ਹਨ, ਜੋ ਇਤਿਹਾਸ ਵਿੱਚ ਦਰਜ ਹਨ। ਸ੍ਰੀ ਨਾਨਕਣਾ ਸਾਹਿਬ ਦੇ ਸਾਕੇ ਦਾ ਇਤਿਹਾਸ ਲਹੂ ਭਿੱਜਾ ਹੈ। ਅਜ਼ਾਦੀ ਤੋਂ ਪਹਿਲਾਂ ਇਸ ਗੁਰੂਘਰ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਸਿੱਖਾਂ ਨੂੰ ਆਪਣੀਆਂ ਜਾਨਾਂ ਤੱਕ ਕੁਰਬਾਨ ਕਰਨੀਆਂ ਪਈਆਂ ਸਨ। ੳਨ੍ਹਾਂ ਸਮੂਹ ਸਿੱਖਾਂ ਵੱਲੋਂ ਪੁਰਜ਼ੋਰ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਆਪਣਾ ਅਸਰ ਰਸੂਖ ਵਰਤ ਕੇ ਪਾਕਿਸਤਾਨ ਵਿਚਲੀ ਸਿੱਖ ਵਿਰਾਸਤ ਨੂੰ ਬਚਾਉਣ ਲਈ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਇਸ ਸੰਵੇਦਨਸ਼ੀਲ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਈ ਜਾਵੇ। ਪਾਕਿਸਤਾਨ ਵਿੱਚ ਵਸਦਾ ਸਿੱਖ ਭਾਈਚਾਰਾ ਉਥੇ ਘੱਟ ਗਿਣਤੀ ਵਿੱਚ ਹੈ, ਉਨ੍ਹਾਂ ਦੀ ਅਤੇ ਗੁਰੂਧਾਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।