ਸੰਤ ਸੀਚੇਵਾਲ ਸਮਾਜ ਸੇਵਾ ਦੇ ਨਾਲ ਹੋਰ ਜ਼ਿੰਮੇਵਾਰੀਆਂ ਵੀ ਨਿਭਾ ਰਹੇ
ਸੰਤ ਸੀਚੇਵਾਲ ਸਮਾਜ ਸੇਵਾ ਦੇ ਨਾਲ ਨਾਲ ਹੋਰ ਜਿੰਮੇਵਾਰੀਆਂ ਵੀ ਬਾਖੂਬੀ ਨਿਭਾ ਰਹੇ- ਗਗਨਦੀਪ/ਨਵਪ੍ਰੀਤ
Publish Date: Sat, 13 Jun 2026 08:10 PM (IST)
Updated Date: Sat, 13 Jun 2026 08:12 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਸੁਲਤਾਨਪੁਰ ਲੋਧੀ : ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਵਿੱਤਰ ਕਾਲੀ ਵੇਈਂ ਨਦੀ ਦੀ ਕਾਰ ਸੇਵਾ ਰਾਹੀਂ ਹੋਈ ਸਫ਼ਾਈ ਦੀ ਲਹਿਰ ਦੇ ਨਾਲ-ਨਾਲ ਦੇਸ਼-ਵਿਦੇਸ਼ ਵਿਚ ਵਾਤਾਵਰਣ ਸੁਰੱਖਿਆ, ਮਨੁੱਖੀ ਸੇਵਾ ਤੇ ਸਮਾਜਿਕ ਜ਼ਿੰਮੇਵਾਰੀ ਦੇ ਖੇਤਰ ਵਿਚ ਇਕ ਯਾਦਗਾਰ ਅਧਿਆਇ ਵਜੋਂ ਦਰਜ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰ ਗਗਨਦੀਪ ਸਿੰਘ ਐਂਟੀ ਡਰੱਗ ਕਲੱਬ ਦੋਆਬਾ ਦੇ ਚੇਅਰਮੈਨ ਤੇ ਵਾਹਿਗੁਰੂ ਅਕੈਡਮੀ ਦੇ ਐੱਮਡੀ ਨਵਪ੍ਰੀਤ ਸਿੰਘ ਵੱਲੋਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਸੰਸਦ ਚ ਸਬ ਤੋਂ ਪਹਿਲਾਂ ਸਾਡੀ ਮਾਂ ਬੋਲੀ ਪੰਜਾਬੀ ਦੇ ਮੁੱਦਈ ਬਣੇ, ਅੰਨਦਾਤਾ (ਕਿਸਾਨਾਂ) ਦੀ ਆਵਾਜ਼ ਬਣੇ, ਦੂਜੇ ਪਾਸੇ ਉਹ ਵਿਦੇਸ਼ਾਂ ਚ ਬੇਸਹਾਰਾ ਲੋਕਾਂ ਦਾ ਸਹਾਰਾ ਬਣੇ ਰਹੇ ਹਨ ਤੇ ਉਨ੍ਹਾਂ ਲੋਕਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਿਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਸੰਤ ਸੀਚੇਵਾਲ ਨੂੰ ਮਿਲਣਾ ਵੀ ਬਹੁਤ ਅਸਾਨ ਹੈ ਅਤੇ ਹਰੇਕ ਦਾ ਦੁੱਖ-ਦਰਦ ਸਮਝਣ ਲਈ ਕਦੇ ਦੇਰੀ ਨਹੀਂ ਕਰਦੇ। ਸੰਤ ਸੀਚੇਵਾਲ ਪਲੀਤ ਹੋਏ ਬੁੱਢੇ ਦਰਿਆ ਦੀ ਕਾਰ ਸੇਵਾ ਵਿਚ ਲਗਾਤਾਰ ਜੁਟੇ ਹੋਏ ਹਨ ਤੇ ਸੰਗਤ ਦੇ ਸਹਿਯੋਗ ਨਾਲ ਕੀਤੇ ਗਏ ਇਨ੍ਹਾਂ ਯਤਨਾਂ ਕਾਰਨ ਦਰਿਆ ਦੇ ਪਾਣੀ ਦੀ ਗੁਣਵੱਤਾ ਵਿਚ ਵੱਡਾ ਸੁਧਾਰ ਦਰਜ ਕੀਤਾ ਗਿਆ। ਗਗਨਦੀਪ ਸਿੰਘ ਤੇ ਨਵਪ੍ਰੀਤ ਸਿੰਘ ਨੇ ਕਿਹਾ ਕਿ ਮੰਡ ਇਲਾਕੇ ਵਿਚ ਆਏ ਭਿਆਨਕ ਹੜ੍ਹਾਂ ਦੌਰਾਨ ਵੀ ਸੰਤ ਸੀਚੇਵਾਲ ਤੇ ਉਨ੍ਹਾਂ ਦੀ ਟੀਮ ਨੇ ਮਿਸਾਲੀ ਭੂਮਿਕਾ ਨਿਭਾਈ। ਰਾਹਤ ਸਮੱਗਰੀ, ਲੰਗਰ, ਦਵਾਈਆਂ, ਸਾਫ਼ ਪੀਣ ਯੋਗ ਪਾਣੀ, ਆਰਜ਼ੀ ਠਿਕਾਣੇ ਤੇ ਪੁਨਰਵਾਸ ਲਈ ਕੀਤੇ ਗਏ ਉਪਰਾਲਿਆਂ ਨਾਲ ਹਜ਼ਾਰਾਂ ਪੀੜਤ ਪਰਿਵਾਰਾਂ ਨੂੰ ਸਹਾਰਾ ਮਿਲਿਆ। ਇਹ ਸੇਵਾ ਸਿਰਫ਼ ਆਫ਼ਤ ਤੱਕ ਸੀਮਿਤ ਨਹੀਂ ਰਹੀ, ਸਗੋਂ ਪੀੜਤ ਪਰਿਵਾਰਾਂ ਦੇ ਪੁਨਰਵਾਸ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਮੁੜ ਆਬਾਦ ਤੇ ਵਾਹੀਯੋਗ ਬਣਾਉਣ ਲਈ ਸੇਵਾ ਅੱਜ ਵੀ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਦਰਿਆ ਸਤਲੁਜ ਕਿਨਾਰੇ ਧੁੱਸੀ ਬੰਨ੍ਹ ’ਤੇ ਪੱਕੀ ਸੜਕ ਬਣਾਉਣ ਦੇ ਐਲਾਨ ਨਾਲ ਵਿਕਾਸ ਦੀ ਇਲਾਕੇ ਵਿਚ ਨਵੀਂ ਪਹਿਲਕਦਮੀ ਦੀ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਦੇ ਮੰਚ ਤੋਂ ਸੰਤ ਸੀਚੇਵਾਲ ਨੇ ਹਵਾ, ਪਾਣੀ ਤੇ ਧਰਤੀ ਦੀ ਸੁਰੱਖਿਆ ਲਈ ਮਜ਼ਬੂਤੀ ਨਾਲ ਆਵਾਜ਼ ਬੁਲੰਦ ਕੀਤੀ। ਵਾਤਾਵਰਣ ਸੁਰੱਖਿਆ, ਕੁਦਰਤੀ ਸਰੋਤਾਂ ਦੀ ਸੰਭਾਲ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਭਵਿੱਖ ਯਕੀਨੀ ਬਣਾਉਣ ਦੀ ਮੰਗ ਨੂੰ ਉਨ੍ਹਾਂ ਨੇ ਰਾਸ਼ਟਰੀ ਪੱਧਰ ‘ਤੇ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਕਿਸਾਨਾਂ ਦੀਆਂ ਮੰਗਾਂ ਤੇ ਸਰਕਾਰ ਦਾ ਧਿਆਨ ਕੇਂਦਰਿਤ ਕਰਦਿਆਂ ਬਾਗਬਾਨਾਂ ਤੇ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਦੇ ਨਾਲ-ਨਾਲ ਜਲਵਾਯੂ ਪਰਿਵਰਤਨ, ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਸਮਰਥਨ ਮੁੱਲ, ਪੰਜਾਬ ਨੂੰ ਫਸਲੀ ਚੱਕਰ ਵਿਚੋਂ ਬਾਹਰ ਕੱਢਣ ਤੇ ਕਰਜ਼ਾ ਮੁਆਫ਼ੀ ਆਦਿ ਦੇ ਮੁੱਦੇ ਉਠਾਏ ਸਨ। ਕੁਲ ਮਿਲਾ ਕੇ ਸੰਤ ਸੀਚੇਵਾਲ ਵੱਲੋਂ ਸਮਾਜ ਸੇਵਾ ਦੇ ਨਾਲ-ਨਾਲ ਬਤੌਰ ਰਾਜ ਸਭਾ ਮੈਂਬਰ ਹੁੰਦਿਆਂ ਹੋਇਆ ਆਪਣੀਆਂ ਰਾਜਨੀਤਿਕ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਇਆ ਹੈ, ਜਿਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ।