ਸੰਤ ਨਿਰੰਕਾਰੀ ਮਿਸ਼ਨ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਸਿਹਤ, ਅਨੁਸ਼ਾਸਨ ਅਤੇ ਸਕਾਰਾਤਮਕ ਜੀਵਨ ਸ਼ੈਲੀ ਨੂੰ ਸਮਰਪਿਤ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
Publish Date: Sun, 21 Jun 2026 07:22 PM (IST)
Updated Date: Sun, 21 Jun 2026 07:24 PM (IST)

ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਾਵਨ ਆਸ਼ੀਰਵਾਦ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਸੰਤ ਨਿਰੰਕਾਰੀ ਮਿਸ਼ਨ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚ ਯੋਗ ਤੇ ਆਧਿਆਤਮਿਕ ਜਾਗਰੂਕਤਾ ਨਾਲ ਸਬੰਧਤ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤੇ ਗਏ। ਇਸ ਸਬੰਧੀ ਕਪੂਰਥਲਾ ਜ਼ੋਨ ਦੇ ਜ਼ੋਨਲ ਇੰਚਾਰਜ ਗੁਲਸ਼ਨ ਲਾਲ ਆਹੂਜਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਸੰਤ ਨਿਰੰਕਾਰੀ ਸਤਿਸੰਗ ਭਵਨ ਕਪੂਰਥਲਾ, ਸੁਲਤਾਨਪੁਰ ਲੋਧੀ, ਲੱਖਣ ਕੇ ਪੱਡੇ ਤੇ ਕਪੂਰਥਲਾ ਜ਼ੋਨ ਦੀਆਂ ਹੋਰ ਅਨੇਕਾਂ ਸ਼ਾਖਾਵਾਂ ਵਿਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਹਾਤਮਾਵਾਂ, ਸੇਵਾ ਦਲ ਮੈਂਬਰਾਂ ਤੇ ਇਲਾਕੇ ਦੇ ਨਿਵਾਸੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਤਜਰਬੇਕਾਰ ਯੋਗ ਟ੍ਰੇਨਰਾਂ ਦੀ ਰਹਿਨੁਮਾਈ ਹੇਠ ਭਾਗੀਦਾਰਾਂ ਨੇ ਵੱਖ-ਵੱਖ ਯੋਗ ਅਭਿਆਸ ਕੀਤੇ ਤੇ ਸਿਹਤਮੰਦ ਤੇ ਸੰਤੁਲਿਤ ਜੀਵਨ ਸ਼ੈਲੀ ਅਪਣਾਉਣ ਦਾ ਸੰਕਲਪ ਲਿਆ। ਸਤਿਗੁਰੂ ਮਾਤਾ ਜੀ ਆਪਣੇ ਪ੍ਰਵਚਨਾਂ ਵਿਚ ਅਕਸਰ “ਸਵਸਥ ਮਨ, ਸਹਿਜ ਜੀਵਨ” ਦਾ ਸੰਦੇਸ਼ ਦਿੰਦਿਆਂ ਕਹਿੰਦੇ ਹਨ ਕਿ ਮਨੁੱਖੀ ਸਰੀਰ ਪਰਮਾਤਮਾ ਨਿਰੰਕਾਰ ਦੀ ਅਨਮੋਲ ਬਖ਼ਸ਼ਿਸ਼ ਹੈ ਤੇ ਇਸ ਦੀ ਸੰਭਾਲ ਕਰਨਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਇਸ ਲਈ ਲੰਬੀ ਉਮਰ, ਤੰਦਰੁਸਤੀ ਤੇ ਸਰਗਰਮ ਜੀਵਨ ਲਈ ਯੋਗ ਬਹੁਤ ਜ਼ਰੂਰੀ ਹੈ। ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ “ਸਵਸਥ ਉਮਰ ਲਈ ਯੋਗ” ਰਿਹਾ, ਜਿਸ ਨੇ ਇਹ ਸੰਦੇਸ਼ ਦਿੱਤਾ ਕਿ ਅਸਲ ਸਿਹਤ ਸਰੀਰਕ, ਮਾਨਸਿਕ ਤੇ ਆਧਿਆਤਮਿਕ ਤੰਦਰੁਸਤੀ ਦੇ ਸੁਮੇਲ ਦਾ ਨਾਮ ਹੈ। ਇਸੇ ਭਾਵਨਾ ਅਨੁਸਾਰ ਸੰਤ ਨਿਰੰਕਾਰੀ ਮਿਸ਼ਨ ਨੇ ਯੋਗ ਨੂੰ ਆਤਮ-ਜਾਗਰੂਕਤਾ, ਅਨੁਸ਼ਾਸਨ ਤੇ ਸਕਾਰਾਤਮਕ ਜੀਵਨ ਦ੍ਰਿਸ਼ਟੀਕੋਣ ਦਾ ਪ੍ਰਭਾਵਸ਼ਾਲੀ ਮਾਧਿਅਮ ਦੱਸਦਿਆਂ ਲੋਕਾਂ ਨੂੰ ਇਸ ਪ੍ਰਤੀ ਹੋਰ ਜਾਗਰੂਕ ਕਰਨ ਦਾ ਯਤਨ ਕੀਤਾ। ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਕੱਤਰ ਸਤਿਕਾਰਯੋਗ ਜੋਗਿੰਦਰ ਸੁਖੀਜਾ ਜੀ ਦੇ ਅਨੁਸਾਰ ਦੇਸ਼ ਭਰ ਦੇ 1,500 ਤੋਂ ਵੱਧ ਕੇਂਦਰਾਂ ਵਿਚ ਸਮੂਹਿਕ ਯੋਗ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਸਰੀਰਕ ਸਿਹਤ, ਮਾਨਸਿਕ ਸੰਤੁਲਨ ਤੇ ਆਧਿਆਤਮਿਕ ਚੇਤਨਾ ਨੂੰ ਉਤਸ਼ਾਹਿਤ ਕਰਨਾ ਸੀ। ਨਿਸ਼ਚਿਤ ਤੌਰ ’ਤੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਕੀਤਾ ਗਿਆ ਇਹ ਲੋਕ-ਭਲਾਈ ਦਾ ਉਪਰਾਲਾ ਸਮਾਜ ਲਈ ਪ੍ਰੇਰਣਾਦਾਇਕ ਹੈ, ਜੋ ਸਿਹਤ, ਜਾਗਰੂਕਤਾ ਤੇ ਸਕਾਰਾਤਮਕ ਜੀਵਨ ਮੁੱਲਾਂ ਨੂੰ ਉਤਸ਼ਾਹਿਤ ਕਰਦਿਆਂ ਸਮੂਹ ਮਨੁੱਖਤਾ ਲਈ ਸਰਵਪੱਖੀ ਕਲਿਆਣ ਦਾ ਸੰਦੇਸ਼ ਦਿੰਦਾ ਹੈ।