- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਆਸ ਦਰਿਆ ਦੇ ਵਧਦੇ ਪਾਣੀ ਨੇ ਵਧਾਈ ਚਿੰਤਾ,

ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਅਤੇ ਦਰਿਆ ਨਾਲ ਲੱਗਦੇ ਨੀਵੇਂ ਇਲਾਕਿਆਂ ਦੇ ਪਿੰਡਾਂ ਵਿਚ ਹੜ੍ਹਾਂ ਦੇ ਖਤਰੇ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਵਧ ਰਹੀ ਹੈ। ਪਿਛਲੇ ਸਾਲਾਂ ਦੌਰਾਨ ਵੀ ਬਿਆਸ ਦੇ ਚੜ੍ਹਦੇ ਪਾਣੀ ਦੀ ਸਭ ਤੋਂ ਵੱਧ ਮਾਰ ਮੰਡ ਖੇਤਰ ਦੇ ਪਿੰਡਾਂ 'ਤੇ ਪੈਂਦੀ ਰਹੀ ਹੈ, ਜਿਸ ਕਾਰਨ ਫਸਲਾਂ, ਘਰਾਂ ਤੇ ਪਸ਼ੂਆਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਨਹਿਰੀ ਵਿਭਾਗ ਵੱਲੋਂ ਪਿੰਡ ਡਡਵਿੰਡੀ ਦੇ ਨਾਲ ਲਗਦੇ ਪਿੰਡ ਭੌਰ, ਕਮਾਲਪੁਰ ਭੱਠਾ, ਪਿੰਡ ਚੱਕ ਕੋਟਲਾ, ਅਹਿਮਦਪੁਰ, ਛੰਨਾ, ਨਸੀਰੇਵਾਲ਼, ਮੁਹਬਲੀਪੁਰ, ਡੱਲਾ ਤੇ ਹੋਰ ਲਗਦੇ ਪਿੰਡਾਂ ਦੇ ਖਾਲਿਆਂ, ਬੰਨ੍ਹਾਂ, ਨਦੀਆਂ ਤੇ ਦਰਿਆਵਾਂ ਦੇ ਪੁਲਾਂ ਹੇਠ ਜਮ੍ਹੀ ਮਿੱਟੀ, ਝਾੜੀਆਂ ਤੇ ਹੋਰ ਰੁਕਾਵਟਾਂ ਦੀ ਸਮੇਂ ਸਿਰ ਸਫ਼ਾਈ ਨਾ ਕਰਵਾਈ ਗਈ ਤਾਂ ਬਰਸਾਤੀ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਸਕਦੀ ਹੈ। ਛੋਟੀਆਂ ਪੁਲੀਆਂ ਤੇ ਨਿਕਾਸੀ ਮਾਰਗਾਂ ਦੇ ਬੰਦ ਹੋਣ ਕਾਰਨ ਪਾਣੀ ਖੇਤਾਂ ਤੇ ਰਿਹਾਇਸ਼ੀ ਇਲਾਕਿਆਂ ਵੱਲ ਰੁਖ ਕਰ ਸਕਦਾ ਹੈ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਅਤੇ ਘਰਾਂ ਨੂੰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਨੁਕਸਾਨ ਪਹੁੰਚਣ ਦਾ ਖਤਰਾ ਬਣ ਸਕਦਾ ਹੈ ਕਿਉਂਕਿ ਬਰਸਾਤੀ ਮੌਸਮ ਕਾਰਨ ਵੀ ਬਿਆਸ ਦਰਿਆ ਦਾ ਪਾਣੀ ਵਧਣ ਦੀ ਸੂਰਤ ਵਿਚ ਅਹਲੀ ਕਲਾਂ, ਅਹਲੀ ਖੁਰਦ, ਕਰਮੂਵਾਲਾ ਪੱਟਣ, ਮੰਡ ਬਾਉਪੁਰ, ਲੱਖ ਵਰ੍ਹੀਆਂ, ਮੰਗੂਪੁਰ, ਬਾਜਾ ਤੇ ਧੁੱਸੀ ਬੰਨ੍ਹ ਦੇ ਅੰਦਰਲੇ ਹੋਰ ਮੰਡ ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ। ਭਾਵੇਂ ਪ੍ਰਸ਼ਾਸਨ ਵੱਲੋਂ ਇਨ੍ਹਾਂ ਖੇਤਰਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ, ਪਰ ਐਮਰਜੈਂਸੀ ਸਥਿਤੀ ਦੌਰਾਨ ਹੜ੍ਹਾਂ ਨਾਲ ਨਜਿੱਠਣਾ ਇਕ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ।
ਇਲਾਕਾ ਵਾਸੀਆਂ ਤੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਮੌਨਸੂਨ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਨਹਿਰੀ ਵਿਭਾਗ ਵੱਲੋਂ ਪਿੰਡਾਂ ਵਿਚੋਂ ਲੰਘਦੀਆਂ ਨਦੀਆਂ, ਖਾਲਿਆਂ, ਬੰਨ੍ਹਾਂ ਤੇ ਪੁਲਾਂ ਹੇਠ ਜੰਮੀ ਮਿੱਟੀ ਤੇ ਝਾੜੀਆਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਨਿਕਾਸੀ ਪ੍ਰਬੰਧ ਪਹਿਲਾਂ ਹੀ ਦਰੁਸਤ ਕਰ ਦਿੱਤੇ ਜਾਣ ਤਾਂ ਆਉਣ ਵਾਲੇ ਸਮੇਂ ਵਿਚ ਹੜ੍ਹਾਂ ਵਰਗੀ ਸਥਿਤੀ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।