ਸ੍ਰੀ ਅਕਾਲ ਤਖ਼ਤ ਸਾਹਿਬ ਕੌਮ ਦੀ ਸਰਵਉੱਚ ਸੰਸਥਾ: ਜੋਸਨ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਦਾ ਸਤਿਕਾਰ ਕਰਨਾ ਹਰ ਸਿੱਖ ਦਾ ਧਾਰਮਿਕ ਫ਼ਰਜ਼: ਇੰਦਰਜੀਤ ਸਿੰਘ ਜੋਸਨ
Publish Date: Fri, 19 Jun 2026 07:26 PM (IST)
Updated Date: Sat, 20 Jun 2026 04:07 AM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਤ ਵੀਡੀਓ ਸਬੰਧੀ ਸੁਣਾਏ ਗਏ ਫ਼ੈਸਲੇ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਪੰਥਕ ਆਗੂ ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਰਵਉੱਚ ਅਤੇ ਸਰਬਸੰਮਤ ਧਾਰਮਿਕ ਸੰਸਥਾ ਹੈ, ਜਿਸ ਦੀ ਮਾਣ-ਮਰਯਾਦਾ ਅਤੇ ਅਧਿਕਾਰਾਂ ਦੀ ਰੱਖਿਆ ਕਰਨਾ ਹਰ ਸਿੱਖ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੇਂ-ਸਮੇਂ ਤੇ ਕੀਤੇ ਜਾਂਦੇ ਫ਼ੈਸਲੇ ਪੰਥ ਦੀਆਂ ਪਰੰਪਰਾਵਾਂ, ਸਿਧਾਂਤਾਂ ਅਤੇ ਮਰਯਾਦਾ ਨੂੰ ਕਾਇਮ ਰੱਖਣ ਲਈ ਹੁੰਦੇ ਹਨ ਅਤੇ ਇਨ੍ਹਾਂ ਦਾ ਆਦਰ ਕਰਨਾ ਹਰ ਸਿੱਖ ਦਾ ਧਾਰਮਿਕ ਫ਼ਰਜ਼ ਬਣਦਾ ਹੈ। ਇੰਦਰਜੀਤ ਸਿੰਘ ਜੋਸਨ ਨੇ ਕਿਹਾ ਕਿ ਸਿਆਸੀ ਮਤਭੇਦ ਅਤੇ ਵਿਚਾਰਧਾਰਾਵਾਂ ਆਪਣੀ ਥਾਂ ਹਨ, ਪਰ ਜਦੋਂ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਉਂਦੀ ਹੈ ਤਾਂ ਹਰ ਸਿੱਖ ਨੂੰ ਨਿੱਜੀ ਅਤੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਥਕ ਏਕਤਾ ਅਤੇ ਮਰਯਾਦਾ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕੇਵਲ ਇੱਕ ਸੰਸਥਾ ਨਹੀਂ, ਸਗੋਂ ਸਿੱਖ ਕੌਮ ਦੀ ਆਜ਼ਾਦ ਹਸਤੀ, ਸਵੈਮਾਣ ਅਤੇ ਧਾਰਮਿਕ ਅਸੂਲਾਂ ਦਾ ਪ੍ਰਤੀਕ ਹੈ। ਇਸ ਲਈ ਇਸ ਦੇ ਫ਼ੈਸਲਿਆਂ ਪ੍ਰਤੀ ਸ਼ੱਕ ਜਾਂ ਅਣਗਹਿਲੀ ਦਾ ਰਵੱਈਆ ਅਪਣਾਉਣ ਦੀ ਬਜਾਏ ਸਮੁੱਚੀ ਕੌਮ ਨੂੰ ਇਕਜੁੱਟ ਹੋ ਕੇ ਇਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਸਿੱਖ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਚੱਲਿਆ ਹੈ, ਤਦੋਂ ਕੌਮ ਨੇ ਵੱਡੀਆਂ-ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਅੱਜ ਵੀ ਲੋੜ ਇਸ ਗੱਲ ਦੀ ਹੈ ਕਿ ਸਾਰੇ ਸਿੱਖ, ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਜਾਂ ਵਿਚਾਰਧਾਰਾ ਨਾਲ ਸਬੰਧਤ ਹੋਣ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਨ ਅਤੇ ਇਸ ਦੀ ਮਾਣ-ਮਰਿਯਾਦਾ ਨੂੰ ਬਰਕਰਾਰ ਰੱਖਣ ਲਈ ਆਪਣਾ ਯੋਗਦਾਨ ਪਾਉਣ। ਜੋਸਨ ਨੇ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਥਕ ਸੰਸਥਾਵਾਂ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਏ ਗਏ ਫ਼ੈਸਲੇ ਨੂੰ ਸਵੀਕਾਰ ਕਰਕੇ ਸਿੱਖ ਕੌਮ ਦੀ ਏਕਤਾ, ਚੜ੍ਹਦੀ ਕਲਾ ਅਤੇ ਗੌਰਵ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਯਾਦਾ ਸਰਬੋਪਰੀ ਹੈ ਅਤੇ ਇਸ ਦੀ ਰੱਖਿਆ ਕਰਨਾ ਹਰ ਗੁਰੂ ਦੇ ਸਿੱਖ ਦਾ ਪਵਿੱਤਰ ਫ਼ਰਜ਼ ਹੈ।