ਫਗਵਾੜਾ ਲਿੰਕ ਸੜਕ ’ਤੇ ਟਰਾਂਸਪੋਰਟਰਾਂ ਦੇ ਖੜ੍ਹੇ ਟਰੱਕਾਂ ਕਾਰਨ ਮੁਹੱਲਾ ਵਾਸੀਆਂ ’ਚ ਰੋਸ ਫਗਵਾੜਾ ਲੰਿਕ ਸੜਕ 'ਤੇ ਟਰਾਂਸਪੋਰਟਰਾਂ ਦੇ ਖੜ੍ਹੇ ਟਰੱਕਾਂ ਕਾਰਨ ਮੁਹੱਲਾ ਵਾਸੀਆਂ ਵਿੱਚ ਰੋਸ,ਬੰਟੀ ਵਾਲੀਆ
Publish Date: Sat, 04 Jul 2026 07:10 PM (IST)
Updated Date: Sat, 04 Jul 2026 07:11 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੀ ਲਿੰਕ ਸੜਕ ਨਜ਼ਦੀਕ ਕੋਰਟ ਕੰਪਲੈਕਸ ਰਤਨਪੁਰਾ ਵਿਖੇ ਟਰਾਂਸਪੋਰਟਰਾਂ ਵੱਲੋਂ ਸੜਕ ਕਿਨਾਰੇ ਬੇਤਰਤੀਬੇ ਢੰਗ ਨਾਲ ਖੜ੍ਹੇ ਕੀਤੇ ਜਾ ਰਹੇ ਭਾਰੀ ਟਰੱਕਾਂ ਕਾਰਨ ਹਰ ਰੋਜ਼ ਭਿਆਨਕ ਜਾਮ ਦੀ ਸਥਿਤੀ ਬਣ ਰਹੀ ਹੈ। ਇਸ ਕਾਰਨ ਆਮ ਲੋਕਾਂ, ਸਕੂਲੀ ਵਿਦਿਆਰਥੀਆਂ, ਨੌਕਰੀਪੇਸ਼ਾ ਵਿਅਕਤੀਆਂ ਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦੇ ਦੋਵੇਂ ਪਾਸੇ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਟਰੱਕਾਂ ਕਾਰਨ ਆਵਾਜਾਈ ਲਈ ਰਸਤਾ ਬਹੁਤ ਤੰਗ ਹੋ ਜਾਂਦਾ ਹੈ, ਜਿਸ ਨਾਲ ਦਿਨ ਭਰ ਜਾਮ ਲੱਗਿਆ ਰਹਿੰਦਾ ਹੈ। ਕਈ ਵਾਰ ਐਂਬੂਲੈਂਸਾਂ ਅਤੇ ਹੋਰ ਜ਼ਰੂਰੀ ਵਾਹਨ ਵੀ ਜਾਮ ਵਿੱਚ ਫਸ ਜਾਂਦੇ ਹਨ, ਜਿਸ ਨਾਲ ਲੋਕਾਂ ਦੀ ਸੁਰੱਖਿਆ ਅਤੇ ਸਿਹਤ ’ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸੜਕ ’ਤੇ ਗੈਰ-ਕਾਨੂੰਨੀ ਢੰਗ ਨਾਲ ਖੜ੍ਹੇ ਕੀਤੇ ਜਾਣ ਵਾਲੇ ਟਰੱਕਾਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਟਰਾਂਸਪੋਰਟਰਾਂ ਨੂੰ ਸੜਕ ਤੋਂ ਟਰੱਕ ਹਟਾਉਣ ਤੇ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਹੱਲ ਕਰਨਾ ਚਾਹੀਦਾ ਹੈ। ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਇਸ ਗੰਭੀਰ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਵਾਰਡ ਦੇ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਸੜਕ ਕਿਨਾਰੇ ਬੇਤਰਤੀਬ ਢੰਗ ਨਾਲ ਖੜ੍ਹੇ ਕੀਤੇ ਜਾ ਰਹੇ ਟਰੱਕਾਂ ਨੂੰ ਲੈ ਕੇ ਟਰਾਂਸਪੋਰਟਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਟਰਾਂਸਪੋਰਟਰਾਂ ਨੇ ਆਪਣੇ ਟਰੱਕ ਲਿੰਕ ਸੜਕ ਦੇ ਕਿਨਾਰੇ ਤੋਂ ਹਟਾ ਕੇ ਕਿਸੇ ਹੋਰ ਢੁੱਕਵੇਂ ਸਥਾਨ ’ਤੇ ਖੜ੍ਹੇ ਨਾ ਕੀਤੇ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੰਟੀ ਵਾਲੀਆ ਨੇ ਕਿਹਾ ਕਿ ਸੜਕਾਂ ਦੇ ਕਿਨਾਰੇ ਖੜ੍ਹੇ ਟਰੱਕਾਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਟਰਾਂਸਪੋਰਟਰਾਂ ਨੂੰ ਅਪੀਲ ਕੀਤੀ ਕਿ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਟਰੱਕ ਤੁਰੰਤ ਸੜਕ ਕਿਨਾਰੇ ਤੋਂ ਹਟਾ ਕੇ ਨਿਰਧਾਰਤ ਜਾਂ ਢੁੱਕਵੇਂ ਸਥਾਨਾਂ ’ਤੇ ਖੜ੍ਹੇ ਕਰਨ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇ।