ਜੀਤੀ ਖੇੜਾ ਬਣੇ ਅਕਾਲੀ ਦਲ ਫਗਵਾੜਾ ਦਿਹਾਤੀ ਦੇ ਯੂਥ ਪ੍ਰਧਾਨ
ਰਣਜੀਤ ਸਿੰਘ ਜੀਤੀ ਖੇੜਾ ਬਣੇ ਸ਼੍ਰੋਮਣੀ ਅਕਾਲੀ ਦਲ ਫਗਵਾੜਾ ਦਿਹਾਤੀ ਦੇ ਯੂਥ ਪ੍ਰਧਾਨ
Publish Date: Fri, 12 Jun 2026 07:09 PM (IST)
Updated Date: Fri, 12 Jun 2026 07:11 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਤੇ ਨੌਜਵਾਨ ਵਰਗ ਨੂੰ ਪਾਰਟੀ ਨਾਲ ਜੋੜਨ ਦੇ ਮੰਤਵ ਨਾਲ ਰਣਜੀਤ ਸਿੰਘ ਜੀਤੀ ਖੇੜਾ ਨੂੰ ਫਗਵਾੜਾ ਦਿਹਾਤੀ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਅਕਾਲੀ ਵਰਕਰਾਂ ਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਪਾਰਟੀ ਆਗੂਆਂ ਨੇ ਇਸ ਨੂੰ ਸੰਗਠਨ ਲਈ ਇਕ ਮਜ਼ਬੂਤ ਕਦਮ ਕਰਾਰ ਦਿੱਤਾ ਹੈ। ਪਿੰਡ ਖੇੜਾ ਦੇ ਵਸਨੀਕ ਰਣਜੀਤ ਸਿੰਘ ਜੀਤੀ ਖੇੜਾ ਮੌਜੂਦਾ ਸਮੇਂ ਪਿੰਡ ਦੇ ਪੰਚ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲ਼ੀ ਆਗੂਆਂ ਵਿਚ ਗਿਣਿਆ ਜਾਂਦਾ ਹੈ ਤੇ ਹਮੇਸ਼ਾ ਪਾਰਟੀ ਦੀ ਵਿਚਾਰਧਾਰਾ ਤੇ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਰਗਰਮ ਰਿਹਾ ਹੈ। ਪਾਰਟੀ ਦੇ ਹਰ ਸੰਘਰਸ਼ ਤੇ ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ ਵਿਚ ਉਨ੍ਹਾਂ ਦੀ ਭੂਮਿਕਾ ਅਹਿਮ ਰਹੀ ਹੈ, ਜਿਸ ਕਾਰਨ ਉਹ ਇਲਾਕੇ ਵਿਚ ਇਕ ਜੁਝਾਰੂ ਤੇ ਲੋਕਪ੍ਰਿਯ ਆਗੂ ਵਜੋਂ ਜਾਣੇ ਜਾਂਦੇ ਹਨ। ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਜੀਤੀ ਖੇੜਾ ਦੀ ਨਿਯੁਕਤੀ ਨਾਲ ਫਗਵਾੜਾ ਦਿਹਾਤੀ ਖੇਤਰ ਵਿਚ ਯੂਥ ਅਕਾਲੀ ਦਲ ਨੂੰ ਨਵੀਂ ਊਰਜਾ ਮਿਲੇਗੀ ਤੇ ਨੌਜਵਾਨਾਂ ਦੀ ਵੱਡੀ ਗਿਣਤੀ ਪਾਰਟੀ ਨਾਲ ਜੁੜੇਗੀ। ਉਨ੍ਹਾਂ ਨੇ ਹਮੇਸ਼ਾ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉੱਚੇ ਪੱਧਰ ਤੱਕ ਪਹੁੰਚਾਉਣ ਤੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਹਨ, ਜਿਸ ਕਾਰਨ ਉਨ੍ਹਾਂ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਦਾ ਰਿਹਾ ਹੈ। ਨਿਯੁਕਤੀ ਤੋਂ ਬਾਅਦ ਰਣਜੀਤ ਸਿੰਘ ਜੀਤੀ ਖੇੜਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਤੇ ਜੋ ਵਿਸ਼ਵਾਸ ਪ੍ਰਗਟਾਇਆ ਗਿਆ ਹੈ, ਉਹ ਉਸ ਤੇ ਪੂਰੀ ਤਰ੍ਹਾਂ ਖਰਾ ਉਤਰਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਰਬਜੀਤ ਸਿੰਘ ਝਿੰਜਰ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਫਗਵਾੜਾ ਸ਼ਹਿਰੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ, ਫਗਵਾੜਾ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਲੋਕ ਭਾਵਨਾਵਾਂ ਨਾਲ ਜੁੜੀ ਹੋਈ ਪਾਰਟੀ ਹੈ ਤੇ ਨੌਜਵਾਨਾਂ ਦੀ ਭੂਮਿਕਾ ਇਸ ਦੇ ਭਵਿੱਖ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਸਭ ਤੋਂ ਅਹਿਮ ਹੈ। ਉਹ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਘਰ-ਘਰ ਤੱਕ ਪਹੁੰਚਾਉਣ, ਨੌਜਵਾਨਾਂ ਨੂੰ ਸੰਗਠਿਤ ਕਰਨ ਤੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਦੇ ਵਿਕਾਸ, ਨੌਜਵਾਨਾਂ ਦੇ ਰੁਜ਼ਗਾਰ, ਖੇਡਾਂ ਦੇ ਪ੍ਰਚਾਰ ਤੇ ਸਮਾਜਿਕ ਭਲਾਈ ਨਾਲ ਜੁੜੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਉਠਾਇਆ ਜਾਵੇਗਾ। ਉਨ੍ਹਾਂ ਪਾਰਟੀ ਵਰਕਰਾਂ ਨੂੰ ਇਕਜੁੱਟ ਹੋ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਵੀ ਦਿੱਤਾ।