ਪੰਜਾਬ ਦੀ ਰਾਜਧਾਨੀ, ਹੈੱਡਵਰਕਸ, ਡੈਮ ਪੰਜਾਬ ਹਵਾਲੇ ਕੀਤੇ ਜਾਣ
ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ, ਹੈੱਡਵਰਕਸ, ਡੈਮ ਪੰਜਾਬ ਹਵਾਲੇ ਕੀਤੇ ਜਾਣ
Publish Date: Tue, 23 Jun 2026 09:05 PM (IST)
Updated Date: Tue, 23 Jun 2026 09:07 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਅੱਜ 23 ਜੂਨ ਨੂੰ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕੇਂਦਰ ਸਰਕਾਰ ਦੇ ਫਾਸ਼ੀਵਾਦੀ ਹੱਲੇ ਖ਼ਿਲਾਫ ਡੀਸੀ ਦਫਤਰ ਕਪੂਰਥਲਾ ਮੁਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਸੌਂਪਿਆ ਗਿਆ। ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਆਗੂਆਂ ਨੇ ਆਰਐੱਸਐੱਸ-ਭਾਜਪਾ ਦੀਆਂ ਫਿਰਕੂ-ਫਾਸ਼ੀਵਾਦੀ ਕੁਚਾਲਾਂ ਸੰਘ ਪਰਿਵਾਰ ਦੇ ਖਰੂਦੀ ਟੋਲਿਆਂ ਵੱਲੋਂ ਕੀਤੇ ਜਾ ਰਹੇ ਘੱਟ ਗਿਣਤੀ ਵਸੋਂ ਦੇ ਘਾਣ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕਾਂ ਦੀ ਰੋਜ਼ੀ-ਰੋਟੀ ’ਤੇ ਕੀਤੇ ਜਾ ਰਹੇ ਘਾਤਕ ਹੱਲਿਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਦੀ ਚੋਣ ਉਪਰੰਤ ਭਾਜਪਾ ਪੰਜਾਬ ਜਿੱਤਣ ਦੇ ਦਾਅਵੇ ਕਰ ਰਹੀ ਹੈ। ਭਾਜਪਾ ਨੇ ਚੋਣ ਜਿੱਤਣ ਉਪਰੰਤ ਪੱਛਮੀ ਬੰਗਾਲ ਵਿਚ ਮੁਸਲਮਾਨਾਂ ਲਈ ਸੜਕ ਕਿਨਾਰੇ ਨਮਾਜ਼ ਪੜ੍ਹਣ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਰਕੇ ਭਾਜਪਾ ਦੇ ਕਾਲੇ ਮਨਸੂਬਿਆਂ ਨੂੰ ਸਮਝਦੇ ਹੋਏ ਭਾਜਪਾ ਖ਼ਿਲਾਫ ਪੰਜਾਬ ਤੇ ਜਮਹੂਰੀ ਮੁੱਦਿਆਂ ਉਪਰ ਸੰਘਰਸ਼ ਤੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਕ ਹੱਲ ਕੀਤਾ ਜਾਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭੰਗ ਕਰਕੇ ਪੰਜਾਬ ਦਾ ਵੱਖਰਾ ਬੋਰਡ ਬਣਾਇਆ ਜਾਵੇ। ਪੰਜਾਬ ਦੇ ਹੈੱਡਵਰਕਸ ਉਪਰ ਪੰਜਾਬ ਦਾ ਕੰਟਰੋਲ ਹੋਵੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਹਵਾਲੇ ਕੀਤੇ ਜਾਣ, ਸਿੱਖਿਆ ਨੀਤੀ ਬਣਾਉਣ ਦਾ ਅਧਿਕਾਰ ਪੰਜਾਬ ਨੂੰ ਦਿੱਤਾ ਜਾਵੇ। ਪੰਜਾਬ ਦੀਆਂ ਯੂਨੀਵਰਸਿਟੀ ਦੇ ਵੀਸੀ ਲਾਉਣ ਦਾ ਅਧਿਕਾਰ ਪੰਜਾਬ ਨੂੰ ਦਿੱਤਾ ਜਾਵੇ। ਸਭ ਸਿਆਸੀ ਕੈਦੀਆਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ, ਐੱਨਆਈਏ, ਯੂਏਪੀਏ, ਗੜਬੜ ਗ੍ਰਸਤ ਕਾਨੂੰਨ, ਜ਼ਰੂਰੀ ਸੇਵਾਵਾਂ ਜਿਹੇ ਜਾਲਮ ਕਾਨੂੰਨ, ਲੇਬਰ ਕੋਡ, ਜੀ ਰਾਮ ਜੀ ਕਾਨੂੰਨ, ਬਿਜਲੀ ਬਿੱਲ, ਬੀਜ ਬਿੱਲ ਰੱਦ ਕੀਤੇ ਜਾਣ। ਐੱਸਆਈਆਰ ਨੂੰ ਧਾਰਮਿਕ, ਸਿਆਸੀ ਮਨੋਰਥਾਂ ਲਈ ਵਰਤਣਾ ਬੰਦ ਕੀਤਾ ਜਾਵੇ। ਕੌਮੀ ਸੁਰੱਖਿਆ ਏਜੰਸੀ ਨੂੰ ਭੰਗ ਕੀਤਾ ਜਾਵੇ ਤੇ ਸੀਬੀਆਈ ਲਈ ਸੂਬੇ ਚ ਦਾਖਲ ਹੋਣ ਲਈ ਪੰਜਾਬ ਸਰਕਾਰ ਦੀ ਮਨਜੂਰੀ ਤੈਅ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੈਕਸ ਉਗਰਾਹੁਣ ਤੇ ਲਾਉਣ ਦਾ ਅਧਿਕਾਰ ਰਾਜਾਂ ਕੋਲ ਹੀ ਹੋਣਾ ਚਾਹੀਦਾ ਹੈ। ਬੀਐੱਸਐੱਫ ਦਾ ਘੇਰਾ ਪੰਜਾਹ ਕਿਲੋਮੀਟਰ ਤੋਂ ਘਟਾ ਕੇ ਪੰਦਰਾਂ ਕਿਲੋਮੀਟਰ ਕੀਤਾ ਜਾਵੇ। ਇਸ ਮੌਕੇ ਕਾਮਰੇਡ ਮੁਕੰਦ ਸਿੰਘ, ਬਲਵਿੰਦਰ ਸਿੰਘ ਭੁੱਲਰ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਹਰਬੰਸ ਸਿੰਘ ਮੱਟੂ, ਤਰਲੋਕ ਸਿੰਘ ਭਬਿਆਣਾ, ਅਮਰਜੀਤ ਸਿੰਘ ਜਵਾਲਾਪੁਰ, ਮਾਸਟਰ ਗੁਰਦੀਪ ਸਿੰਘ, ਤਰਸੇਮ ਸਿੰਘ ਬੰਨੇਮੱਲ, ਮਾਸਟਰ ਚਰਨ, ਪੀਰ ਮੁਹੰਮਦ, ਕਾਮਰੇਡ ਲੁਭਾਇਆ ਸਿੰਘ ਕਾਲਾ ਸੰਘਿਆਂ, ਹਰਿੰਦਰ ਸਿੰਘ ਚੀਮਾ, ਬਲਕਾਰ ਸਿੰਘ ਸਾਬਕਾ ਸਰਪੰਚ ਆਦਿ ਆਗੂਆਂ ਨੇ ਇੱਕਠ ਨੂੰ ਸੰਬੋਧਨ ਕੀਤਾ। ਇਸ ਮੌਕੇ ਕਸ਼ਮੀਰਾ ਸਿੰਘ ਭੰਡਾਲ ਦੋਨਾ, ਬਾਬਾ ਸੁਰਿੰਦਰ ਗ਼ਦਰੀ, ਰਣਜੀਤ ਸਿੰਘ ਰਾਣਾ, ਉਮ ਪ੍ਰਕਾਸ਼, ਮਾਸਟਰ ਬਲਵੀਰ ਸਿੰਘ ਫਜ਼ਲਾਬਾਦ ਆਦਿ ਕਿਸਾਨ ਮਜ਼ਦੂਰ ਆਗੂ ਤੇ ਵਰਕਰ ਹਾਜ਼ਰ ਸਨ।