ਸਰਪੰਚਾਂ ਨੂੰ 10 ਹਜ਼ਾਰ ਮਾਣਭੱਤਾ ਦੇਣ ਦਾ ਫੈਸਲਾ ਸ਼ਲਾਘਾਯੋਗ : ਧੰਜੂ ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ 10 ਹਜ਼ਾਰ ਰੁਪਏ ਮਾਣਭੱਤਾ ਦੇਣ ਦਾ ਫੈਸਲਾ ਸ਼ਲਾਘਾਯੋਗ : ਚੇਅਰਮੈਨ ਧੰਜੂ
Publish Date: Mon, 29 Jun 2026 08:38 PM (IST)
Updated Date: Mon, 29 Jun 2026 08:40 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ 10 ਹਜ਼ਾਰ ਰੁਪਏ ਮਾਣਭੱਤਾ ਦੇਣ ਦਾ ਜੋ ਐਲਾਨ ਕੀਤਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਇਸ ਸਬੰਧੀ ਹਲਕਾ ਸੁਲਤਾਨਪੁਰ ਲੋਧੀ ਤੋਂ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਲਾਭ ਸਿੰਘ ਧੰਜੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀ ਵਾਰ ਭਗਵੰਤ ਮਾਨ ਸਰਕਾਰ ਨੇ ਸਰਪੰਚਾਂ ਨੂੰ 10 ਹਜ਼ਾਰ ਰੁਪਏ ਦਾ ਮਾਣਭੱਤਾ ਦੇਣ ਦਾ ਐਲਾਨ ਕੀਤਾ ਹੈ, ਇਹ ਇਕ ਸ਼ਲਾਘਾਯੋਗ ਕਦਮ ਹੈ। ਵਾਈਸ ਚੇਅਰਮੈਨ ਧੰਜੂ ਵੱਲੋਂ ਜਿਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਸਮੁੱਚੀ ਕੈਬਨਿਟ ਦਾ ਵੀ ਧੰਨਵਾਦ ਕੀਤਾ ਤੇ ਉਨ੍ਹਾਂ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਰਪੰਚਾਂ ਦੇ ਮਾਣਭੱਤੇ ਵਿਚ ਪੰਜ ਗੁਣਾ ਵਾਧਾ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਪਹਿਲਾਂ ਕਾਂਗਰਸੀ ਤੇ ਅਕਾਲੀ ਸਰਕਾਰਾਂ ਵੱਲੋਂ ਸਰਪੰਚਾਂ ਨੂੰ ਮਾਣਭੱਤਾ ਦੇ ਕੇ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਸੀ। ਚੇਅਰਮੈਨ ਧੰਜੂ ਨੇ ਕਿਹਾ ਕਿ ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਤੇ ਹੋਰ ਪੰਚਾਇਤੀ ਕੰਮਾਂ ਲਈ ਆਉਣ-ਜਾਣ ਕਰਕੇ ਵੱਡੇ ਪੱਧਰ ਉੱਤੇ ਖਰਚਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਕਿਸੇ ਵੀ ਸਰਕਾਰ ਨੇ ਕਦੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਮਾਣਭੱਤਾ ਵਧਣ ਨਾਲ ਸਰਪੰਚਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਸਰਪੰਚਾਂ ਨੇ ਇਸ ਸ਼ਲਾਘਾਯੋਗ ਕਦਮ ਲਈ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ। ਵਾਈਸ ਚੇਅਰਮੈਨ ਲਾਭ ਸਿੰਘ ਧੰਜੂ ਨੇ ਕਿਹਾ ਕਿ ਇਕ ਹੋਰ ਇਤਿਹਾਸਕ ਫੈਸਲੇ ਦੌਰਾਨ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪੰਜ-ਪੰਜ ਲੱਖ ਰੁਪਏ ਦਿੱਤੇ ਗਏ ਸਨ ਜੋ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਵਾਅਦੇ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਗਏ ਸਨ, ਉਨ੍ਹਾਂ ਨੂੰ ਇੰਨ-ਬਿਨ ਲਾਗੂ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਪੰਚ ਜਸਪਾਲ ਸਿੰਘ ਫੱਤੋਵਾਲ, ਸਰਪੰਚ ਗੁਰਦੇਵ ਸਿੰਘ ਮਹੀਜੀਤਪੁਰ ਆਦਿ ਵੀ ਹਾਜ਼ਰ ਸਨ।