ਮਿਡ ਡੇ ਮੀਲ ਵਰਕਰਾਂ ਦੀਆਂ ਮੰਗਾਂ ਤੁਰੰਤ ਮੰਨੇ ਸਰਕਾਰ : ਸੈਦਪੁਰ ਮਿਡ ਡੇ ਮੀਲ ਵਰਕਰਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨੇ ਪੰਜਾਬ ਸਰਕਾਰ
Publish Date: Tue, 30 Jun 2026 08:33 PM (IST)
Updated Date: Tue, 30 Jun 2026 08:34 PM (IST)
ਮਿਡ ਡੇ ਮੀਲ ਬੰਦ ਹੋਣ ਤੋਂ ਪਹਿਲਾਂ ਮਸਲੇ ਦਾ ਹੱਲ ਕਰੇ ਸਰਕਾਰ ਯੂਨੀਅਨ ਨੇ ਡੀਸੀ ਕਪੂਰਥਲਾ ਅਕਾਸ਼ ਬਾਂਸਲ ਨੂੰ ਸੌਂਪਿਆ ਮੰਗ ਪੱਤਰ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਿਡ ਡੇ ਮੀਲ ਵਰਕਰ ਯੂਨੀਅਨ ਪੰਜਾਬ ਤੇ ਜ਼ਿਲ੍ਹਾ ਪ੍ਰਧਾਨ ਮਮਤਾ ਸੈਦਪੁਰ ਨੇ ਆਪਣੇ ਸਾਥੀ ਵਰਕਰਾਂ ਨਾਲ ਯੂਨੀਅਨ ਦੀਆਂ ਮੰਗਾਂ ਸਬੰਧੀ ਡੀਸੀ ਕਪੂਰਥਲਾ ਅਕਾਸ਼ ਬਾਂਸਲ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਦੇ ਹੋਏ ਮਮਤਾ ਸੈਦਪੁਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿਡ ਡੇ ਮੀਲ ਵਰਕਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਿਡ ਡੇ ਮੀਲ ਵਰਕਰ ਯੂਨੀਅਨ ਵੱਲੋਂ 1 ਜੁਲਾਈ 2026 ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮਿਡ ਡੇ ਮੀਲ ਦਾ ਕੰਮ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜੇਕਰ ਸਰਕਾਰ ਨੇ ਸਮੇਂ ਸਿਰ ਗੱਲਬਾਤ ਕਰਕੇ ਮਸਲੇ ਦਾ ਹੱਲ ਨਾ ਕੀਤਾ ਤਾਂ ਇਸ ਦਾ ਸਿੱਧਾ ਅਸਰ ਲੱਖਾਂ ਸਕੂਲੀ ਬੱਚਿਆਂ ਤੇ ਪਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਮਿਡ ਡੇ ਮੀਲ ਕੁੱਕ ਵਰਕਰ ਯੂਨੀਅਨ ਪੰਜਾਬ ਆਗੂ ਮਮਤਾ ਸੈਦਪੁਰ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਰਾਹੀਂ ਔਰਤਾਂ ਦੇ ਸਨਮਾਨ ਤੇ ਸਸ਼ਕਤੀਕਰਨ ਦੀ ਗੱਲ ਕਰ ਰਹੀ ਹੈ, ਪਰ ਦੂਜੇ ਪਾਸੇ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਘੱਟ ਮਾਣ-ਭੱਤੇ ਤੇ ਸੇਵਾ ਨਿਭਾਅ ਰਹੀਆਂ ਹਜ਼ਾਰਾਂ ਮਿਡ ਡੇ ਮੀਲ ਵਰਕਰ ਔਰਤਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੌਰਾਨ ਮਿਡ ਡੇ ਮੀਲ ਵਰਕਰਾਂ ਦੇ ਮਾਣ-ਭੱਤੇ ਵਿਚ ਇਕ ਰੁਪਏ ਦਾ ਵੀ ਵਾਧਾ ਨਹੀਂ ਕੀਤਾ ਗਿਆ, ਜੋ ਕਿ ਇਨ੍ਹਾਂ ਮਹਿਲਾ ਵਰਕਰਾਂ ਨਾਲ ਸਰਾਸਰ ਬੇਇਨਸਾਫ਼ੀ ਹੈ। ਯੂਨੀਅਨ ਨੇ ਮੰਗ ਕੀਤੀ ਕਿ ਮਿਡ ਡੇ ਮੀਲ ਵਰਕਰਾਂ ਨੂੰ ਪੰਜਾਬ ਸਰਕਾਰ ਵੱਲੋਂ ਅਣ-ਸਕਿੱਲਡ ਕਾਮਿਆਂ ਲਈ ਨਿਰਧਾਰਤ 26,000 ਰੁਪਏ ਪ੍ਰਤੀ ਮਹੀਨਾ ਘੱਟੋ-ਘੱਟ ਉਜਰਤ ਦਿੱਤੀ ਜਾਵੇ। ਇਸ ਦੇ ਨਾਲ ਹੀ ਮਾਣਭੱਤੇ ਵਿਚ ਵਾਧਾ, ਸਾਲਾਨਾ ਇਨਕਰੀਮੈਂਟ, ਸਮੇਂ ਸਿਰ ਮਾਣ-ਭੱਤੇ ਦੀ ਅਦਾਇਗੀ, ਵਰਦੀਆਂ, ਈਐੱਸਆਈ, ਪੀਐੱਫ, ਮੈਡੀਕਲ ਸਹੂਲਤਾਂ, ਪ੍ਰਸੂਤੀ ਛੁੱਟੀਆਂ, ਦੁਰਘਟਨਾ ਬੀਮਾ, ਸੇਵਾ ਸੁਰੱਖਿਆ, ਰਿਟਾਇਰਮੈਂਟ ਲਾਭ ਤੇ ਹੋਰ ਸਮਾਜਿਕ ਸੁਰੱਖਿਆ ਨਾਲ ਸਬੰਧਤ ਸਾਰੀਆਂ ਸਹੂਲਤਾਂ ਤੁਰੰਤ ਦਿੱਤੀਆਂ ਜਾਣ। ਯੂਨੀਅਨ ਦੇ ਆਗੂ ਚੇਅਰਮੈਨ ਬਲਦੇਵ ਸਿੰਘ ਨੇ ਕਿਹਾ ਕਿ ਮਿਡ ਡੇ ਮੀਲ ਵਰਕਰ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੀ ਅਹਿਮ ਜ਼ਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਦੀਆਂ ਜਾਇਜ਼ ਮੰਗਾਂ ਦਾ ਪੰਜਾਬ ਸਰਕਾਰ ਤੁਰੰਤ ਗੱਲਬਾਤ ਕਰਕੇ ਹੱਲ ਕਰੇ, ਤਾਂ ਜੋ 1 ਜੁਲਾਈ ਤੋਂ ਮਿਡ ਡੇ ਮੀਲ ਸੇਵਾ ਬੰਦ ਹੋਣ ਦੀ ਨੌਬਤ ਨਾ ਆਵੇ ਤੇ ਲੱਖਾਂ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।