ਪੀਐੱਸਪੀਸੀਐੱਲ ਵੱਲੋਂ ਬੁਨਿਆਦੀ ਢਾਂਚੇ ਦੇ ਅਪਗ੍ਰੇਡੇਸ਼ਨ ਦਾ ਕੰਮ ਸ਼ੁਰੂ
ਜ਼ਿਲ੍ਹੇ‘ਚ ਪੀਐੱਸਪੀਸੀਐੱਲ ਵੱਲੋਂ ਬਿਜਲੀ ਬੁਨਿਆਦੀ ਢਾਂਚੇ ਦੇ ਅੱਪਗ੍ਰੇਡੇਸ਼ਨ ਅਤੇ ਸੁੰਦਰੀਕਰਨ ਦਾ ਕੰਮ ਸ਼ੁਰੂ
Publish Date: Tue, 23 Jun 2026 07:02 PM (IST)
Updated Date: Tue, 23 Jun 2026 07:04 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਬਿਜਲੀ ਨੈੱਟਵਰਕ ਨੂੰ ਮਜ਼ਬੂਤ ਕਰਨ, ਜਨਤਕ ਸੁਰੱਖਿਆ ਵਿਚ ਸੁਧਾਰ ਲਿਆਉਣ ਤੇ ਸ਼ਹਿਰੀ ਦਿੱਖ ਨੂੰ ਵਧੀਆ ਬਣਾਉਣ ਦੇ ਮਕਸਦ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਜ਼ਿਲ੍ਹੇ ਭਰ ਵਿਚ ਬਿਜਲੀ ਬੁਨਿਆਦੀ ਢਾਂਚੇ ਦੇ ਸੁਧਾਰ ਤੇ ਸੁੰਦਰੀਕਰਨ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਇਹ ਸੁੰਦਰੀਕਰਨ ਸਕੀਮ ਤੇ ਅਰਬਨ ਲੋਕਲ ਬਾਡੀਜ਼ ਪ੍ਰੋਗਰਾਮ ਅਧੀਨ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਵਿਚ ਨੀਵੀਆਂ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੀ ਉਚਾਈ ਵਧਾਉਣਾ, ਖ਼ਰਾਬ ਹੋਏ ਖੰਭਿਆਂ ਤੇ ਮੀਟਰਾਂ ਨੂੰ ਬਦਲਣਾ, ਨਵੇਂ ਟਰਾਂਸਫਾਰਮਰ ਲਗਾਉਣਾ ਤੇ ਵੰਡ ਪ੍ਰਣਾਲੀ ਨੂੰ ਅਪਗ੍ਰੇਡ ਕਰਨਾ ਸ਼ਾਮਲ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਸੁੰਦਰੀਕਰਨ ਸਕੀਮ ਤਹਿਤ ਕੰਮ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਪੁਰਾਣੇ ਤੇ ਅਸੁਰੱਖਿਅਤ ਖੰਭਿਆਂ ਨੂੰ ਬਦਲਣਾ, ਨਵੇਂ ਖੰਭੇ ਲਗਾਉਣਾ, ਪੁਰਾਣੇ ਮੀਟਰ ਬਕਸੇ ਬਦਲਣੇ, ਨਵੀਆਂ ਬਿਜਲੀ ਦੀਆਂ ਕੇਬਲਾਂ ਵਿਛਾਉਣਾ ਤੇ ਟ੍ਰੈਫਿਕ ਦੀ ਆਵਾਜਾਈ ਵਿਚ ਰੁਕਾਵਟ ਬਣਨ ਵਾਲੇ ਖੰਭਿਆਂ ਨੂੰ ਦੂਜੀ ਥਾਂ ਤਬਦੀਲ ਕਰਨ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਨਾ ਸਿਰਫ਼ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਿਚ ਸੁਧਾਰ ਹੋਵੇਗਾ, ਸਗੋਂ ਲਟਕਦੀਆਂ ਤਾਰਾਂ ਤੇ ਖ਼ਰਾਬ ਖੰਭਿਆਂ ਨੂੰ ਹਟਾ ਕੇ ਸ਼ਹਿਰ ਦੇ ਸੁੰਦਰੀਕਰਨ ਵਿਚ ਵੀ ਮਹੱਤਵਪੂਰਨ ਯੋਗਦਾਨ ਪਵੇਗਾ। ਉਨਾਂ ਦੱਸਿਆ ਕਿ ਇਸੇ ਤਰ੍ਹਾਂ ਯੂਐੱਲਬੀ ਸਕੀਮ ਅਧੀਨ ਬੇਗੋਵਾਲ, ਭੁਲੱਥ, ਨਡਾਲਾ, ਸੁਲਤਾਨਪੁਰ ਲੋਧੀ ਤੇ ਢਿੱਲਵਾਂ ਵਿਚ ਵੀ ਬੁਨਿਆਦੀ ਢਾਂਚੇ ਦੇ ਕੰਮ ਸ਼ੁਰੂ ਹੋ ਚੁੱਕੇ ਹਨ। ਕਪੂਰਥਲਾ ਜ਼ਿਲ੍ਹੇ ਵਿਚ ਕੁੱਲ 52 ਨਵੇਂ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ 47 ਟਰਾਂਸਫਾਰਮਰ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ। ਇਸੇ ਤਰ੍ਹਾਂ ਭੁਲੱਥ ਤੇ ਬੇਗੋਵਾਲ ਵਿਚ 7, ਨਡਾਲਾ ਵਿਚ 4, ਸੁਲਤਾਨਪੁਰ ਲੋਧੀ ਵਿਚ 5 ਤੇ ਢਿੱਲਵਾਂ ਕਸਬੇ ਵਿਚ 4 ਟਰਾਂਸਫਾਰਮਰ ਸ਼ਾਮਲ ਹਨ। ਇਸ ਤੋਂ ਇਲਾਵਾ 41 ਮੌਜੂਦਾ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਈ ਜਾ ਚੁੱਕੀ ਹੈ ਤੇ ਕੰਡਕਟਰਾਂ ਸਮੇਤ ਹੋਰ ਵੰਡ ਉਪਕਰਨਾਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਿਉਂਸਪਲ ਕਾਰਪੋਰੇਸ਼ਨ ਨੇ ਕਪੂਰਥਲਾ ਸ਼ਹਿਰ ਵਿਚ ਰਿਹਾਇਸ਼ੀ ਮਕਾਨਾਂ ਉੱਪਰੋਂ ਲੰਘਦੀਆਂ ਬਿਜਲੀ ਲਾਈਨਾਂ ਨੂੰ ਬਦਲਣ ਲਈ ਪੀਐੱਸਪੀਸੀਐੱਲ ਕੋਲ ਲੋੜੀਂਦੇ ਫੰਡ ਜਮ੍ਹਾਂ ਕਰਵਾ ਦਿੱਤੇ ਹਨ ਤੇ ਇਹ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦੀ ਸਹਾਇਤਾ ਲਈ ਲੋਕ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ਤੇ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਡਿਪਟੀ ਚੀਫ਼ ਇੰਜੀਨੀਅਰ ਡਾ. ਸੁਰਿੰਦਰ ਪਾਲ ਸੋਂਧੀ ਨੇ ਅਪੀਲ ਕੀਤੀ ਕਿ ਖ਼ਰਾਬ ਖੰਭਿਆਂ, ਲਟਕਦੀਆਂ ਤਾਰਾਂ ਤੇ ਅਸੁਰੱਖਿਅਤ ਮੀਟਰ ਬਕਸਿਆਂ ਬਾਰੇ ਜਾਣਕਾਰੀ ਦੇਣ ਲਈ ਖਪਤਕਾਰ 9646116005, 9646116017, 9646116018 ਜਾਂ 9646119674 ਤੇ ਸੰਪਰਕ ਕਰ ਸਕਦੇ ਹਨ ਜਾਂ se-ds-kapurthala@pspcl.in ਤੇ sedskapurthala@yahoo.in ਤੇ ਈਮੇਲ ਕਰ ਸਕਦੇ ਹਨ।