ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 26ਵੀਂ ਵਰ੍ਹੇਗੰਢ ਦੀਆਂ ਤਿਆਰੀਆਂ ਸ਼ੁਰੂ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 26ਵੀਂ ਵਰ੍ਹੇਗੰਢ ਦੀਆਂ ਤਿਆਰੀਆਂ ਸ਼ੁਰੂ
Publish Date: Sun, 05 Jul 2026 09:02 PM (IST)
Updated Date: Sun, 05 Jul 2026 09:02 PM (IST)
ਸੰਤ ਸੀਚੇਵਾਲ ਨੇ ਸੇਵਾਦਾਰਾਂ ਨਾਲ ਕੀਤੀ ਮੀਟਿੰਗ 12 ਜੁਲਾਈ ਨੂੰ ਵਾਤਾਵਰਣ ਕਾਨਫਰੰਸ, 16 ਜੁਲਾਈ ਨੂੰ ਹੋਵੇਗਾ ਮੁੱਖ ਸਮਾਗਮ ਸੰਤ ਸੀਚੇਵਾਲ ਨੇ ਸਮੂਹ ਸੰਗਤਾਂ ਨੂੰ ਵੇਈਂ ਦੀ ਸੇਵਾ ਤੇ ਸਮਾਗਮਾਂ ’ਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਦਿੱਤਾ ਸੱਦਾ ਕੁਲਬੀਰ ਮਿੰਟੂ/ਪਰਮਜੀਤ ਸਿੰਘ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ, ਡਡਵਿੰਡੀ : ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 26ਵੀਂ ਵਰ੍ਹੇਗੰਢ 12 ਜੁਲਾਈ ਤੋਂ 16 ਜੁਲਾਈ ਤੱਕ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੇਵਾਦਾਰਾਂ ਨਾਲ ਮੀਟਿੰਗ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸੰਗਤਾਂ ਨੂੰ ਵੱਧ-ਚੜ੍ਹ ਕੇ ਸੇਵਾ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਸੰਤ ਸੀਚੇਵਾਲ ਨੇ ਕਿਹਾ ਕਿ ਪਵਿੱਤਰ ਕਾਲੀ ਵੇਈਂ ਦੀ ਪੁਨਰ-ਸੁਰਜੀਤੀ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਇੱਕ ਮਿਸਾਲ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਲੀ ਵੇਈਂ ਦੀ ਕਾਰ ਸੇਵਾ ਨੇ ਸਾਬਤ ਕੀਤਾ ਹੈ ਕਿ ਜੇਕਰ ਸਮਾਜ ਮਿਲ ਕੇ ਕੰਮ ਕਰੇ ਤਾਂ ਪਲੀਤ ਹੋ ਚੁੱਕੇ ਦਰਿਆ ਅਤੇ ਜਲ ਸਰੋਤ ਨੂੰ ਦੁਬਾਰਾ ਸਾਫ਼ ਤੇ ਜੀਵੰਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 12 ਜੁਲਾਈ ਨੂੰ ਵਾਤਾਵਰਣ ਸੰਭਾਲ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਵਿਸ਼ੇ ’ਤੇ ਇੱਕ ਵਿਸ਼ਾਲ ਕਾਨਫਰੰਸ ਕਰਵਾਈ ਜਾਵੇਗੀ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਾਤਾਵਰਣ ਮਾਹਿਰ, ਵਿਦਵਾਨ, ਸਮਾਜ ਸੇਵੀ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਆਪਣੇ ਵਿਚਾਰ ਸਾਂਝੇ ਕਰਨਗੀਆਂ। 16 ਜੁਲਾਈ ਨੂੰ ਮੁੱਖ ਸਮਾਗਮ ਹੋਵੇਗਾ। ਜ਼ਿਕਰਯੋਗ ਹੈ ਕਿ ਸੰਗਤਾਂ ਤੇ ਸੇਵਾਦਾਰਾਂ ਵੱਲੋਂ ਪਵਿੱਤਰ ਕਾਲੀ ਵੇਈਂ ਦੇ ਕਿਨਾਰਿਆਂ ਦੀ ਸਫ਼ਾਈ, ਸੁੰਦਰਤਾ ਅਤੇ ਹੋਰ ਪ੍ਰਬੰਧਾਂ ਦਾ ਕੰਮ ਨਿਰੰਤਰ ਚੱਲ ਰਿਹਾ ਹੈ। ਹਰ ਰੋਜ਼ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਆਪਣਾ ਕੀਮਤੀ ਸਮਾਂ ਕੱਢ ਕੇ ਕਾਰ ਸੇਵਾ ਵਿੱਚ ਹਿੱਸਾ ਲੈ ਰਹੀਆਂ ਹਨ। ਸੰਤ ਸੀਚੇਵਾਲ ਨੇ ਪੰਜਾਬ ਭਰ ਦੀਆਂ ਸੰਗਤਾਂ, ਨੌਜਵਾਨਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸੁਲਤਾਨਪੁਰ ਲੋਧੀ ਪਹੁੰਚ ਕੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਵਿੱਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਫ਼ਾਈ ਮੁਹਿੰਮ ਨਹੀਂ, ਸਗੋਂ ਗੁਰੂ ਸਾਹਿਬ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਸ ਇਤਿਹਾਸਕ ਧਰਤੀ ਅਤੇ ਕੁਦਰਤ ਦੀ ਸੇਵਾ ਦਾ ਮਹਾਨ ਮੌਕਾ ਹੈ। 165 ਕਿਲੋਮੀਟਰ ਲੰਮੀ ਪਵਿੱਤਰ ਕਾਲੀ ਵੇਈਂ ਹੁਸ਼ਿਆਰਪੁਰ ਦੇ ਮੁਕੇਰੀਆਂ ਖੇਤਰ ਤੋਂ ਨਿਕਲ ਕੇ ਕਪੂਰਥਲਾ ਜ਼ਿਲ੍ਹੇ ਵਿੱਚੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਪਹੁੰਚਦੀ ਹੈ ਅਤੇ ਅੱਗੇ ਜਾ ਕੇ ਬਿਆਸ ਦਰਿਆ ਵਿੱਚ ਮਿਲ ਜਾਂਦੀ ਹੈ। ਮੀਟਿੰਗ ਵਿੱਚ ਸੁਰਜੀਤ ਸਿੰਘ ਸੀਚੇਵਾਲ, ਸਤਨਾਮ ਸਿੰਘ, ਸੁਖਜੀਤ ਸਿੰਘ, ਕਿੰਦਰ ਸਿੰਘ, ਕੁਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਜਸਵੰਤ ਸਿੰਘ, ਅਜੀਤ ਸਿੰਘ, ਬਲਵੀਰ ਸ਼ਰੇਪੁਰੀ, ਬਲਵਿੰਦਰ ਸਿੰਘ ਸਰੂਪਵਾਲ, ਗੁਰਦੇਵ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਸ਼ਮਿੰਦਰ ਸਿੰਘ, ਸਰਪੰਚ ਬੂਟਾ ਸਿੰਘ, ਸਰਪੰਚ ਬਲਵਿੰਦਰ ਸਿੰਘ ਸਮੇਤ ਸ਼ੇਰਪੁਰ ਸੱਧਾ, ਸਰਾਏ ਜੱਟਾ, ਸੀਚੇਵਾਲ ਤੇ ਹੋਰ ਪਿੰਡਾਂ ਦੀਆਂ ਸੰਗਤਾਂ ਹਾਜ਼ਰ ਸਨ।