ਪਾਵਰਕਾਮ ਪੈਨਸ਼ਨਰਜ਼ ਵੱਲੋਂ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਪਾਵਰਕਾਮ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ
Publish Date: Mon, 06 Jul 2026 07:42 PM (IST)
Updated Date: Tue, 07 Jul 2026 04:03 AM (IST)
ਅੱਜ ਤੇ 11 ਜੁਲਾਈ ਨੂੰ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਮੂਹਰੇ ਭੰਨੇ ਜਾਣਗੇ ਘੜੇ : ਸ਼ਰਮਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਤੋਂ ਅੱਕ ਕੇ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਡਵੀਜ਼ਨ ਸ਼ਹਿਰੀ ਮੰਡਲ ਕਪੂਰਥਲਾ ਨੇ ਹੁਣ ਸੜਕਾ ਤੇ ਉਤਰਨ ਦਾ ਐਲਾਨ ਕਰ ਦਿੱਤਾ ਹੈ। ਜਥੇਬੰਦੀ ਦੀ ਇੱਕ ਅਹਿਮ ਵਰਕਿੰਗ ਮੀਟਿੰਗ ਪ੍ਰਧਾਨ ਚਰਨਜੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਚ ਸਰਕਾਰ ਖਿਲਾਫ ਤਿੱਖਾ ਸੰਘਰਸ਼ ਉਲੀਕਣ ਦਾ ਫੈਸਲਾ ਲਿਆ ਗਿਆ। ਮੀਟਿੰਗ ਤੋਂ ਬਾਅਦ ਜਾਰੀ ਪ੍ਰੈਸ ਬਿਆਨ ਚ ਜਥੇਬੰਦੀ ਦੇ ਸਕੱਤਰ ਬਲਦੇਵ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੈਨਸ਼ਨਰ ਅਤੇ ਮੁਲਾਜ਼ਮ ਆਪਣੀਆਂ ਜਾਇਜ਼ ਮੰਗਾਂ ਲਈ ਸਰਕਾਰ ਦੇ ਦਰਵਾਜ਼ੇ ਖੜਕਾ ਰਹੇ ਹਨ, ਪਰ ਸਰਕਾਰ ਵੱਲੋਂ ਕਿਸੇ ਦੀ ਵੀ ਨਹੀਂ ਸੁਣੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਆਪਣਾ ਮਾਨਸਿਕ ਸੰਤੁਲਨ ਗਵਾ ਲਿਆ ਹੈ ਅਤੇ ਸਿਰਫ ਚੁਕਵਿਆਂ ਨਾਲ ਲੋਕਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੈਨਸ਼ਨਰ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੋਟਾਂ ਦੇ ਨਜ਼ਦੀਕ 1000 ਰੁਪਏ ਵਾਲੀ ਅੰਧੀ-ਅਪੰਗ ਸਕੀਮ ਦਾ ਐਲਾਨ ਕਰਕੇ ਵਾਹ-ਵਾਹ ਲੁੱਟਣਾ ਚਾਹੁੰਦੀ ਹੈ, ਪਰ ਦੂਜੇ ਪਾਸੇ ਮਜ਼ਦੂਰਾਂ ਅਤੇ ਗਰੀਬਾਂ ਦੇ ਲਾਭਪਾਤਰੀਆਂ ਵਾਲੇ ਪੈਸੇ ਰੋਕ ਦਿੱਤੇ ਗਏ ਹਨ। ਪੁਰਾਣੀ ਪੈਨਸ਼ਨ ਸਕੀਮ ਨੂੰ ਖਤਮ ਕਰਕੇ ਜੀ ਰਾਮ ਜੀ ਵਰਗੀ ਨਵੀਂ ਸਕੀਮ ਲਾਗੂ ਕਰ ਦਿੱਤੀ ਗਈ ਹੈ, ਜਿਸ ਨਾਲ ਮੁਲਾਜ਼ਮਾਂ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਲੈਂਡ ਪੂਲਿੰਗ ਨੀਤੀ ਲਿਆਂਦੀ ਜਾ ਰਹੀ ਹੈ। ਨੌਜਵਾਨ ਰੋਜ਼ਗਾਰ ਮੰਗ ਰਹੇ ਹਨ ਅਤੇ ਕੱਚੇ ਮੁਲਾਜ਼ਮ ਪੱਕੇ ਹੋਣ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ ਨੂੰ ਗੁਮਰਾਹਕੁੰਨ ਤਨਖਾਹਾਂ ਦੇ ਕੇ ਟਾਲ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਸਮਾਜ ਦੇ ਵੱਖ-ਵੱਖ ਵਰਗਾਂ ਚ ਫੁੱਟ ਪਾਉਣ ਦਾ ਕੰਮ ਕਰ ਰਹੀ ਹੈ। ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਮੀਟਿੰਗ ’ਚ ਸਰਕਾਰ ਅੱਗੇ ਕਈ ਮੰਗਾਂ ਰੱਖੀਆਂ ਗਈਆਂ। ਆਗੂਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 18 ਫੀਸਦੀ ਬਕਾਇਆ ਡੀ.ਏ. ਤੁਰੰਤ ਜਾਰੀ ਕੀਤਾ ਜਾਵੇ। ਪੈਨਸ਼ਨ ਦੇ ਹਿਸਾਬ ਦਾ 2.59 ਦਾ ਫਾਰਮੂਲਾ ਸਾਰਿਆਂ ਤੇ ਇੱਕਸਾਰ ਲਾਗੂ ਕੀਤਾ ਜਾਵੇ। ਬੰਦ ਕੀਤੀ ਗਈ ਮੈਡੀਕਲ ਕਲੇਮਜ਼ ਸਕੀਮ ਨੂੰ ਤੁਰੰਤ ਬਹਾਲ ਕੀਤਾ ਜਾਵੇ। ਇਸ ਤੋਂ ਇਲਾਵਾ ਸਾਰੇ ਕੱਚੇ, ਠੇਕਾ ਆਧਾਰਿਤ ਅਤੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਰਾਬਰ ਤਨਖਾਹ ਦਿੱਤੀ ਜਾਵੇ। ਮਜ਼ਦੂਰਾਂ, ਕਿਸਾਨਾਂ ਅਤੇ ਹਰ ਤਬਕੇ ਦੇ ਬੱਚਿਆਂ ਨੂੰ ਪੱਕਾ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ। ਪਾਵਰਕਾਮ ਅਤੇ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਬਿਜਲੀ ਬਿੱਲਾਂ ਚ ਰਿਆਇਤ ਦਿੱਤੀ ਜਾਵੇ। ਪੈਨਸ਼ਨਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 10 ਦਿਨਾਂ ਚ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੂਬਾ ਪੱਧਰ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਤਹਿਤ ਤਿੰਨ ਪੜਾਵਾਂ ਚ ਅੰਦੋਲਨ ਕੀਤਾ ਜਾਵੇਗਾ। 7 ਜੁਲਾਈ ਤੋਂ 11 ਜੁਲਾਈ ਤੱਕ ਜੱਥੇਬੰਦੀ ਵੱਲੋਂ ਵੱਖ ਵੱਖ ਥਾਂਵਾ ਤੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿੱਚ ਕੈਬਨਿਟ ਮੰਤਰੀ ਦੇ ਘਰ ਅੱਗੇ ਜ਼ੋਰਦਾਰ ਘੜਾ ਭੰਨ ਮੁਜ਼ਾਹਰਾ ਹੋਵੇਗਾ 17 ਜੁਲਾਈ ਨੂੰ ਮੋਹਾਲੀ ਵਿਖੇ ਚੰਡੀਗੜ੍ਹ ਵੱਲ ਸੂਬਾ ਪੱਧਰੀ ਵਿਸ਼ਾਲ ਰੋਸ ਮਾਰਚ ਅਤੇ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਨਾ ਜਾਗੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਪਾਵਰਕਾਮ ਦੇ ਕੰਮਕਾਜ ਨੂੰ ਠੱਪ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਪ੍ਰਧਾਨ ਚਰਨਜੀਤ ਸ਼ਰਮਾ ,ਸਕੱਤਰ ਬਲਦੇਵ ਸਿੰਘ ,ਪ੍ਰਤਾਪ ਸਿੰਘ ਮੋਮੀ ,ਗੁਰਦੀਪ ਸਿੰਘ ਨੱਢਾ ,ਜਸਵੰਤ ਸਿੰਘ ਨੱਢਾ ,ਹਰਜੀਤ ਸਿੰਘ ਜੇ ਈ , ਦਿਆਲ ਸਿੰਘ ਦੀਪੇਵਾਲ, ਮੁਖਤਿਆਰ ਸਿੰਘ ਖਿੰਡਾ ,ਸ਼ਿਵਚਰਨ ਸਿੰਘ ,ਬਲਵਿੰਦਰ ਸਿੰਘ ,ਬਲਵੀਰ ਸਿੰਘ ,ਕੇਹਰ ਸਿੰਘ ,ਇੰਦਰਜੀਤ ਬਾਤਿਸ਼ ,ਰਾਮ ਜੇ ਈ ,ਸਰੂਪ ਸਿੰਘ ਲਾਈਨਮੈਨ ਸਮੇਤ ਵੱਡੀ ਗਿਣਤੀ ਚ ਪੈਨਸ਼ਨਰ ਆਗੂ ਸ਼ਾਮਲ ਹੋਏ। ਸਾਰਿਆਂ ਨੇ ਇੱਕਜੁੱਟ ਹੋ ਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਅਤੇ ਮੰਗਾਂ ਮਨਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ। ਪੈਨਸ਼ਨਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਸਾਰੀ ਉਮਰ ਸਰਕਾਰ ਦੀ ਸੇਵਾ ਕੀਤੀ ਹੈ, ਪਰ ਹੁਣ ਬੁਢਾਪੇ ਚ ਉਨ੍ਹਾਂ ਨੂੰ ਭਿੱਖ ਮੰਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।