ਪਾਵਰ ਕੱਟਾਂ ਨੇ ਖੋਲ੍ਹੀ ਸਰਕਾਰ ਦੀ ਪੋਲ ਅੱਤ ਦੀ ਗਰਮੀ ਵਿੱਚ ਲੱਗ ਰਹੇ ਪਾਵਰ ਕੱਟਾਂ ਨੇ ਖੋਲੀ ਸਰਕਾਰ ਦੀ ਨਿਰਵਿਘਨ ਬਿਜਲੀ ਦੇਣ ਦੀ ਪੋਲ
Publish Date: Tue, 30 Jun 2026 08:25 PM (IST)
Updated Date: Tue, 30 Jun 2026 08:28 PM (IST)
ਬਿਜਲੀ ਦੀ ਦਿਨੋਂ-ਦਿਨ ਵਧ ਰਹੀ ਮੰਗ ਦੁਕਾਨਦਾਰਾਂ ਦਾ ਕੰਮਕਾਜ ਵੀ ਹੋ ਰਿਹਾ ਪ੍ਰਭਾਵਿਤ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਪੰਜਾਬ ਰਾਜ ਪਾਵਰਕਾਮ ਵੱਲੋਂ ਪਿਛਲੇ ਦਿਨਾਂ ਤੋਂ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਘੰਟਿਆਂਬੱਧੀ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਸੂਬੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਲੋਕਾਂ ਵਿਚ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਿਜਲੀ ਦੀ ਕਟੌਤੀ ਕਾਰਨ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਦਾ ਕੰਮਕਾਜ ਵੀ ਨਾਂਹ ਦੇ ਬਰਾਬਰ ਹੋ ਚੁਕਿਆ ਹੈ। ਇਨ੍ਹਾਂ ਲੱਗ ਰਹੇ ਪਾਵਰ ਕੱਟਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਟੇਜਾਂ ਤੋਂ ਲੋਕਾਂ ਨੂੰ ਨਿਰਵਿਘਨ ਬਿਜਲੀ ਦੇਣ ਦੇ ਦਾਅਵਿਆਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸੂਬੇ ਵਿਚ ਪੈ ਰਹੀ ਹੁੰਮਸ ਭਰੀ ਗਰਮੀ ਵਿਚ ਬਿਜਲੀ ਨਾ ਹੋਣ ਕਾਰਨ ਜਿਥੇ ਬੱਚਿਆਂ ਤੇ ਬਜ਼ੁਰਗਾ ਦਾ ਹਾਲ ਬੇਹਾਲ ਹੈ, ਉੱਥੇ ਹੀ ਕਿਸਾਨਾਂ ਵਿਚ ਵੀ ਭਾਰੀ ਰੋਸ ਹੈ। ਇਸੇ ਦੇ ਚਲਦਿਆਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਚਿੱਪ ਵਾਲੇ ਮੀਟਰਾਂ ਦੇ ਬਿਲ ਵੱਧ ਆਉਣ ’ਤੇ ਸਰਕਾਰ ਦੇ ਵਾਅਦੇ ਤੇ ਕਿਸਾਨਾਂ ਦੀ ਜ਼ਰੂਰਤ ਅਨੁਸਾਰ 8 ਘੰਟੇ ਮੋਟਰਾਂ ਵਾਲ਼ੀ ਬਿਜਲੀ ਨਾ ਆਉਣ ਕਾਰਨ ਪੂਰੇ ਪੰਜਾਬ ਦੇ ਐਕਸੀਅਨਾਂ ਦੇ ਦਫ਼ਤਰਾਂ ਸਾਹਮਣੇ ਰੋਸ ਧਰਨੇ ਦੇਣ ਦਾ ਪ੍ਰੋਗਰਾਮ ਤਹਿਤ ਰੋਸ ਪ੍ਰਦਰਸ਼ਨ ਕੀਤਾ ਗਿਆ। ਸੂਬੇ ਵਿਚ ਬਿਜਲੀ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਵਿਚ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਅਸਫ਼ਲ ਸਾਬਤ ਹੁੰਦਾ ਵਿਖਾਈ ਦੇ ਰਿਹਾ ਹੈ ਜਦਕਿ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਨੂੰ ਹਰ ਸਾਲ ਗਰਮੀਆਂ ਦੇ ਮੌਸਮ ਵਿਚ ਪਤਾ ਵੀ ਹੁੰਦਾ ਹੈ ਕਿ ਬਿਜਲੀ ਦੀ ਮੰਗ ਪਹਿਲਾਂ ਦੇ ਮੁਕਾਬਲੇ ਵੱਧ ਹੋਵੇਗੀ ਪਰ ਇਸ ਦੇ ਬਾਵਜੂਦ ਵੀ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ ਜਾਂਦੇ। ਇਸ ਵਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਸੂਬੇ ਵਿਚ ਬਿਜਲੀ ਦੀ ਸਿਖਰਲੀ ਮੰਗ 17 ਹਜ਼ਾਰ ਮੈਗਾਵਾਟ ਤੋਂ ਟੱਪ ਚੁੱਕੀ ਹੈ। ਵੱਧ ਤਾਪਮਾਨ ਤੇ ਜ਼ਿਆਦਾ ਲੋਡ ਕਾਰਨ ਟਰਾਂਸਫਾਰਮਰਾਂ ਵਿਚ ਧੂਆਂ ਨਿਕਲਣਾ, ਤਾਰਾਂ ਟੁੱਟਣ ਤੇ ਹੋਰ ਤਕਨੀਕੀ ਖਰਾਬੀਆਂ ਦੀਆਂ ਵਿਭਾਗ ਨੂੰ ਮਿਲ ਰਹੀਆਂ ਸ਼ਿਕਾਇਤਾਂ ਦੀ ਵੀ ਭਰਮਾਰ ਹੈ ਤੇ ਬਿਜਲੀ ਵਿਭਾਗ ਨੂੰ ਮੁਲਾਜ਼ਮਾਂ ਦੀ ਘਾਟ ਕਾਰਨ ਸ਼ਿਕਾਇਤਾਂ ਦੇ ਸਮੇਂ ਸਿਰ ਨਿਪਟਾਰੇ ਵਿਚ ਵੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਇਸ ਸਥਿਤੀ ਨਾਲ ਨਜਿੱਠਣ ਵਿਚ ਕਾਮਯਾਬ ਹੁੰਦੇ ਹਨ ਜਾਂ ਲੋਕਾਂ ਨੂੰ ਇਸੇ ਤਰ੍ਹਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਛੱਡ ਦਿੱਤਾ ਜਾਵੇਗਾ।