ਚੋਰੀ ਦੇ 6 ਮੋਟਰਸਾਈਕਲਾਂ ਸਮੇਤ 2 ਗ੍ਰਿਫਤਾਰ
ਪੁਲਿਸ ਵਲੋਂ ਚੋਰੀ ਦੇ 6 ਮੋਟਰਸਾਇਕਲਾਂ ਸਮੇਤ 2 ਵਿਅਕਤੀ ਗ੍ਰਿਫਤਾਰ
Publish Date: Sat, 13 Jun 2026 08:36 PM (IST)
Updated Date: Sat, 13 Jun 2026 08:39 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਹੱਥ ਉਸ ਵਕਤ ਵੱਡੀ ਸਫਲਤਾ ਲੱਗੀ ਜਦ 2 ਵਿਅਕਤੀਆਂ ਨੂੰ ਚੋਰੀ ਕੀਤੇ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧੀਰੇਂਦਰ ਵਰਮਾ ਆਈਪੀਐੱਸ ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਵਿਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਚੋਰੀ ਦੇ 6 ਮੋਟਰਸਾਈਕਲਾਂ ਸਮੇਤ 2 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਏਐੱਸਆਈ ਜੋਗਿੰਦਰ ਸਿੰਘ ਥਾਣਾ ਸੁਲਤਾਨਪੁਰ ਲੋਧੀ ਨੂੰ ਸੂਚਨਾ ਮਿਲੀ ਕਿ ਦਲਬੀਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਵਾਟਾਂਵਾਲੀ ਥਾਣਾ ਕਬੀਰਪੁਰ ਜ਼ਿਲ੍ਹਾ ਕਪੂਰਥਲਾ ਜੋ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਮੱਥਾ ਟੇਕਨ ਵਾਸਤੇ ਆਇਆ ਸੀ, ਨੇ ਆਪਣਾ ਮੋਟਰਸਾਈਕਲ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਖੜ੍ਹਾ ਕੀਤਾ ਸੀ। ਜਦੋਂ ਉਹ ਮੱਥਾ ਟੇਕ ਕੇ ਬਾਹਰ ਆਇਆ ਤਾਂ ਦੇਖਿਆ ਕਿ ਉਸਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆ ਏਐੱਸਆਈ ਜੋਗਿੰਦਰ ਸਿੰਘ ਥਾਣਾ ਸੁਲਤਾਨਪੁਰ ਲੋਧੀ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪੁੱਜੇ ਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਪਰਮਿੰਦਰਜੀਤ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਅਬਾਦਾਨ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਕਾਬੂ ਕਰਕੇ ਮੋਟਰਸਾਈਕਲ ਬਰਾਮਦ ਕਰਕੇ ਮਕੱਦਮਾ 137 ਮਿਤੀ 10-06-2026 ਅ/ਧ 303(2), 317 (2) ਬੀਐੱਨਐੱਸ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲ਼ਾ ਦਰਜ ਰਜਿਸਟਰ ਕੀਤਾ ਗਿਆ। ਐੱਸਐੱਚਓ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਪਰਮਿੰਦਰਜੀਤ ਕੁਮਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਦੌਰਾਨੇ ਪੁਲਿਸ ਰਿਮਾਂਡ ਇਸ ਮੁਕੱਦਮਾ ਵਿਚ ਜੀਤਾ ਉਰਫ ਬਾਬਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਨਵਾਂ ਪਿੰਡ ਭੱਠੇ ਥਾਣਾ ਕੋਤਵਾਲੀ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ 2 ਮੋਟਰਸਾਈਕਲ ਬਰਾਮਦ ਕੀਤੇ ਤੇ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਜਿਊਣਾ ਪੁੱਤਰ ਗੁਰਨਾਮ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦੇ ਘਰੋਂ 1 ਮੋਟਰਸਾਈਕਲ ਪਲਟੀਨਾ ਬਰਾਮਦ ਕੀਤਾ ਗਿਆ। ਜਿਊਣਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਮਿਤੀ 13/06/2026 ਨੂੰ ਦੋਸ਼ੀ ਪਰਮਿੰਦਰਜੀਤ ਕੁਮਾਰ ਪਾਸੋਂ 1 ਬੁਲਟ ਮੋਟਰਸਾਈਕਲ ਤੇ 1 ਸਪਲੈਂਡਰ ਮੋਟਰਸਾਈਕਲ ਬਿਨਾ ਨੰਬਰੀ ਬਰਾਮਦ ਕੀਤਾ ਗਿਆ। ਦੋਸ਼ੀਆਂ ਪਾਸੋਂ ਹੁਣ ਤੱਕ ਕੱਲ 6 ਮੋਟਰਸਾਈਕਲ ਬਰਾਮਦ ਕੀਤੇ ਜਾ ਚੁੱਕੇ ਹਨ। ਹੁਣ ਤੱਕ ਇਨ੍ਹਾਂ ਪਾਸੋਂ 4 ਸਪਲੈਂਡਰ ਮੋਟਰਸਾਈਕਲ, 1 ਬੁਲਟ ਮੋਟਰਸਾਈਕਲ, 1 ਪਲਟੀਨਾ ਮੋਟਰਸਾਈਕਲ ਸਮੇਤ ਕੁਲ 6 ਮੋਟਰਸਾਇਕਲ ਬਰਾਮਦ ਕੀਤੇ ਗਏ।