ਫਗਵਾੜਾ ਵਾਸੀ ਹਮੇਸ਼ਾ ਸੋਚ-ਸਮਝ ਕੇ ਵੋਟ ਪਾਉਂਦੇ ਨੇ : ਠਾਕੁਰ
ਫਗਵਾੜਾ ਵਾਸੀ ਹਮੇਸ਼ਾ ਸੂਝ-ਬੂਝ ਨਾਲ ਕਰਦੇ ਹਨ ਆਪਣੀ ਵੋਟ ਦਾ ਇਸਤੇਮਾਲ,ਬਲਵਿੰਦਰ ਠਾਕੁਰ
Publish Date: Sun, 14 Jun 2026 09:17 PM (IST)
Updated Date: Sun, 14 Jun 2026 09:21 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੀਨੀਅਰ ਭਾਜਪਾ ਆਗੂ ਆਸ਼ੂ ਸਾਂਪਲਾ ਤੇ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਫਗਵਾੜਾ ਦੇ ਲੋਕ ਹਮੇਸ਼ਾ ਹੀ ਸੂਝ-ਬੂਝ ਤੇ ਵਿਕਾਸ ਦੇ ਮੁੱਦਿਆਂ ਨੂੰ ਧਿਆਨ ਵਿਚ ਰੱਖ ਕੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਆਏ ਹਨ, ਜਿਸਦੀ ਉਦਾਹਰਨ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ 2022 ਵਿਧਾਨ ਸਭਾ ਚੋਣਾਂ ਵਿਚ ਦਿਖ ਵੀ ਚੁੱਕੀ ਹੈ। ਜਦੋਂ ਪੂਰੇ ਪੰਜਾਬ ਅੰਦਰ ਆਪ ਦੀ ਹਨੇਰੀ ਚਲ ਰਹੀ ਸੀ ਉਸ ਸਮੇਂ ਵੀ ਫਗਵਾੜਾ ਵਿਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂਹ ਦੇਖਣਾ ਪਿਆ ਸੀ। ਉਨ੍ਹਾਂ ਕਿਹਾ ਕਿ ਫਗਵਾੜਾ ਦੀ ਜਾਗਰੂਕ ਜਨਤਾ ਸਿਰਫ਼ ਵਾਅਦਿਆਂ ਨਹੀਂ, ਸਗੋਂ ਕੀਤੇ ਗਏ ਕੰਮਾਂ ਦੇ ਆਧਾਰ ਤੇ ਆਪਣਾ ਫੈਸਲਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਨਵ-ਨਿਯੁਕਤ ਕੀਤੇ ਗਏ ਹਲਕਾ ਇੰਚਾਰਜ ਲਈ ਫਗਵਾੜਾ ਵਿਚ ਚੋਣ ਜਿੱਤਣਾ ਬਿਲਕੁਲ ਵੀ ਸੌਖਾ ਨਹੀਂ ਹੋਵੇਗਾ, ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਆਪ ਸਰਕਾਰ ਫਗਵਾੜਾ ਦੇ ਵਿਕਾਸ ਲਈ ਕੋਈ ਵੱਡੀ ਉਪਲਬਧੀ ਨਹੀਂ ਗਿਣਵਾ ਸਕੀ। ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਤੇ ਵਿਕਾਸ ਕਾਰਜਾਂ ਦੀ ਉਡੀਕ ਕਰ ਰਹੇ ਹਨ। ਆਸ਼ੂ ਸਾਂਪਲਾ ਤੇ ਬਲਵਿੰਦਰ ਠਾਕੁਰ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਸਮੇਂ ਸ਼ਹਿਰ ਦੇ ਮੁਹੱਲਿਆਂ, ਪਿੰਡਾਂ ਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਛੋਟੀਆਂ ਤੋਂ ਛੋਟੀਆਂ ਸੜਕਾਂ ਵੀ ਮਜ਼ਬੂਤ ਤੇ ਪੱਕੀਆਂ ਹੁੰਦੀਆਂ ਸਨ। ਉਸ ਸਮੇਂ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਆਪ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਫਗਵਾੜਾ ਦੇ ਹਾਲਾਤ ਬਦ ਤੋਂ ਬਦਤਰ ਹੋਏ ਹਨ। ਟੁੱਟੀਆਂ ਸੜਕਾਂ, ਵਿਕਾਸ ਪ੍ਰੋਜੈਕਟਾਂ ਦੀ ਧੀਮੀ ਰਫ਼ਤਾਰ ਤੇ ਲੋਕਾਂ ਦੀਆਂ ਅਣਸੁਣੀਆਂ ਸਮੱਸਿਆਵਾਂ ਕਾਰਨ ਜਨਤਾ ਵਿਚ ਨਿਰਾਸ਼ਾ ਦਾ ਮਾਹੌਲ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਫਗਵਾੜਾ ਦੇ ਲੋਕ ਆਉਣ ਵਾਲੇ ਸਮੇਂ ਵਿਚ ਵਿਕਾਸ ਤੇ ਸੁਸ਼ਾਸਨ ਦੇ ਆਧਾਰ ਤੇ ਆਪਣਾ ਫੈਸਲਾ ਸੁਣਾਉਣਗੇ ਤੇ ਇਕ ਵਾਰ ਫਿਰ ਭਾਜਪਾ ਨੂੰ ਮਜ਼ਬੂਤ ਸਮਰਥਨ ਦੇਣਗੇ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਆਉਣ ਵਾਲੀਆਂ ਚੋਣਾਂ ਵਿਚ ਫਗਵਾੜਾ ਅੰਦਰ ਮੁੜ ਤੋਂ ਭਾਜਪਾ ਦਾ ਝੰਡਾ ਲਹਿਰਾਏਗਾ ਤੇ ਵਿਕਾਸ ਦੀ ਨਵੀਂ ਲਹਿਰ ਸ਼ੁਰੂ ਹੋਵੇਗੀ। 2027 ਵਿਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਕੇਂਦਰ ਦੀਆਂ ਸਕੀਮਾਂ ਦਾ ਸਿੱਧਾ ਲਾਭ ਆਮ ਲੋਕਾ ਤੱਕ ਪਹੁਚੇਗਾ।